ਨੂਰਪੁਰਬੇਦੀ ਵਿਖੇ ਪੁਲਸ ਵੱਸੋਂ ਚੋਰ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ

03/23/2024 5:25:47 PM

ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ’ਚ ਪਿਛਲੇ ਦਿਨੀਂ ਹੋਈਆਂ ਵੱਖ-ਵੱਖ ਚੋਰੀਆਂ ਦੇ ਮਾਮਲੇ ’ਚ ਇਕ ਚੋਰ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰਨ ’ਚ ਪੁਲਸ ਨੇ ਭਾਰੀ ਸਫ਼ਲਤਾ ਹਾਸਲ ਕੀਤੀ ਹੈ। ਇਸ ਗਿਰੋਹ ’ਚ ਇਕ ਔਰਤ ਵੀ ਸ਼ਾਮਲ ਹੈ। ਇਸ ਦੌਰਾਨ ਪੁਲਸ ਵੱਲੋਂ ਲੰਬੇ ਪੁੱਛਗਿੱਛ ਉਪਰੰਤ ਚੋਰਾਂ ਤੋਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਕਾਫ਼ੀ ਮਾਤਰਾ ’ਚ ਚੋਰੀ ਹੋਇਆ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਥਾਣਾ ਮੁਖੀ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਟਿੱਬਾ ਟੱਪਰੀਆਂ ਵਿਖੇ ਚੋਰਾਂ ਵੱਲੋਂ ਵਿਨੋਦ ਕੁਮਾਰ ਦੀ ਬਿਜਲੀ ਦੀ ਦੁਕਾਨ ’ਚੋਂ ਭਾਰੀ ਮਾਤਰਾ ’ਚ ਤਾਂਬੇ ਦੀ ਤਾਰ ਅਤੇ ਇਨਵਰਟਰ ਚੋਰੀ ਕਰ ਲਏ ਗਏ ਸਨ, ਜਿਸ ’ਤੇ ਪੁਲਸ ਨੇ ਮੁਕੱਦਮਾ ਦਰਜ ਕੀਤਾ ਸੀ। ਉਪਰੰਤ ਪੁਲਸ ਨੇ ਚੌਂਕੀ ਹਰੀਪੁਰ ਦੇ ਇੰਚਾਰਜ ਸੋਹਨ ਸਿੰਘ, ਸਿਪਾਹੀ ਸਤਿੰਦਰਪਾਲ ਸਿੰਘ, ਅਤੇ ਸਿਪਾਹੀ ਪ੍ਰਿਤਪਾਲ ਸਿੰਘ ’ਤੇ ਆਧਾਰਤ ਟੀਮ ਬਣਾਈ ਜੋ ਚੋਰੀਆਂ ਦੀ ਜਾਂਚ ’ਚ ਜੁਟੀ ਹੋਈ ਸੀ।

ਥਾਣਾ ਮੁਖੀ ਅਨੁਸਾਰ ਪੁਲਸ ਨੇ ਉਕਤ ਚੋਰੀ ਦੇ ਮਾਮਲੇ ’ਚ ਗੰਭੀਰ ਜਾਂਚ ਉਪਰੰਤ ਕਥਿਤ ਦੋਸ਼ੀ ਸਲੀਮ ਉਰਫ਼ ਸੋਨੂੰ ਪੁੱਤਰ ਰਾਜੂ ਵਾਸੀ ਮਿਰਚ ਮੰਡੀ ਲਾਗੇ ਮਦਨ ਕਵਾੜੀਆ ਝੁੱਗੀਆਂ ਰਾਜਪੁਰਾ, ਸਲੀਮ ਪੁੱਤਰ ਬਿੱਲੂ ਵਾਸੀ ਸਦਾਬਰਤ ਰੂਪਨਗਰ, ਸਿਕੰਦਰ ਪੁੱਤਰ ਰਾਮੂ ਵਾਸੀ ਲਾਗੇ ਕੋਡਲ ਸਟੋਰ ਰੇਲਵੇ ਸਟੇਸ਼ਨ ਦੇਵ ਮੰਦਰ ਰਾਜਪੁਰਾ ਅਤੇ ਇਕ ਔਰਤ ਮਧੂ ਪਤਨੀ ਰਾਜੂ ਵਾਸੀ ਲਾਗੇ ਸਬਜ਼ੀ ਮੰਡੀ ਡੱਡੂਮਾਜਰਾ ਕਾਲੋਨੀ, ਥਾਣਾ ਮਲੋਆ, ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਟਿੱਬਾ ਟੱਪਰੀਆਂ ਵਿਖੇ ਹੋਈ ਚੋਰੀ ਦੇ ਸਬੰਧ 3 ਕੁਇੰਟਲ ਬਿਜਲੀ ਦੀ ਤਾਰ ਬਰਾਮਦ ਕੀਤੀ ਹੈ। ਪੁਲਸ ਨੇ ਇਸ ਸਬੰਧ ’ਚ ਉਕਤ ਦੋਸ਼ੀਆਂ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਿਨ੍ਹਾਂ ਤੋਂ ਹੋਰ ਖ਼ੁਲਾਸੇ ਹੋਣ ਦੀ ਉਮੀਦ ਜਤਾਈ ਹੈ।

ਇਹ ਵੀ ਪੜ੍ਹੋ: ਮੈਕਲੋਡਗੰਜ ਘੁੰਮਣ ਗਏ ਕਤਲ ਕੀਤੇ ਜਵਾਨ ਪੁੱਤ ਦੀ ਘਰ ਪਹੁੰਚੀ ਲਾਸ਼ ਨੂੰ ਵੇਖ ਧਾਹਾਂ ਮਾਰ ਰੋਇਆ ਪਰਿਵਾਰ

ਮੁਲਜ਼ਮ ਸੋਨੂੰ ਨਿਵਾਸੀ ਰਾਜਪੁਰਾ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਰੀਬ 8 ਮੁਕੱਦਮੇ
ਥਾਣਾ ਮੁਖੀ ਹਰਸ਼ ਮੋਹਨ ਗੌਤਮ ਨੇ ਦੱਸਿਆ ਕਿ ਮੁਲਜ਼ਮ ਸੋਨੂੰ ਪੁੱਤਰ ਰਾਜ ਖ਼ਿਲਾਫ਼ ਪਹਿਲਾਂ ਵੀ ਥਾਣਾ ਐੱਸ. ਏ. ਐੱਸ. ਨਗਰ, ਸਰਹਿੰਦ, ਮੋਰਿੰਡਾ, ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਵਿਖੇ ਧਾਰਾ 379, 399, 402, 407, 457, 380 ਤਹਿਤ ਕਰੀਬ 8 ਤੋਂ ਵੀ ਵੱਧ ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਰੀ ਦੇ ਮਾਮਲਿਆਂ ਉਕਤ ਤੋਂ ਇਲਾਵਾ ਇਕ ਹੋਰ ਸਰਗਣਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਿਸ ਦੇ ਜਲਦ ਕਾਬੂ ਹੋਣ ਦੀ ਆਸ ਹੈ।

ਲੱਖਾਂ ਦੀਆਂ ਬੈਟਰੀਆਂ ਚੋਰੀ ਹੋਣ ਸਬੰਧੀ ਨਹੀਂ ਹੋਈ ਕੋਈ ਬਰਾਮਦਗੀ
ਜ਼ਿਕਰਯੋਗ ਹੈ ਕਿ ਉਕਤ ਚੋਰੀ ਦੀ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਨੂਰਪੁਰਬੇਦੀ ਵਿਖੇ ਇਕ ਦੁਕਾਨ ’ਚੋਂ ਕਰੀਬ 10 ਲੱਖ ਰੁਪਏ ਦੀਆਂ ਬੈਟਰੀਆਂ ਚੋਰੀ ਕਰ ਲਈਆਂ ਗਈਆਂ ਸਨ ਜਦਕਿ ਉਸ ਤੋਂ ਕੁਝ ਦਿਨਾਂ ਬਾਅਦ ਝੱਜ ਚੌਕ ਵਿਖੇ ਵੀ ਇਕ ਬਿਜਲੀ ਦੀ ਦੁਕਾਨ ’ਚੋਂ ਲੱਖਾਂ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ ਗਈ ਸੀ। ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਬਰਾਮਦਗੀ ਨਾ ਹੋਣ ’ਤੇ ਪੁਲਸ ਨੂੰ ਅਜੇ ਕੋਈ ਸਫਲਤਾ ਨਹੀਂ ਮਿਲੀ ਹੈ। ਥਾਣਾ ਮੁਖੀ ਹਰਸ਼ ਮੋਹਨ ਗੌਤਮ ਨੇ ਆਖਿਆ ਕਿ ਉਕਤ ਮੁਲਜ਼ਮਾਂ ਨੇ ਨੂਰਪੁਰਬੇਦੀ ਅਤੇ ਮੋਹਾਲੀ ਖੇਤਰ ਦੀਆਂ ਹੋਰਨਾਂ ਚੋਰੀਆਂ ਸਬੰਧੀ ਵੀ ਆਪਣਾ ਜ਼ਰਮ ਕਬੂਲ ਕਰ ਲਿਆ ਹੈ ਅਤੇ ਜਿਨ੍ਹਾਂ ਤੋਂ ਰਿਮਾਂਡ ਦੌਰਾਨ ਪੁੱਛਗਿੱਛ ਉਪਰੰਤ ਰਿਕਵਰੀ ਕੀਤੀ ਜਾਣ ਦੀ ਆਸ ਹੈ।

ਇਹ ਵੀ ਪੜ੍ਹੋ: ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਹੁਣ ਨਹੀਂ ਲੱਗੇਗੀ ਐਂਟਰੀ ਫ਼ੀਸ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


shivani attri

Content Editor

Related News