ਪੁਲਸ ਵੱਲੋਂ 980 ਪੇਟੀਆਂ ਸ਼ਰਾਬ ਦੀਆਂ ਬਰਾਮਦ

03/26/2019 3:52:00 PM

ਹੁਸ਼ਿਆਰਪੁਰ (ਅਮਰਿੰਦਰ,ਘੁੰਮਣ)— ਹੁਸ਼ਿਆਰਪੁਰ ਦੀ ਸਿਟੀ ਪੁਲਸ ਅਤੇ ਆਬਕਾਰੀ ਵਿਭਾਗ ਦੇ ਜੁਆਇੰਟ ਆਪਰੇਸ਼ਨ ਤਹਿਤ ਪੁਲਸ ਵੱਲੋਂ 980 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਇਕ ਟਰੱਕ ਨੂੰ ਕਾਬੂ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਟੇਟ ਟੈਕਸ ਮੋਬਾਇਲ ਵਿੰਗ-2 ਹੁਸ਼ਿਆਰਪੁਰ ਦੀ ਅਸਿਸਟੈਂਟ ਕਮਿਸ਼ਨਰ ਰਣਧੀਰ ਕੌਰ ਨੂੰ ਬੀਤੇ ਦਿਨੀਂ ਮਿਲੀ ਗੁਪਤ ਸੂਚਨਾ ਤੋਂ ਬਾਅਦ ਈ. ਟੀ. ਓ. ਹਰਮੀਤ ਸਿੰਘ, ਵਿਨੋਦ ਤੱਖੀ ਤੇ ਯੁਗਰਾਜ ਸਿੰਘ ਅਤੇ ਇੰਸਪੈਕਟਰ ਠਾਕੁਰ ਬ੍ਰਿਜ ਮੋਹਣ ਸਿੰਘ, ਉਂਕਾਰ ਨਾਥ ਅਤੇ ਪਰਮਜੀਤ ਸਿੰਘ 'ਤੇ ਆਧਾਰਿਤ ਗਠਿਤ ਟੀਮ ਨੇ ਬੀਤੀ ਰਾਤ ਹੁਸ਼ਿਆਰਪੁਰ-ਫਗਵਾੜਾ ਬਾਈਪਾਸ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਰਾਤ ਕਰੀਬ 11.15 ਵਜੇ ਉਥੋਂ ਲੰਘ ਰਹੇ ਇਕ ਟਾਟਾ ਐੱਲ. ਪੀ. ਨੂੰ ਜਦੋਂ ਉਕਤ ਟੀਮ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਚਕਮਾ ਦੇ ਕੇ ਭੱਜਣ ਵਿਚ ਸਫਲ ਹੋ ਗਿਆ। ਅਧਿਕਾਰੀਆਂ ਦੀ ਟੀਮ ਵੱਲੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ 'ਚ ਲੁਕੋਈਆਂ ਹੋਈਆਂ ਅੰਗਰੇਜ਼ੀ ਸ਼ਰਾਬ ਦੀਆਂ 980 ਪੇਟੀਆਂ (88.20 ਐੱਮ. ਐੱਲ.) ਬਰਾਮਦ ਹੋਈਆਂ।
ਚੋਣਾਂ ਤੋਂ ਪਹਿਲਾਂ ਹੋ ਰਹੀ ਐ ਸ਼ਰਾਬ ਦੀ ਡੰਪਿੰਗ
ਰਾਇਲ ਸੀਕਰੇਟ ਬ੍ਰਾਂਡ ਦੀ ਇਹ ਅੰਗਰੇਜ਼ੀ ਸ਼ਰਾਬ ਤਰਨਤਾਰਨ ਦੇ ਪਿੰਡ ਲੌਖਾ ਸਥਿਤ ਰਾਣਾ ਸ਼ੂਗਰਜ਼ ਦੀ ਡਿਸਟਿਲਰੀ ਡਵੀਜ਼ਨ ਨਾਲ ਸਬੰਧਤ ਹੈ। ਸ਼ਰਾਬ ਦੀ ਬੋਤਲ 'ਤੇ ਲਿਖਿਆ ਹੈ ਕਿ ਇਸ ਨੂੰ ਸਿਰਫ ਅਰੁਣਾਚਲ ਪ੍ਰਦੇਸ਼ 'ਚ ਹੀ ਸੇਲ ਕੀਤਾ ਜਾ ਸਕਦਾ ਹੈ। ਸ਼ੱਕ ਕੀਤਾ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸ਼ਰਾਬ ਅਰੁਣਾਚਲ ਪ੍ਰਦੇਸ਼ ਭੇਜਣ ਦੀ ਬਜਾਏ ਨਾਜਾਇਜ਼ ਤੌਰ 'ਤੇ ਹੁਸ਼ਿਆਰਪੁਰ ਲਿਆਂਦੀ ਜਾ ਰਹੀ ਸੀ ਤਾਂ ਜੋ ਚੋਣਾਂ ਵਿਚ ਵੋਟਰਾਂ ਨੂੰ ਲੁਭਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ। ਸੂਤਰ ਦੱਸਦੇ ਹਨ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰਾਜਨੀਤਿਕ ਆਗੂਆਂ ਦੇ ਇਸ਼ਾਰੇ 'ਤੇ ਸ਼ਰਾਬ ਸਮੱਗਲ ਕਰਕੇ ਲਿਆਂਦੀ ਜਾ ਰਹੀ ਹੈ ਤਾਂ ਜੋ ਸੁਰੱਖਿਅਤ ਥਾਵਾਂ 'ਤੇ ਇਸ ਦੀ ਡੰਪਿੰਗ ਕਰਕੇ ਚੋਣਾਂ 'ਚ ਵਰਤੋਂ ਕੀਤੀ ਜਾ ਸਕੇ।
ਬਖਸ਼ੇ ਨਹੀਂ ਜਾਣਗੇ ਸ਼ਰਾਬ ਸਮੱਗਲਰ
ਸਟੇਟ ਟੈਕਸ ਦੀ ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਰਣਧੀਰ ਕੌਰ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਮੋਬਾਇਲ ਵਿੰਗ ਪੂਰੀ ਚੌਕਸੀ ਵਰਤ ਰਿਹਾ ਹੈ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਕਿਸੇ ਵੀ ਵਿਅਕਤੀ ਨੂੰ ਸ਼ਰਾਬ ਦੀ ਸਮੱਗਲਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਪਹਿਲਾਂ ਹੀ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀ ਸ਼ਰਾਬ ਅਗਲੀ ਕਾਰਵਾਈ ਲਈ ਜ਼ਿਲਾ ਪੁਲਸ ਦੇ ਹਵਾਲੇ ਕਰ ਦਿੱਤੀ ਗਈ ਹੈ। ਟਰੱਕ ਚਾਲਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ। ਫਿਲਹਾਲ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਕਤ ਸ਼ਰਾਬ ਕਿੱਥੇ ਅਨਲੋਡ ਕੀਤੀ ਜਾਣੀ ਸੀ।


shivani attri

Content Editor

Related News