ਜਲੰਧਰ ਵਿਖੇ ਬੜਿੰਗ ਦੀ ਨਾਜਾਇਜ਼ ਕਾਲੋਨੀ ’ਚ ਜਾਅਲੀ NOC ਮਾਮਲੇ ਦੀ ਪੁਲਸ ਜਾਂਚ ਸ਼ੁਰੂ

Friday, Sep 13, 2024 - 03:56 PM (IST)

ਜਲੰਧਰ (ਖੁਰਾਣਾ)–ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਤਹਿਤ ਪਿੰਡ ਬੜਿੰਗ ਵਿਚ ਜੰਞਘਰ ਨੇੜੇ ਫਿਰਨੀ ’ਤੇ ਕੱਟੀ ਗਈ ਨਾਜਾਇਜ਼ ਕਾਲੋਨੀ ਦੇ ਕੁਝ ਪਲਾਟਾਂ ਦੀ ਜਾਅਲੀ ਐੱਨ. ਓ. ਸੀ. ਪਾਏ ਜਾਣ ਸਬੰਧੀ ਮਾਮਲੇ ਦੀ ਜਾਂਚ ਨਗਰ ਨਿਗਮ ਕਮਿਸ਼ਨਰ ਨੇ ਪੁਲਸ ਨੂੰ ਰੈਫਰ ਕਰ ਦਿੱਤੀ ਸੀ, ਜਿਸ ਦੇ ਆਧਾਰ ’ਤੇ ਜਲੰਧਰ ਪੁਲਸ ਦੇ ਏ. ਸੀ. ਪੀ. (ਸਪੈਸ਼ਲ ਬ੍ਰਾਂਚ ਐਂਡ ਕ੍ਰਿਮੀਨਲ ਇੰਟੈਲੀਜੈਂਸ) ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਂਚ ਦੇ ਪਹਿਲੇ ਪੜਾਅ ਵਿਚ ਏ. ਸੀ. ਪੀ. ਨੇ ਜਲੰਧਰ ਨਿਗਮ ਦੇ ਅਧਿਕਾਰੀਆਂ ਨੂੰ ਚਿੱਠੀ ਲਿਖ ਕੇ ਜਾਅਲੀ ਐੱਨ. ਓ. ਸੀ. ਸਬੰਧੀ ਕੁਝ ਦਸਤਾਵੇਜ਼ ਅਤੇ ਸਪੱਸ਼ਟੀਕਰਨ ਮੰਗੇ ਹਨ, ਜਿਨ੍ਹਾਂ ਦਾ ਜਵਾਬ ਨਿਗਮ ਨੇ ਪੁਲਸ ਅਧਿਕਾਰੀਆਂ ਨੂੰ ਭੇਜ ਦਿੱਤਾ ਹੈ। ਏ. ਸੀ. ਪੀ. ਨੇ ਨਿਗਮ ਨੂੰ ਉਕਤ ਕਾਲੋਨੀ ਵਿਚ ਪਾਸ ਹੋਏ ਨਕਸ਼ਿਆਂ ਸਬੰਧੀ ਤੱਥ ਭੇਜਣ ਨੂੰ ਕਿਹਾ ਸੀ, ਜਿਸ ਦੇ ਆਧਾਰ ’ਤੇ ਨਿਗਮ ਅਧਿਕਾਰੀਆਂ ਨੇ ਪੁਲਸ ਅਧਿਕਾਰੀਆਂ ਨੂੰ ਦੱਸਿਆ ਕਿ ਉਕਤ ਨਕਸ਼ਿਆਂ ਸਬੰਧੀ ਦਸਤਾਵੇਜ਼ ਈ-ਨਕਸ਼ਾ ਪੋਰਟਲ ਜ਼ਰੀਏ ਆਨਲਾਈਨ ਅਪਲਾਈ ਕੀਤੇ ਗਏ, ਜਿਸ ਦੌਰਾਨ ਜਾਅਲੀ ਐੱਨ. ਓ. ਸੀ. ਲਾਈ ਗਈ ਪਰ ਬਿਲਡਿੰਗ ਬਾਇਲਾਜ਼ ਦੇ ਮੁਤਾਬਕ ਜਾਂਚ ਤੋਂ ਬਾਅਦ ਇਨ੍ਹਾਂ ਨਕਸ਼ਿਆਂ ਨੂੰ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਾਸ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ- ਚੰਡੀਗੜ੍ਹ ਬਲਾਸਟ ਮਾਮਲੇ 'ਤੇ ਅੱਤਵਾਦੀ ਗੁਰਪਤਵੰਤ ਪੰਨੂੰ ਦੀ CM ਮਾਨ ਤੇ ਪੰਜਾਬ ਪੁਲਸ ਨੂੰ ਧਮਕੀ

ਏ. ਸੀ. ਪੀ. ਨੇ ਨਿਗਮ ਅਧਿਕਾਰੀਆਂ ਤੋਂ ਪੁੱਛਿਆ ਕਿ ਕਿਸ ਆਧਾਰ ’ਤੇ ਐੱਨ. ਓ. ਸੀ. ਨੂੰ ਜਾਅਲੀ ਦੱਸਿਆ ਜਾ ਰਿਹਾ ਹੈ। ਇਸ ਸਬੰਧ ਵਿਚ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਾਊਨ ਪਲਾਨਿੰਗ ਵਿਭਾਗ ਦੇ ਈ-ਨਕਸ਼ਾ ਪੋਰਟਲ ਦੀ ਇਕ ਹੈਲਪ ਡੈਸਕ ਬਣੀ ਹੋਈ ਹੈ, ਜਿਸ ਨੂੰ 2 ਅਗਸਤ ਨੂੰ ਇਕ ਈਮੇਲ ਭੇਜ ਕੇ 3 ਐੱਨ. ਓ. ਸੀ. ਬਾਰੇ ਜਾਣਕਾਰੀ ਜੁਟਾਈ ਗਈ ਸੀ। ਹੈਲਪ ਡੈਸਕ ਦੇ ਜਵਾਬ ਦੇ ਮੁਤਾਬਕ ਉਨ੍ਹਾਂ ਵਿਚੋਂ ਇਕ ਸਮਾਣਾ ਸ਼ਹਿਰ ਦੀ, ਦੂਜੀ ਅੰਮ੍ਰਿਤਸਰ ਅਤੇ ਤੀਜੀ ਐੱਨ. ਓ. ਸੀ. ਅਜੇ ਆਰਕੀਟੈਕਟ ਕੋਲ ਹੀ ਪੈਂਡਿੰਗ ਦੱਸੀ ਜਾ ਰਹੀ ਸੀ, ਜਿਸ ਤੋਂ ਸਪੱਸ਼ਟ ਹੋ ਗਿਆ ਕਿ ਤਿੰਨੋਂ ਐੱਨ. ਓ. ਸੀ. ਹੀ ਜਾਅਲੀ ਸਨ।

ਪੁਲਸ ਅਧਿਕਾਰੀ ਨੇ ਨਿਗਮ ਨੂੰ ਲਿਖੀ ਚਿੱਠੀ ਵਿਚ ਇਹ ਵੀ ਪੁੱਛਿਆ ਹੈ ਕਿ ਮਨੋਜ ਕੁਮਾਰ ਮੰਧੋਤਰਾ ਪੁੱਤਰ ਕ੍ਰਿਸ਼ਨ ਦੇਵ ਨਿਵਾਸੀ 15 ਬੜਿੰਗ ਸਟੇਡੀਅਮ, ਗੋਲਡਨ ਕਾਲੋਨੀ ਫੇਜ਼-1 ਅਤੇ ਹਰਜਿੰਦਰ ਕੌਰ ਪਤਨੀ ਰਣਜੋਧ ਸਿੰਘ ਨਿਵਾਸੀ ਪਿੰਡ ਰਹਿਮਾਨਪੁਰ ਨੇ ਉਕਤ ਕਾਲੋਨੀ ਦੇ ਪਲਾਟਾਂ ਦੀ ਐੱਨ. ਓ. ਸੀ. ਲਈ ਨਿਗਮ ਆਫਿਸ ਵਿਚ ਅਪਲਾਈ ਕੀਤਾ ਸੀ ਜਾਂ ਨਹੀਂ ਅਤੇ ਕੋਈ ਫੀਸ ਜਮ੍ਹਾ ਕਰਵਾਈ ਗਈ ਸੀ ਜਾਂ ਨਹੀਂ, ਇਸ ਦੇ ਉੱਤਰ ਵਿਚ ਨਿਗਮ ਅਧਿਕਾਰੀਆਂ ਨੇ ਸਪੱਸ਼ਟ ਲਿਖਿਆ ਹੈ ਕਿ ਇਸ ਬਾਰੇ ਆਨਲਾਈਨ ਕੋਈ ਵੀ ਰਿਕਾਰਡ ਮੌਜੂਦ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਨਿਗਮ ਵੱਲੋਂ ਭੇਜੇ ਗਏ ਜਵਾਬ ਦੇ ਆਧਾਰ ’ਤੇ ਹੁਣ ਜਲੰਧਰ ਪੁਲਸ ਦੇ ਅਧਿਕਾਰੀ ਜਾਅਲੀ ਐੱਨ. ਓ. ਸੀ. ਮਾਮਲੇ ਦਾ ਜਲਦੀ ਪਰਦਾਫ਼ਾਸ਼ ਕਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਜੇਕਰ ਪਿੰਡ ਬੜਿੰਗ ਵਿਚ ਕੱਟੀ ਗਈ ਇਸ ਕਾਲੋਨੀ ਵਿਚ ਜਾਅਲੀ ਐੱਨ. ਓ. ਸੀ. ਨਾਲ ਸਬੰਧਤ ਮਾਮਲੇ ਫੜੇ ਜਾਂਦੇ ਹਨ ਤਾਂ ਕਈ ਹੋਰ ਕਈ ਕਾਲੋਨੀਆਂ ਦੇ ਪਲਾਟਾਂ ਦੇ ਨਕਸ਼ੇ ਵੀ ਇਸੇ ਆਧਾਰ ’ਤੇ ਪਾਸ ਹੋਏ ਹੋਣਗੇ, ਜਿਨ੍ਹਾਂ ਦੀ ਜਾਂਚ ਦੀ ਵੀ ਮੰਗ ਉੱਠ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਮੀਟ ਤੇ ਸ਼ਰਾਬ ਦੀ ਵਿਕਰੀ ’ਤੇ ਰਹੇਗੀ ਪਾਬੰਦੀ, ਹੁਕਮ ਹੋਏ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News