ਫਗਵਾੜਾ ਪੁਲਸ ਨੇ ਓਂਕਾਰ ਨਗਰ ਦੇ ਮਾਮਲੇ ’ਚ ਤੋੜੀ ਚੁੱਪੀ, DSP ਤੇ SHO ਨੇ ਰੱਖਿਆ ਸਰਕਾਰੀ ਪੱਖ
Sunday, Oct 09, 2022 - 05:13 PM (IST)

ਫਗਵਾੜਾ (ਜਲੋਟਾ)- ਫਗਵਾੜਾ ਦੇ ਸੰਘਣੀ ਆਬਾਦੀ ਵਾਲੇ ਓਂਕਾਰ ਨਗਰ ਇਲਾਕੇ ’ਚ ਦੁਸਹਿਰਾ ਮਨਾਉਣ ਨੂੰ ਲੈ ਕੇ ਦੋ ਧਿਰਾਂ ’ਚ ਬਣੇ ਹੋਏ ਆਪਸੀ ਤਣਾਅ ਸਬੰਧੀ ਆਖ਼ਰ ਫਗਵਾੜਾ ਪੁਲਸ ਨੇ ਬੀਤੇ ਕਈ ਦਿਨਾਂ ਤੋਂ ਵੱਟੀ ਹੋਈ ਚੁੱਪੀ ਤੋੜਦਿਆਂ ਹੋਇਆਂ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਫਗਵਾੜਾ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਹੈ। ਦੱਸਣਯੋਗ ਹੈ ਕਿ ਇਸ ਸਬੰਧੀ ‘ਜਗ ਬਾਣੀ’ ਵੱਲੋਂ ਲੋਕ ਹਿੱਤਾਂ ਨੂੰ ਧਿਆਨ ’ਚ ਰੱਖਦੇ ਹੋਏ 8 ਅਕਤੂਬਰ ਨੂੰ ਫਗਵਾੜਾ ਬਾਣੀ ’ਚ ਉਂਕਾਰ ਨਗਰ ’ਚ ‘ਤਣਾਅ ਦਾ ਦੌਰ ਜਾਰੀ’ ਸਿਰਲੇਖ ਹੇਠਾਂ ਖ਼ਬਰ ਪ੍ਰਕਾਸ਼ਿਤ ਕੀਤੀ ਸੀ, ਜਿਸ ਤੋਂ ਤੁਰੰਤ ਬਾਅਦ ਫਗਵਾੜਾ ਪੁਲਸ ਨੇ ਮਾਮਲੇ ’ਚ ਸਰਕਾਰੀ ਤੌਰ ’ਤੇ ਆਪਣਾ ਪੱਖ ਪ੍ਰੈੱਸ ਕਾਨਫ਼ਰੰਸ ’ਚ ਸਾਫ਼ ਕਰਦਿਆਂ ਕਈ ਅਹਿੰਮ ਖ਼ੁਲਾਸੇ ਕੀਤੇ ਹਨ।
ਡੀ. ਐੱਸ. ਪੀ. ਫਗਵਾੜਾ ਜਸਪ੍ਰੀਤ ਸਿੰਘ ਨੇ ਸਾਫ਼ ਸ਼ਬਦਾਂ ’ਚ ਕਿਹਾ ਕਿ ਮਾਮਲੇ ਨੂੰ ਲੈ ਕੇ ਕਈ ਸਵਾਰਥੀ ਸੋਸ਼ਲ ਮੀਡੀਆ ਦੇ ਗਰੁੱਪਾਂ ’ਚ ਗਲਤ ਅਫਵਾਹਾਂ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਦਾ ਪੁਲਸ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਡੀ. ਐੱਸ. ਪੀ. ਫਗਵਾੜਾ ਨੇ ਦੱਸਿਆ ਕਿ ਉਂਕਾਰ ਨਗਰ ਵਿਖੇ ਸਾਰਾ ਸਮਾਗਮ ਕਾਨੂੰਨ ਅਨੁਸਾਰ ਅਤੇ ਭਾਈਚਾਰੇ ਦੀਆਂ ਰੀਤ ਰਿਵਾਜ਼ਾਂ ਮੁਤਾਬਕ ਕਰਵਾਇਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਦੀ ਅਪੀਲ ਵੀ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੇ ਸੀਜ਼ਨ ਨੂੰ ਪ੍ਰੇਸ਼ਾਨੀ ਤੋਂ ਮੁਕਤ ਕਰਨ ਦਾ ਭਰੋਸਾ ਦਿੱਤਾ ਹੈ। ਥਾਣਾ ਸਿਟੀ ਫਗਵਾੜਾ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨਾਹਰ ਦੀ ਮੌਜੂਦਗੀ ’ਚ ਡੀ. ਐੱਸ. ਪੀ. ਫਗਵਾੜਾ ਨੇ ਦੱਸਿਆ ਕਿ ਉਂਕਾਰ ਨਗਰ ਫਗਵਾੜਾ ਵਿਖੇ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਰਾਜ ਕੁਮਾਰ, ਮੋਨੂੰ ਸਰਵਟੇ ਆਦਿ ਦੀ ਅਗਵਾਈ ਵਾਲੀ ਰਾਸ਼ਟਰੀ ਯੁਵਾ ਹਿੰਦੂ ਸੰਗਠਨ ਅਤੇ ਰਾਜ ਕਿਸ਼ੋਰ ਦੀ ਅਗਵਾਈ ਵਾਲੀ ਯੁਵਾ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਦੇ ਦੋ ਗੁੱਟਾਂ ਵਿਚਕਾਰ ਆਪਸੀ ਝਗੜਾ ਹੋਇਆ ਸੀ।
ਇਹ ਵੀ ਪੜ੍ਹੋ: ਖ਼ੁਲਾਸਾ: ਮੁਲਾਜ਼ਮਾਂ ਦੀ ਤਨਖ਼ਾਹ ਨਾਲ ਕਿਰਾਏ ਦੇ ਕਮਰਿਆਂ ’ਚ ਚੱਲ ਰਹੇ ਪੰਜਾਬ ਦੇ 6 ਹਜ਼ਾਰ ਆਂਗਣਵਾੜੀ ਸੈਂਟਰ
ਦੋਵੇਂ ਧਿਰਾਂ ਦੀਆਂ ਦੁਸਹਿਰਾ ਕਰਾਉਣ ਲਈ ਆਗਿਆ ਦੀਆਂ ਬੇਨਤੀਆਂ ਦੀ ਬਰੀਕੀ ਨਾਲ ਪੜਤਾਲ ਕਰਨ ਤੋਂ ਬਾਅਦ ਐੱਸ. ਡੀ. ਐੱਮ. ਫਗਵਾੜਾ ਨੇ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਦੇ ਰਾਜ ਕਿਸ਼ੋਰ ਨੂੰ ਇਜਾਜ਼ਤ ਦੇ ਦਿੱਤੀ ਜੋ ਕਿ ਇਕ ਰਜਿਸਟਰਡ ਸੋਸਾਇਟੀ ਹੈ। ਇਸ ਨਾਲ ਰਾਸ਼ਟਰੀ ਯੁਵਾ ਹਿੰਦੂ ਸੰਗਠਨ ਦੇ ਮੈਂਬਰ ਨਾਰਾਜ਼ ਹੋ ਗਏ, ਜਿਨ੍ਹਾਂ ਨੇ ਬਿਨਾਂ ਇਜਾਜ਼ਤ ਤੋਂ ਦੁਸਹਿਰਾ ਤਿਉਹਾਰ ਮਨਾਉਣ ਦੀ ਸਹੁੰ ਖਾਧੀ। ਡੀ. ਐੱਸ. ਪੀ. ਫਗਵਾੜਾ ਨੇ ਅੱਗੇ ਦੱਸਿਆ ਕਿ ਤਿਉਹਾਰਾਂ ਦੀ ਪੂਰਵ ਸੰਧਿਆ ਅਤੇ ਰਾਸ਼ਟਰੀ ਯੁਵਾ ਹਿੰਦੂ ਸੰਗਠਨ ਵੱਲੋਂ ਖਤਰੇ ਨੂੰ ਵੇਖਦੇ ਹੋਏ ਪੁਲਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਨੇ ਬਿਨਾਂ ਸਿਰ ਦੇ ਦੋ ਪੁਤਲੇ ਲਿਆ ਕੇ ਅਹਾਤੇ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਸ ਦੇ ਪੁਖਤਾ ਇੰਤਜ਼ਾਮਾਂ ਕਾਰਨ ਉਹ ਅਹਾਤੇ ਵਿਚ ਦਾਖ਼ਲ ਨਹੀਂ ਹੋ ਸਕੇ ਤਾਂ ਉਹ ਅਹਾਤੇ ਦੇ ਬਾਹਰ ਪੁਤਲੇ ਲੈ ਕੇ ਬੈਠ ਗਏ। ਵੱਖ-ਵੱਖ ਮੀਡੀਆ ਚੈਨਲਾਂ ਵੱਲੋਂ ਕਵਰ ਕੀਤੇ ਗਏ ਬਿਨਾਂ ਸਿਰ ਦੇ ਪੁਤਲੇ ਚੁੱਕਣ ਲਈ ਪ੍ਰਸ਼ਾਸਨ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਰਾਸ਼ਟਰੀ ਯੁਵਾ ਹਿੰਦੂ ਸੰਗਠਨ ਦੇ ਮੈਂਬਰਾਂ ਮੋਨੂ ਸਰਵਟੇ ਰਾਜ ਕੁਮਾਰ, ਮੋਨੂੰ ਕੁਮਾਰ, ਵਰੁਣ ਸੁਨੀਲ ਅਤੇ ਪ੍ਰਦੀਪ ਨੇ ਬਿਨਾਂ ਸਿਰ ਦੇ ਪੁਤਲੇ ਨੂੰ ਇਮਾਰਤ ਤੋਂ ਬਾਹਰ ਛੱਡ ਦਿੱਤਾ ਹੈ।
ਮੁੱਖ ਅਫ਼ਸਰ ਥਾਣਾ ਸਿਟੀ ਫਗਵਾੜਾ ਨੇ ਕਿਹਾ ਕਿ ਰੀਤੀ-ਰਿਵਾਜ਼ਾਂ ਅਨੁਸਾਰ ਬਿਨਾਂ ਸਿਰ ਦੇ ਪੁਤਲੇ ਫੂਕਣ ਲਈ ਐੱਸ. ਡੀ. ਐੱਮ. ਫਗਵਾੜਾ ਵੱਲੋਂ ਚਾਰ ਮੈਂਬਰੀ ਕਮੇਟੀ ਬਣਾਈ ਜਾਵੇਗੀ, ਉਨ੍ਹਾਂ ਇਹ ਵੀ ਕਿਹਾ ਕਿ ਕਾਨੂੰਨ ਦੀ ਸਿੱਧੀ ਉਲੰਘਣਾ ਕਰਦੇ ਹੋਏ ਸ਼ਹਿਰ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰੇਆਮ ਅਤੇ ਲੁਕਵੇਂ ਵਿਅਕਤੀਆਂ ਵਿਰੁੱਧ ਕਾਨੂੰਨ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਾਲੇ ਵੀ ਗਰਾਊਂਡ ’ਚ ਹੀ ਪਏ ਬਿਨਾਂ ਸਿਰ ਵਾਲੇ ਵੱਡੇ ਪੁਤਲੇ!
ਫਗਵਾੜਾ ’ਚ ਇਕ ਪਾਸੇ ਜਿੱਥੇ ਪੁਲਸ ਅਧਿਕਾਰੀਆਂ ਵੱਲੋਂ ਉਂਕਾਰ ਨਗਰ ਦੇ ਮਾਮਲੇ ਸਬੰਧੀ ਸਰਕਾਰੀ ਤੌਰ ’ਤੇ ਆਪਣਾ ਪੱਖ ਰੱਖਦੇ ਹੋਏ ਕਈ ਤਰ੍ਹਾਂ ਦੇ ਦਾਅਵੇ ਕੀਤੇ ਗਏ ਹਨ, ਉੱਥੇ ਹਕੀਕਤ ਇਹ ਵੀ ਹੈ ਕਿ ਓਂਕਾਰ ਨਗਰ ਦੀ ਗਰਾਊਂਡ ’ਚ ਹਾਲੇ ਵੀ ਬਿਨਾਂ ਸਿਰ ਵਾਲੇ ਵੱਡੇ ਦੋ ਪੁਤਲੇ ਉਸੇ ਤਰ੍ਹਾਂ ਮੌਜੂਦ ਹਨ, ਜਿਵੇਂ ਦੁਸਹਿਰੇ ਵਾਲੇ ਦਿਨ ਉਥੇ ਰੱਖੇ ਗਏ ਸਨ। ਵੱਡੀ ਗੱਲ ਇਹ ਕਿ ਜਿੱਥੇ ਫਗਵਾੜਾ ਪੁਲਸ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇਸ ਮਾਮਲੇ ਨੂੰ ਹੱਲ ਕਰਦਿਆਂ ਬਿਨਾਂ ਸਿਰ ਦੇ ਪੁਤਲੇ ਫੂਕਣ ਲਈ ਐੱਸ. ਡੀ. ਐੱਮ. ਫਗਵਾੜਾ ਵੱਲੋਂ 4 ਮੈਂਬਰੀ ਕਮੇਟੀ ਬਣਾਈ ਜਾਵੇਗੀ, ਉੱਥੇ ਅਜੇ ਵੀ ਇਹ ਕਿਸੇ ਨੂੰ ਨਹੀਂ ਪਤਾ ਹੈ ਕਿ ਇਹ ਕਮੇਟੀ ਕਦੋਂ ਬਣੇਗੀ ਅਤੇ ਇਸ ਦੇ ਮੈਂਬਰ ਕੌਣ ਹੋਣਗੇ? ਇਹ ਗੱਲ ਵੀ ਹਾਲੇ ਤਕ ਵੱਡੀ ਬੁਝਾਰਤ ਹੀ ਬਣੀ ਹੋਈ ਹੈ ਕਿ ਆਖ਼ਰ ਓਂਕਾਰ ਨਗਰ ਦੀ ਗਰਾਊਂਡ ’ਚ ਪਏ ਹੋਏ ਦੋ ਵੱਡੇ ਬਿਨਾਂ ਸਿਰ ਦੇ ਪੁਤਲੇ ਕਦੋਂ ਹਟਾਏ ਜਾਣਗੇ?
ਇਹ ਵੀ ਪੜ੍ਹੋ: ਡਰਾਈਵਰਾਂ ਦੀ ਘਾਟ ਕਾਰਨ ਕਰਜ਼ ਲੈ ਕੇ ਖ਼ਰੀਦੀਆਂ ਸਰਕਾਰੀ ਬੱਸਾਂ ਡਿਪੂ 'ਚ ਖੜ੍ਹੀਆਂ, 4 ਕਰੋੜ ਹੈ ਮਹੀਨੇ ਦੀ ਕਿਸ਼ਤ
ਦੱਸਣਯੋਗ ਹੈ ਕਿ ਇਸ ਵਿਵਾਦ ’ਚ ਸ਼ਾਮਲ ਇਕ ਧਿਰ ਦੇ ਲੋਕਾਂ ਵੱਲੋਂ ਸਿੱਧੇ ਤੌਰ ’ਤੇ ਫਗਵਾੜਾ ਪੁਲਸ ਦੀ ਰਹੀ ਕਾਰਜਸ਼ੈਲੀ ਨੂੰ ਸਿਆਸੀ ਦਬਾਅ ਹੇਠਾਂ ਆ ਕੇ ਕਾਰਜ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਵੱਲੋਂ ਮਾਮਲੇ ਦੀ ਨਿਰਪੱਖ ਜਾਂਚ ਲਈ ਐੱਸ. ਪੀ. ਫਗਵਾੜਾ ਨੂੰ ਮੰਗ-ਪੱਤਰ ਵੀ ਦਿੱਤਾ ਗਿਆ ਹੈ। ਇਨ੍ਹਾਂ ਵੱਲੋਂ ਇਹ ਗੱਲ ਵੀ ਆਖੀ ਜਾ ਰਹੀ ਹੈ ਕਿ ਇਸ ਮਾਮਲੇ ’ਚ ਸਿਆਸੀ ਦਬਾਅ ਹੇਠਾਂ ਆ ਕੇ ਕਾਰਜ ਕਰਨ ਵਾਲੇ ਪੁਲਸ ਅਫ਼ਸਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਵੱਡੀ ਬੁਝਾਰਤ : ਮਾਮਲੇ ’ਚ ਪੁਲਸ ਕਿਉਂ ਨਹੀਂ ਕਰ ਰਹੀ ਕੋਈ ਕਾਨੂੰਨੀ ਕਾਰਵਾਈ
ਉੱਧਰ, ਦੂਜੇ ਪਾਸੇ ਹਾਲੇ ਵੀ ਇਹ ਗੱਲ ਵੱਡੀ ਬੁਝਾਰਤ ਬਣੀ ਹੋਈ ਹੈ ਕਿ ਜੇਕਰ ਵੱਡੇ ਪੁਲਸ ਅਧਿਕਾਰੀਆਂ ਦੇ ਅੱਜ ਪ੍ਰੈੱਸ ਕਾਨਫ਼ਰੰਸ ਦੌਰਾਨ ਕੀਤੇ ਗਏ ਸਾਰੇ ਦਾਅਵੇ ਸਹੀ ਹਨ ਤਾਂ ਫਿਰ ਪੁਲਸ ਮਾਮਲੇ ’ਚ ਬਣਦੀ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰ ਰਹੀ ਹੈ ਅਤੇ ਇਸ ਮਾਮਲੇ ਨੂੰ ਹੋਰ ਗੁੰਝਲਦਾਰ ਕਿਉਂ ਕੀਤਾ ਜਾ ਰਿਹਾ ਹੈ, ਜਿਸ ਨਾਲ ਫਗਵਾੜਾ ’ਚ ਭਾਰੀ ਤਨਾਅ ਹੈ। ਸਵਾਲ ਇਹ ਵੀ ਹੈ ਜੇਕਰ ਪੁਲਸ ਦੇ ਦਾਅਵੇ ਸਹੀ ਨਹੀਂ ਹਨ ਤਾਂ ਜੋ ਮੰਗ ਦੂਜੀ ਧਿਰ ਦੇ ਲੋਕਾਂ ਵੱਲੋਂ ਧਰਮ ਦੇ ਆਧਾਰ ’ਤੇ ਕੀਤੀ ਜਾ ਰਹੀ ਹੈ, ਉਸ ’ਤੇ ਵੱਡੇ ਪੁਲਸ ਅਧਿਕਾਰੀਆਂ ਵੱਲੋਂ ਐਕਸ਼ਨ ਕਿਉਂ ਨਹੀਂ ਲਿਆ ਜਾ ਰਿਹਾ ਹੈ? ਇਹ ਸਾਰੇ ਸਵਾਲ ਜਨਤਾ ਕਰ ਰਹੀ ਹੈ।
ਇਹ ਵੀ ਪੜ੍ਹੋ: ਇੰਗਲੈਂਡ ਰਹਿੰਦੇ ਟਾਂਡਾ ਦੇ ਵਸਨੀਕ ਦਾ ਚੋਰੀ ਹੋਇਆ ਸਾਈਕਲ, DGP ਨੂੰ ਲਿਖਿਆ ਪੱਤਰ ਤਾਂ ਹਰਕਤ 'ਚ ਆਈ ਪੁਲਸ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ