ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਖਿਲਾਫ ਸਿੱਖ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਰੋਸ ਮਾਰਚ

Monday, Sep 10, 2018 - 01:11 PM (IST)

ਬੁੱਲ੍ਹੋਵਾਲ/ਹੁਸ਼ਿਆਰਪੁਰ (ਜਸਵਿੰਦਰਜੀਤ)— ਬੀਤੇ ਦਿਨ ਕਸਬਾ ਬੁੱਲ੍ਹੋਵਾਲ ਅਤੇ ਨੇੜਲੇ ਇਲਾਕੇ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾਵਾਂ ਵਿਰੁੱਧ ਮੁਜ਼ਾਹਰਾ ਕਰਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਚ ਨਸ਼ਰ ਹੋਏ ਦੋਸ਼ੀਆਂ ਡੇਰਾ ਸੱਚਾ ਸੌਦਾ ਦੇ ਬਾਬਾ ਰਾਮ ਰਹੀਮ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਅਤੇ ਹੋਰ ਪੁਲਸ ਅਫਸਰਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਸਮੂਹ ਸਿੱਖ ਜਥੇਬੰਦੀਆਂ ਨੇ ਇਕ ਵਿਸ਼ਾਲ ਰੋਸ ਮਾਰਚ ਗੁਰਦੁਆਰਾ ਸਿੰਘ ਸਭਾ ਬੁੱਲ੍ਹੋਵਾਲ ਤੋਂ ਲੈ ਕੇ ਭੋਗਪੁਰ ਬਾਈਪਾਸ ਤੱਕ ਕੱਢਿਆ। ਇਸ ਦੌਰਾਨ ਸਿੱਖ ਸੰਗਤਾਂ ਨੇ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ ਤੇ ਗ੍ਰਿਫਤਾਰ ਕਰੋ' ਆਦਿ ਨਾਅਰੇ ਲਾਏ।

ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੋਬਲਜੀਤ ਸਿੰਘ, ਕੁਲਦੀਪ ਸਿੰਘ ਮਸੀਤੀ, ਗੁਰਦੀਪ ਸਿੰਘ ਖੁਣਖੁਣ, ਸੋਹਣ ਸਿੰਘ ਮੁਲਤਾਨੀ ਨੰਦਾਚੌਰ, ਭੁਪਿੰਦਰ ਸਿੰਘ, ਰਣਵੀਰ ਸਿੰਘ ਬੈਂਸਤਾਨੀ, ਕਰਨੈਲ ਸਿੰਘ ਘੋੜੇਬਾਹਾ, ਇੰਦਰਜੀਤ ਸਿੰਘ ਅਤੇ ਸੰਦੀਪ ਸਿੰਘ ਟਾਂਡਾ ਨੇ ਬੋਲਦਿਆਂ ਕਿਹਾ ਕਿ ਅਸੀਂ ਸਾਰੇ ਧਾਰਮਕ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਹਾਜ਼ਰ-ਨਾਜ਼ਰ ਗੁਰੂ ਹਨ। ਇਨ੍ਹਾਂ ਦੀ ਤੁਲਨਾ ਕਿਸੇ ਹੋਰ ਧਰਮ ਗ੍ਰੰਥ ਨਾਲ ਨਹੀਂ ਕੀਤੀ ਜਾ ਸਕਦੀ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਲਈ ਸਰਕਾਰ ਨੂੰ ਵੱਖਰਾ ਕਾਨੂੰਨ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਸੰਤੁਸ਼ਟੀ ਜਤਾਉਂਦੇ ਹਾਂ। ਹੁਣ ਪੰਜਾਬ ਦੀ ਕਾਂਗਰਸ ਸਰਕਾਰ ਦੀ ੲਿਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਜੇਲ 'ਚ ਬੰਦ ਕਰਨ ਅਤੇ ਉਨ੍ਹਾਂ 'ਤੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਸਰਬਜੋਤ ਸਿੰਘ, ਜਸਵਿੰਦਰ ਸਿੰਘ ਹਰਿਆਣਾ, ਬਲਰਾਜ ਸਿੰਘ ਕੋਠੇਜੱਟਾਂ, ਕੁਲਵੰਤ ਸਿੰਘ ਧੁੱਗੇ, ਬਲਵਿੰਦਰ ਸਿੰਘ ਬੁੱਢੀਪਿੰਡ, ਦਲਜੀਤ ਸਿੰਘ ਟਾਂਡਾ, ਰਣਜੀਤ ਸਿੰਘ ਝਾਵਾਂ, ਪਵਿੱਤਰ ਸਿੰਘ ਆਹਲੂਵਾਲੀਆ, ਸੁਰਿੰਦਰ ਸਿੰਘ ਮਸੀਤੀ, ਰਮਨਦੀਪ ਸਿੰਘ ਹਰਿਆਣਾ, ਅਰਸ਼ਪ੍ਰੀਤ ਸਿੰਘ ਬੈਂਸਤਾਨੀ ਆਦਿ ਸਮੇਤ ਵੱਡੀ ਗਿਣਤੀ ਸਿੱਖ ਸੰਗਤਾਂ ਹਾਜ਼ਰ ਸਨ।


Related News