ਸ਼ਹੀਦੀ ਸਭਾਵਾਂ ''ਤੇ ਸਿਆਸੀ ਪ੍ਰਦਰਸ਼ਨ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ

12/09/2018 2:47:11 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ)—ਪੋਹ ਦੀ ਸੰਗਰਾਂਦ ਤੋਂ 28 ਦਸੰਬਰ ਤੱਕ ਦਾ  ਸਮਾਂ ਸਿੱਖ ਇਤਿਹਾਸ 'ਚ ਜਿੱਥੇ ਅਹਿਮ ਮੁਕਾਮ ਰੱਖਦਾ ਹੈ, ਉੱਥੇ ਸਮੁੱਚੀ ਮਾਨਵਤਾ ਇਸ ਦੀ ਪੀੜ ਆਪਣੇ ਜ਼ਿਹਨ 'ਚ ਹੰਢਾਉਦੀ ਹੈ। ਇਸ ਦਾ ਪਿਛੋਕੜ ਇਤਿਹਾਸ ਦੇ ਉਸ ਪੱਖ ਨਾਲ ਜੁੜਦਾ ਹੈ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਹਕੂਮਤ ਤੇ ਬਾਈਧਾਰ ਦੇ ਪਹਾੜੀ ਰਾਜਿਆਂ ਦੇ ਕਹਿਣ 'ਤੇ ਕਿਲਾ ਅਨੰਦਗੜ੍ਹ (ਸ੍ਰੀ ਅਨੰਦਪੁਰ ਸਾਹਿਬ) ਛੱਡ ਦਿੱਤਾ। ਸਰਸਾ ਕਿਨਾਰੇ ਗੁਰੂ ਜੀ ਦਾ ਪਰਿਵਾਰ ਵਿਛੋੜਾ ਪਿਆ। ਸ੍ਰੀ ਚਮਕੌਰ ਸਾਹਿਬ ਦੀ ਭਿਆਨਕ ਜੰਗ 'ਚ 2 ਵੱਡੇ ਸਾਹਿਬਜ਼ਾਦੇ ਤੇ ਅਨੇਕਾਂ ਸਿੰਘ ਸ਼ਹੀਦ ਹੋ ਗਏ। ਗੁਰੂ ਜੀ ਮਾਛੀਵਾੜੇ ਦੇ ਜੰਗਲਾਂ 'ਚੋਂ ਉੱਚ ਦਾ ਪੀਰ ਬਣ ਕੇ ਮੁਗਲਾਂ ਦੇ ਘੇਰੇ 'ਚੋਂ ਮਹਿਫੂਜ਼ ਨਿਕਲੇ। ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਜੀ ਦੀ ਸ਼ਹਾਦਤ ਸਰਹਿੰਦ ਦੀ ਧਰਤੀ 'ਤੇ ਦੁਖਦਾਇਕ ਢੰਗ ਨਾਲ ਹੋਈ। ਇਹ 16 ਤੋਂ 28 ਦਸੰਬਰ ਤੱਕ ਦਾ ਅਰਸਾ  ਸਮੁੱਚਾ ਸਿੱਖ ਜਗਤ ਸੋਗਗ੍ਰਸਤ ਰੂਪ 'ਚ ਮਨਾਉਂਦਾ ਹੈ। ਸ੍ਰੀ ਫਤਿਹਗੜ੍ਹ ਸਾਹਿਬ, ਚਮਕੌਰ ਸਾਹਿਬ, ਗੁ. ਸ੍ਰੀ ਭੱਠਾ ਸਾਹਿਬ (ਰੂਪਨਗਰ), ਗੁ. ਚਰਨ ਕੰਵਲ ਸਾਹਿਬ ਮਾਛੀਵਾੜਾ ਅਤੇ ਗੁ. ਪਰਿਵਾਰ ਵਿਛੋੜਾ ਸਾਹਿਬ ਵਿਖੇ ਭਾਰੀ ਜੋੜ ਮੇਲ ਜੁੜਦੇ ਹਨ। ਪਰ ਕਰੀਬ ਤਿੰਨ ਦਹਾਕਿਆਂ ਤੋਂ ਇਨ੍ਹਾਂ ਸੋਗਮਈ ਸ਼ਹੀਦੀ ਸਭਾਵਾਂ ਦਾ ਮੁਹਾਂਦਰਾ ਤੇ ਮੌਲਿਕ ਸਿਧਾਂਤ ਰਾਜਸੀ ਧਿਰਾਂ ਵਲੋਂ ਵਿਗਾੜ ਦਿੱਤਾ ਹੈ। ਸਿਆਸੀ ਧਿਰਾਂ ਮੇਲੇ 'ਚ ਜੁੜੀਆਂ ਸੰਗਤਾਂ ਨਾਲ ਭਾਵਨਾਤਮਿਕ ਰੂਪ 'ਚ ਖਿਲਵਾੜ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਹਨ।  ਗੈਰ-ਸਿਧਾਂਤਕ ਬਿਆਨਬਾਜ਼ੀ ਤੇ ਵਧੇਰੇ ਇਕੱਠ ਜੋੜਨ ਦੀ ਲਾਲਸਾ ਨਾਲ ਲੱਚਰ ਗਾਇਕੀ ਨੂੰ ਵੀ ਰਾਜਸੀ ਸਟੇਜਾਂ 'ਤੇ ਪ੍ਰਫੁੱਲਤ ਕੀਤਾ ਜਾਂਦਾ ਹੈ। ਇਥੋਂ ਤੱਕ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਗੁ. ਸ੍ਰੀ ਫਤਿਹਗੜ੍ਹ ਸਾਹਿਬ ਦੇ ਸਾਹਮਣੇ ਸਥਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ 'ਤੇ ਵੀ ਸਿਆਸੀ ਨਫਰਤ ਦਾ ਬੀਜ ਬੀਜਣ 'ਚ ਕੋਈ ਕਸਰ ਨਹੀਂ ਛੱਡੀ ਜਾਂਦੀ।


Shyna

Content Editor

Related News