ਤੇਜ਼ਧਾਰ ਹਥਿਆਰਾਂ ਨਾਲ ਹਮਲੇ ਸਬੰਧੀ ਪੁਲਸ ਵੱਲੋਂ ਕਰਾਸ ਕੇਸ ਦਰਜ

07/23/2019 4:33:07 AM

ਟਾਂਡਾ ਉਡ਼ਮੁਡ਼, (ਪੰਡਿਤ, ਮੋਮੀ)- ਅਹੀਆਪੁਰ ਦੇ ਸਰਕਾਰੀ ਸੈਕੰਡਰੀ ਸਕੂਲ ਨਜ਼ਦੀਕ 20 ਅਪ੍ਰੈਲ ਨੂੰ ਹੋਏ ਝਗਡ਼ੇ ਸਬੰਧੀ ਟਾਂਡਾ ਪੁਲਸ ਵੱਲੋਂ ਦਰਜ ਕੀਤੇ ਗਏ ਮਾਮਲੇ ਤੋਂ ਬਾਅਦ ਹੁਣ ਦੂਜੀ ਧਿਰ ਦੇ ਬਿਆਨਾਂ ਦੇ ਆਧਾਰ ’ਤੇ ਕਰਾਸ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਕੇਸ ਕੁੱਟ-ਮਾਰ ਦਾ ਸ਼ਿਕਾਰ ਹੋਏ ਨੌਜਵਾਨ ਅਮਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨਿਵਾਸੀ ਵਾਰਡ 9 ਮੁਹੱਲਾ ਸੈਣੀਆਂ ਉਡ਼ਮੁਡ਼ ਦੇ ਬਿਆਨ ਦੇ ਆਧਾਰ ’ਤੇ ਅਨਮੋਲ ਪਾਸੀ, ਉਸ ਦੇ ਪਿਤਾ ਸੁਰੇਸ਼ ਕੁਮਾਰ ਨਿਵਾਸੀ ਉਡ਼ਮੁਡ਼, ਗੁਰਪ੍ਰੀਤ ਸਿੰਘ ਗੋਪੀ ਨਿਵਾਸੀ ਸੱਲ੍ਹਾਂ, ਕਰਨ ਨਿਵਾਸੀ ਸ਼ਹਿਬਾਜ਼ਪੁਰ, ਸੌਰਵ ਸਹੋਤਾ ਅਤੇ ਮਨੂ ਗਡ਼੍ਹੀ ਮੁਹੱਲਾ ਖਿਲਾਫ਼ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨ ਵਿਚ ਅਮਨਦੀਪ ਸਿੰਘ ਨੇ ਦੱਸਿਆ ਕਿ 20 ਅਪ੍ਰੈਲ ਦੀ ਦੁਪਹਿਰ ਨੂੰ ਉਹ ਆਪਣੇ ਸਾਥੀ ਸੰਦੀਪ ਸੈਣੀ ਨਾਲ ਮੋਟਰਸਾਈਕਲ ’ਤੇ ਗੁਰਦੁਆਰਾ ਪੁਲਪੁਖਤਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਜਦੋਂ ਉਹ ਅਹੀਆਪੁਰ ਸਕੂਲ ਨਜ਼ਦੀਕ ਪਹੁੰਚੇ ਤਾਂ ਉਕਤ ਮੁਲਜ਼ਮਾਂ ਨੇ ਉਨ੍ਹਾਂ ਨੂੰ ਜਬਰੀ ਰੋਕ ਕੇ ਕਿਰਪਾਨ ਅਤੇ ਦਾਤਰ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਸੰਦੀਪ ਸੈਣੀ ਨਾਲ ਵੀ ਕੁੱਟ-ਮਾਰ ਕੀਤੀ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਪੁਲਸ ਨੇ ਹੁਣ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਸ ਝਗਡ਼ੇ ਸਬੰਧੀ 1 ਜੂਨ ਨੂੰ ਕੇਸ ਦਰਜ ਕੀਤਾ ਗਿਆ ਸੀ ਅਤੇ ਹੁਣ ਦੂਜੀ ਧਿਰ ਦੇ ਬਿਆਨ ਦੇ ਆਧਾਰ ’ਤੇ ਕਰਾਸ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Bharat Thapa

Content Editor

Related News