ਸਤਲੁਜ ਦਰਿਆ ਦੇ ਕੰਢਿਓਂ ਮਿਲੀ ਔਰਤ ਦੀ ਗਲੀ-ਸੜੀ ਲਾਸ਼

07/15/2019 4:50:00 PM

ਨੂਰਪੁਰਬੇਦੀ (ਭੰਡਾਰੀ)— ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਚੌਕੀ ਹਰੀਪੁਰ ਦੀ ਪੁਲਸ ਨੂੰ ਨਜ਼ਦੀਕੀ ਪਿੰਡ ਮਾਧੋਪੁਰ ਦੇ ਲਾਗਿਓਂ ਗੁਜ਼ਰਦੇ ਸਤਲੁਜ ਦਰਿਆ ਦੇ ਕੰਢੇ ਪਾਣੀ 'ਚ ਤੈਰਦੀ ਹੋਈ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਰਾਜੀਵ ਚੌਧਰੀ ਅਤੇ ਚੌਕੀ ਇੰਚਾਰਜ ਹਰੀਪੁਰ ਏ. ਐੱਸ. ਆਈ. ਬਲਵੀਰ ਕੁਮਾਰ ਤੁਰੰਤ ਮੌਕੇ 'ਤੇ ਪਹੁੰਚੇ।

ਥਾਣਾ ਮੁਖੀ ਚੌਧਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਮਾਧੋਪੁਰ ਦੇ ਵਿਅਕਤੀ ਸੁਖਦੇਵ ਸਿੰਘ ਪੁੱਤਰ ਭਗਤ ਰਾਮ ਨੇ ਇਤਲਾਹ ਦਿੱਤੀ ਸੀ ਕਿ ਉਨ੍ਹਾਂ ਦੇ ਪਿੰਡ ਲਾਗਿਓਂ ਗੁਜ਼ਰਦੇ ਸਤਲੁਜ ਦਰਿਆ 'ਚ ਪਿੱਛੋਂ ਤੈਰਦੀ ਹੋਈ ਆਈ ਇਕ ਅਣਪਛਾਤੀ ਔਰਤ ਦੀ ਲਾਸ਼ ਦਰਿਆ ਦੇ ਕੰਢੇ 'ਤੇ ਝਾੜੀਆਂ 'ਚ ਫਸੀ ਹੋਈ ਹੈ। ਉਕਤ ਔਰਤ (30) ਜਿਸ ਦੀ ਪਛਾਣ ਨਹੀਂ ਹੋ ਸਕੀ ਹੈ ਦੀ ਲਾਸ਼ ਗਲ-ਸੜ ਚੁੱਕੀ ਹੈ ਅਤੇ ਜਿਸ ਦਾ ਕੱਦ ਕਰੀਬ 5 ਫੁੱਟ ਹੈ। ਉਨ੍ਹਾਂ ਦੱਸਿਆ ਕਿ ਸ਼ਨਾਖਤ ਲਈ ਔਰਤ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੋਰਚਰੀ 'ਚ ਰੱਖਿਆ ਗਿਆ ਹੈ। ਥਾਣਾ ਮੁਖੀ ਨੇ ਕਿਹਾ ਕਿ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਲੱਗਦਾ ਹੈ ਪਰ ਪਛਾਣ ਹੋਣ ਉਪਰੰਤ ਜਾਂਚ ਅਮਲ 'ਚ ਲਿਆਂਦੀ ਜਾਵੇਗੀ।


Related News