ਫਗਵਾੜਾ ਗੇਟ ਦੀ ਇਲੈਕਟ੍ਰੀਕਲ ਐਸੋਸੀਏਸ਼ਨ ’ਤੇ ਭਾਰੀ ਪਏ 3 ਨੌਜਵਾਨ ਦੁਕਾਨਦਾਰ, ਬਦਲਣਾ ਪਿਆ ਇਹ ਫ਼ੈਸਲਾ

06/02/2023 2:27:14 PM

ਜਲੰਧਰ (ਖੁਰਾਣਾ)–ਸੱਤਾ ਅਤੇ ਪਾਵਰ ਦੇ ਬਗੈਰ ਵੀ ਇਕ ਆਮ ਆਦਮੀ ਖਾਸ ਕਰਕੇ ਨੌਜਵਾਨ ਕਿਸ ਤਰ੍ਹਾਂ ਘਿਸੇ-ਪਿਟੇ ਸਿਸਟਮ ਨੂੰ ਬਦਲਣ ਦੀ ਤਾਕਤ ਰੱਖਦਾ ਹੈ, ਇਸ ਦੀ ਮਿਸਾਲ ਉਂਝ ਤਾਂ ਕਈ ਥਾਵਾਂ ’ਤੇ ਵੇਖਣ ਨੂੰ ਮਿਲ ਜਾਂਦੀ ਹੈ ਪਰ ਹਾਲ ਹੀ ਵਿਚ ਹੋਏ ਇਕ ਨਾਟਕੀ ਘਟਨਾਕ੍ਰਮ ਕਾਰਨ ਫਗਵਾੜਾ ਗੇਟ ਦੇ ਬਿਜਲੀ ਕਾਰੋਬਾਰੀਆਂ ’ਤੇ ਆਧਾਰਿਤ ਇਲੈਕਟ੍ਰੀਕਲ ਮਰਚੈਂਟਸ ਐਸੋਸੀਏਸ਼ਨ ’ਤੇ ਆਮ ਜਿਹੇ ਦਿਸਣ ਵਾਲੇ 3 ਨੌਜਵਾਨ ਦੁਕਾਨਦਾਰ ਭਾਰੀ ਪੈ ਗਏ, ਜਿਨ੍ਹਾਂ ਨੇ ਛੁੱਟੀਆਂ ਦੇ ਸਬੰਧ ਵਿਚ ਲਏ ਗਏ ਫ਼ੈਸਲਿਆਂ ਨੂੰ ਬਦਲਣ ’ਤੇ ਐਸੋਸੀਏਸ਼ਨ ਦੀ ਟੀਮ ਨੂੰ ਮਜਬੂਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਅੱਜ ਤੋਂ ਲਗਭਗ 15 ਦਿਨ ਪਹਿਲਾਂ ਐਸੋਸੀਏਸ਼ਨ ਦੇ ਕੁਝ ਅਹੁਦੇਦਾਰਾਂ ਨੇ ਆਪਸ ਵਿਚ ਇਕ ਮੀਟਿੰਗ ਕਰਕੇ ਫ਼ੈਸਲਾ ਲਿਆ ਸੀ ਕਿ ਐਸੋਸੀਏਸ਼ਨ ਪੱਧਰ ’ਤੇ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਕੈਂਸਲ ਕਰ ਦਿੱਤੀਆਂ ਗਈਆਂ ਹਨ। ਹੁਣ ਕੋਈ ਵੀ ਦੁਕਾਨਦਾਰ ਆਪਣੀ ਮਰਜ਼ੀ ਨਾਲ ਦੁਕਾਨ ਖੋਲ੍ਹ ਸਕਦਾ ਹੈ। ਇਸੇ ਮੀਟਿੰਗ ਵਿਚ ਇਕ ਫ਼ੈਸਲਾ ਇਹ ਵੀ ਲਿਆ ਗਿਆ ਕਿ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਜੋ ਫਗਵਾੜਾ ਗੇਟ ਮਾਰਕੀਟ ਬੰਦ ਰਹਿੰਦੀ ਹੈ, ਉਹ ਛੁੱਟੀ ਵੀ ਰੱਦ ਕੀਤੀ ਜਾਂਦੀ ਹੈ, ਭਾਵ ਮਹੀਨੇ ਦੇ ਆਖਰੀ ਐਤਵਾਰ ਵੀ ਬਿਜਲੀ ਦੀਆਂ ਦੁਕਾਨਾਂ ਖੁੱਲ੍ਹ ਸਕਦੀਆਂ ਹਨ। ਕਹਿੰਦੇ ਹਨ ਕਿ ਜਿਉਂ ਹੀ ਇਹ ਫੈਸਲਾ ਫਗਵਾੜਾ ਗੇਟ ਦੇ ਬਾਕੀ ਬਿਜਲੀ ਕਾਰੋਬਾਰੀਆਂ ਕੋਲ ਪੁੱਜਾ ਤਾਂ ਐਸੋਸੀਏਸ਼ਨ ਪੱਧਰ ’ਤੇ ਬਣੇ ਦੁਕਾਨਦਾਰਾਂ ਦੇ ਗੱਪ-ਸ਼ੱਪ ਨਾਂ ਦੇ ਵ੍ਹਟਸਐਪ ਗਰੁੱਪ ਵਿਚ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਆਉਣ ਲੱਗੀਆਂ। ਕੁਝ ਨੇ ਤਾਂ ‘ਥਮਜ਼ ਅਪ’ ਵਿਖਾ ਕੇ ਫ਼ੈਸਲੇ ਦਾ ਸਵਾਗਤ ਕੀਤਾ, ਜਦੋਂ ਕਿ ਵਧੇਰੇ ਦੁਕਾਨਦਾਰਾਂ ਨੇ ਫ਼ੈਸਲੇ ਨੂੰ ਗਲਤ ਕਰਾਰ ਦਿੱਤਾ ਅਤੇ ਦੁਬਾਰਾ ਵਿਚਾਰ ਕਰਨ ਨੂੰ ਕਿਹਾ। ਇਕ ਮੈਂਬਰ ਨੇ ਤਾਂ ਇਥੋਂ ਤੱਕ ਲਿਖ ਦਿੱਤਾ ਕਿ ਐਸੋਸੀਏਸ਼ਨ ਦੇ ਇਸ ਫ਼ੈਸਲੇ ਨਾਲ ਉਨ੍ਹਾਂ ਅਨਸਰਾਂ ਦੀ ਜਿੱਤ ਹੋਈ ਹੈ, ਜਿਹੜੇ ਐਸੋਸੀਏਸ਼ਨ ਦੀ ਏਕਤਾ ਨਹੀਂ ਚਾਹੁੰਦੇ। ਅਜਿਹੇ ਲੋਕਾਂ ਦੀ ਹਉਮੈ ਨੂੰ ਸ਼ਾਂਤ ਕਰਨ ਲਈ ਐਸੋਸੀਏਸ਼ਨ ਨੂੰ ਉਨ੍ਹਾਂ ਦੇ ਸਾਹਮਣੇ ਹਥਿਆਰ ਨਹੀਂ ਸੁੱਟਣੇ ਚਾਹੀਦੇ, ਸਗੋਂ ਦ੍ਰਿੜ੍ਹਤਾ ਨਾਲ ਅਤੇ ਸਾਰਿਆਂ ਨਾਲ ਵਿਚਾਰ-ਵਟਾਂਦਰਾ ਕਰ ਕੇ ਫੈਸਲੇ ਲਏ ਜਾਣੇ ਚਾਹੀਦੇ ਹਨ।

ਇਹ ਵੀ ਪੜ੍ਹੋ- ਜਲੰਧਰ 'ਚ ਕੇਂਦਰੀ ਆਗੂਆਂ ਦਾ ਮਾਸਟਰ ਪਲਾਨ ਫਲਾਪ, ਨੇਤਾਵਾਂ ਦੀ ਮਨਮਰਜ਼ੀ ਕਰਨ ਦੀ ਨੀਤੀ ਲੈ ਡੁੱਬੀ ਭਾਜਪਾ ਦੀ ਬੇੜੀ

ਖ਼ਾਸ ਗੱਲ ਇਹ ਰਹੀ ਕਿ ਛੁੱਟੀਆਂ ਨੂੰ ਰੱਦ ਕੀਤੇ ਜਾਣ ਸਬੰਧੀ ਫੈਸਲੇ ਦੇ ਤੁਰੰਤ ਬਾਅਦ ਐਸੋਸੀਏਸ਼ਨ ਦੇ 2-3 ਵੱਡੇ ਅਹੁਦੇਦਾਰਾਂ ਨੇ ਵ੍ਹਟਸਐਪ ਗਰੁੱਪ ਵਿਚ ਆਪਣੇ ਅਸਤੀਫੇ ਤੱਕ ਭੇਜ ਦਿੱਤੇ, ਜਿਸ ਨਾਲ ਮਾਹੌਲ ਹੋਰ ਗਰਮਾ ਗਿਆ। ਇਸ ਤੋਂ ਪਹਿਲਾਂ ਕਿ ਐਸੋਸੀਏਸ਼ਨ ਵਿਚ ਖੁੱਲ੍ਹੀ ਬਗਾਵਤ ਹੁੰਦੀ, ਫਗਵਾੜਾ ਗੇਟ ਦੇ 3 ਨੌਜਵਾਨ ਦੁਕਾਨਦਾਰਾਂ ਸੁਪਰ ਇਲੈਕਟ੍ਰੀਕਲ ਤੋਂ ਜੁਗਨੂੰ ਚੋਪੜਾ, ਡਾਵਰ ਇਲੈਕਟ੍ਰੀਕਲ ਤੋਂ ਕਮਲ ਡਾਵਰ ਅਤੇ ਦੀਪਕ ਇਲੈਕਟ੍ਰੀਕਲ ਤੋਂ ਅਮਨ ਬੱਸੀ ਨੇ ਅੱਗੇ ਆ ਕੇ ਮੋਰਚਾ ਸੰਭਾਲ ਲਿਆ।
ਉਨ੍ਹਾਂ ਆਪਣੇ ਪੱਧਰ ’ਤੇ ਇਕ ਦਸਤਖ਼ਤ ਮੁਹਿੰਮ ਚਲਾਈ ਅਤੇ ਦੁਕਾਨਦਾਰਾਂ ਕੋਲ ਖੁਦ ਜਾ ਕੇ ਗਰਮੀਆਂ ਦੀਆਂ ਛੁੱਟੀਆਂ ਅਤੇ ਐਤਵਾਰ ਦੀ ਛੁੱਟੀ ਬਾਰੇ ਲਿਖਤੀ ਰਾਏ ਲਈ। ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਆਸ ਤੋਂ ਕਿਤੇ ਜ਼ਿਆਦਾ ਸਫਲਤਾ ਮਿਲੀ। ਉਨ੍ਹਾਂ ਦੇ ਸੰਪਰਕ ਕੀਤੇ ਜਾਣ ’ਤੇ 112 ਦੁਕਾਨਦਾਰਾਂ ਨੇ ਆਪਣੀ ਰਾਏ ਦਿੱਤੀ, ਜਿਨ੍ਹਾਂ ਵਿਚੋਂ ਸਿਰਫ਼ 4 ਐਸੋਸੀਏਸ਼ਨ ਦੇ ਫ਼ੈਸਲੇ ਨਾਲ ਸਹਿਮਤ ਹੋਏ, ਭਾਵ ਛੁੱਟੀਆਂ ਰੱਦ ਕਰਨ ਦੇ ਹੱਕ ਵਿਚ ਸਨ, ਜਦੋਂ ਕਿ 108 ਦੁਕਾਨਦਾਰ ਅਜਿਹੇ ਸਨ, ਜਿਨ੍ਹਾਂ ਦਾ ਮੰਨਣਾ ਸੀ ਕਿ ਐਸੋਸੀਏਸ਼ਨ ਪੱਧਰ ’ਤੇ ਗਰਮੀਆਂ ਦੀਆਂ ਛੁੱਟੀਆਂ ਵੀ ਐਲਾਨੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਵੀ ਪੂਰੀ ਤਰ੍ਹਾਂ ਛੁੱਟੀ ਰਹੇ।

ਕਹਿੰਦੇ ਹਨ ਕਿ ਜਿਸ ਦੌਰਾਨ ਦਸਤਖਤ ਮੁਹਿੰਮ ਚੱਲ ਰਹੀ ਸੀ, ਉਸ ਨੂੰ ਮਿਲੇ ਰਿਸਪਾਂਸ ਨੂੰ ਦੇਖਦੇ ਹੋਏ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਬੁਲਾ ਕੇ ਯੂ-ਟਰਨ ਲੈ ਲਿਆ ਗਿਆ ਅਤੇ ਉਥੇ ਹਰ ਮਹੀਨੇ ਦੇ ਆਖਰੀ ਐਤਵਾਰ ਛੁੱਟੀ ਨਾ ਕਰਨ ਦਾ ਜਿਹੜਾ ਫਰਮਾਨ ਸੁਣਾਇਆ ਗਿਆ ਸੀ, ਉਸਨੂੰ ਵਾਪਸ ਲੈ ਲਿਆ ਗਿਆ। ਭਾਵ ਹੁਣ ਮਹੀਨੇ ਦੇ ਹਰ ਆਖਰੀ ਐਤਵਾਰ ਮਾਰਕੀਟ ਬੰਦ ਰਿਹਾ ਕਰੇਗੀ। ਫਗਵਾੜਾ ਗੇਟ ਦੇ ਬਾਕੀ ਦੁਕਾਨਦਾਰ ਹੁਣ ਇਸ ਉਡੀਕ ਵਿਚ ਹਨ ਕਿ ਐਸੋਸੀਏਸ਼ਨ ਪੱਧਰ ’ਤੇ ਗਰਮੀਆਂ ਦੀਆਂ ਛੁੱਟੀਆਂ ਕਦੋਂ ਐਲਾਨੀਆਂ ਜਾਂਦੀਆਂ ਹਨ ਅਤੇ ਇਹ ਫੈਸਲਾ ਬਦਲਿਆ ਵੀ ਜਾਂਦਾ ਜਾਂ ਨਹੀਂ।

ਇਲੈਕਟ੍ਰਾਨਿਕਸ ਮਾਰਕੀਟ ਨਾਲ ਫਿਰ ਰਿਸ਼ਤੇ ਵਿਗੜੇ
ਫਗਵਾੜਾ ਗੇਟ ਅਤੇ ਨੇੜਲੇ ਇਲਾਕੇ ਵਿਚ ਜਿੱਥੇ ਜ਼ਿਆਦਾਤਰ ਬਿਜਲੀ ਦੀਆਂ ਦੁਕਾਨਾਂ ਸਥਿਤ ਹਨ, ਉਥੇ ਇਲੈਕਟ੍ਰਾਨਿਕਸ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਦੀ ਗਿਣਤੀ ਵੀ ਘੱਟ ਨਹੀਂ ਹੈ। ਵਧੇਰੇ ਮੁੱਦਿਆਂ ’ਤੇ ਇਲੈਕਟ੍ਰੀਕਲਸ ਅਤੇ ਇਲੈਕਟ੍ਰਾਨਿਕਸ ਐਸੋਸੀਏਸ਼ਨ ਵੱਲੋਂ ਮਿਲ ਕੇ ਚਲਿਆ ਜਾਂਦਾ ਰਿਹਾ ਹੈ ਅਤੇ ਕਈ ਵਾਰ ਦੋਵਾਂ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਮਿਲ ਕੇ ਵੀ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣਿਆ ਹੈ। ਇਸ ਵਾਰ ਇਲੈਕਟ੍ਰਾਨਿਕਸ ਐਸੋਸੀਏਸ਼ਨ ਨੇ ਗਰਮੀਆਂ ਦੀਆਂ ਛੁੱਟੀਆਂ ਜੂਨ ਮਹੀਨੇ ਦੇ ਆਖਰੀ ਹਫਤੇ ਵਿਚ ਐਲਾਨ ਕਰ ਦਿੱਤੀਆਂ ਹਨ, ਜਦੋਂ ਕਿ ਇਲੈਕਟ੍ਰੀਕਲ ਐਸੋਸੀਏਸ਼ਨ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਦੋਵਾਂ ਐਸੋਸੀਏਸ਼ਨਾਂ ਵੱਲੋਂ ਇਸ ਮਾਮਲੇ ਵਿਚ ਵੱਖ-ਵੱਖ ਪੱਧਰ ’ਤੇ ਫ਼ੈਸਲੇ ਲਏ ਜਾਣਗੇ। ਖ਼ਾਸ ਗੱਲ ਇਹ ਹੈ ਕਿ ਕੁਝ ਸਾਲ ਪਹਿਲਾਂ ਦੋਵਾਂ ਐਸੋਸੀਏਸ਼ਨਾਂ ਵਿਚਕਾਰ ਛੁੱਟੀਆਂ ਨੂੰ ਲੈ ਕੇ ਟਕਰਾਅ ਤੱਕ ਹੋਇਆ ਸੀ ਅਤੇ ਹਲਕੇ ਪੱਧਰ ਦੀ ਪੋਸਟਰਬਾਜ਼ੀ ਦੀ ਨੌਬਤ ਤਕ ਆ ਗਈ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਕੂਲਰ ਅਤੇ ਪੱਖੇ ਵੇਚਣ ਵਾਲੇ ਕਾਰੋਬਾਰੀ ਮੰਦੀ ਦੀ ਲਪੇਟ ’ਚ, ਆਫ਼ ਸੀਜ਼ਨ ਦੀਆਂ ਕੀਮਤਾਂ ’ਤੇ ਵੇਚ ਰਹੇ ਹਨ ਮਾਲ
ਇਸ ਵਾਰ ਵੈਸਟਰਨ ਡਿਸਟਰਬੈਂਸ ਕਾਰਨ ਉੱਤਰ ਭਾਰਤ ਦੇ ਮੌਸਮ ਵਿਚ ਹੈਰਾਨੀਜਨਕ ਤਬਦੀਲੀ ਦਿਖਾਈ ਦੇ ਰਹੀ ਹੈ। ਮਈ ਮਹੀਨੇ ਵਿਚ ਪੂਰੇ ਉੱਤਰ ਭਾਰਤ ਵਿਚ ਤਿੱਖੀ ਧੁੱਪ ਰਹਿੰਦੀ ਹੈ ਅਤੇ ਗਰਮੀ ਆਪਣੇ ਪੂਰੇ ਜੋਬਨ ’ਤੇ ਹੁੰਦੀ ਹੈ। ਅਜਿਹੇ ਵਿਚ ਕੂਲਰ ਅਤੇ ਪੱਖੇ ਆਦਿ ਵੇਚਣ ਵਾਲੇ ਦੁਕਾਨਦਾਰ ਖੂਬ ਮਾਲ ਵੇਚਦੇ ਹਨ ਅਤੇ ਮੁਨਾਫਾ ਕਮਾਉਂਦੇ ਹਨ ਪਰ ਇਸ ਵਾਰ ਉੱਤਰ ਭਾਰਤ ਦੇ ਮੌਸਮ ਵਿਚ ਜਿਹੜੀ ਤਬਦੀਲੀ ਵੇਖੀ ਜਾ ਰਹੀ ਹੈ ਅਤੇ ਮਈ ਮਹੀਨੇ ਦੇ ਵਧੇਰੇ ਦਿਨਾਂ ਵਿਚ ਵੀ ਮੌਸਮ ਖੁਸ਼ਗਵਾਰ ਰਿਹਾ, ਉਸ ਨਾਲ ਕੂਲਰ ਅਤੇ ਪੱਖੇ ਆਦਿ ਵੇਚਣ ਵਾਲੇ ਵਧੇਰੇ ਦੁਕਾਨਦਾਰ ਮੰਦੀ ਦੀ ਲਪੇਟ ਵਿਚ ਹਨ।

ਇਹ ਦੁਕਾਨਦਾਰ ਇਨ੍ਹੀਂ ਦਿਨੀਂ ਆਪਣਾ ਸਟਾਕ ਕਲੀਅਰ ਕਰਨ ਦੇ ਲਾਲਚ ਵਿਚ ਭਾਰੀ ਡਿਸਕਾਊਂਟ ਦੇ ਕੇ ਅਤੇ ਆਫ ਸੀਜ਼ਨ ਦੇ ਰੇਟਾਂ ’ਤੇ ਮਾਲ ਵੇਚ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੂਲਰ ਬਣਾਉਣ ਵਾਲੀਆਂ ਕੰਪਨੀਆਂ ਨੇ ਤਾਂ ਆਪਣਾ ਉਤਪਾਦਨ ਠੱਪ ਕਰ ਦਿੱਤਾ ਹੈ ਅਤੇ ਫਿਲਹਾਲ ਜਿਹੜਾ ਮਾਲ ਮਾਰਕੀਟ ਵਿਚ ਪਿਆ ਹੋਇਆ ਹੈ, ਜੇਕਰ ਉਹੀ ਵਿਕ ਜਾਵੇ ਤਾਂ ਵੀ ਗਨੀਮਤ ਹੋਵੇਗੀ। ਇਸ ਸਥਿਤੀ ਦਾ ਫਾਇਦਾ ਸਿੱਧਾ ਗਾਹਕਾਂ ਨੂੰ ਮਿਲ ਰਿਹਾ ਹੈ। ਗਰਮੀਆਂ ਦੇ ਸੀਜ਼ਨ ਵਿਚ ਜਿਹੜਾ ਕੂਲਰ 11000 ਰੁਪਏ ਵਿਚ ਵਿਕਦਾ ਹੁੰਦਾ ਸੀ, ਉਹ ਹੁਣ ਮੌਸਮ ਦੀ ਤਬਦੀਲੀ ਕਰ ਕੇ 7500-8000 ਵਿਚ ਬਾਜ਼ਾਰ ਵਿਚ ਵਿਕਣ ਲੱਗਾ ਹੈ। ਬਰਾਂਡਿਡ ਪੱਖੇ ਵੀ ਮਾਰਕੀਟ ਤੋਂ ਘੱਟ ਕੀਮਤਾਂ ’ਤੇ ਵਿਕਣ ਲੱਗੇ ਹਨ। ਦੁਕਾਨਦਾਰਾਂ ਨੂੰ ਇਹੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਮੌਸਮ ਇਸੇ ਤਰ੍ਹਾਂ ਸੁਹਾਵਣਾ ਬਣਿਆ ਰਿਹਾ ਅਤੇ ਉਨ੍ਹਾਂ ਦਾ ਕੂਲਰ-ਪੱਖਿਆਂ ਦਾ ਸਟਾਕ ਖਤਮ ਨਾ ਹੋਇਆ ਤਾਂ ਉਹ ਅਗਲੇ ਸੀਜ਼ਨ ਲਈ ਗੀਜ਼ਰ ਅਤੇ ਹੀਟਰ ਆਦਿ ਕਿੱਥੇ ਸਟੋਰ ਕਰਨਗੇ।

ਇਹ ਵੀ ਪੜ੍ਹੋ- ਅਮਰੀਕਾ ਦੇ ਸੁਫ਼ਨੇ ਵਿਖਾ ਕੀਤੀ 31 ਲੱਖ ਦੀ ਠੱਗੀ, ਖੁੱਲ੍ਹੇ ਭੇਤ ਨੇ ਪਰਿਵਾਰ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News