ਪਾਣੀ ਦੇ ਬਿੱਲਾਂ ’ਚ ਕੀਤੇ ਵਾਧੇ ਤੋਂ ਦੁਖੀ ਲੋਕਾਂ ਨੇੇ ਸਰਕਾਰ ਖਿਲਾਫ ਕੀਤਾ ਰੋਸ ਮੁਜ਼ਾਹਰਾ

01/12/2019 1:16:07 AM

   ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਪੰਜਾਬ ਸਰਕਾਰ ਵਲੋਂ ਪਾਣੀ ਦੇ ਬਿੱਲਾਂ ’ਚ ਕੀਤੇ ਗਏ ਭਾਰੀ ਵਾਧੇ ਤੋਂ ਦੁਖੀ ਗੁਰੁੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਵਾਸੀਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਜਿੱਥੇ ਸ਼ਹਿਰ ’ਚ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰ ਕੇ ਸ਼ਾਂਤਮਈ ਧਰਨਾ ਲਾਇਆ, ਉੱਥੇ ਹੀ ਪਾਣੀ ਦੇ ਵਧਾਏ ਰੇਟਾਂ ਨੂੰ ਵਾਪਿਸ ਲੈਣ ਦੀ ਮੰਗ  ਵੀ ਕੀਤੀ।
 ਪਹਿਲਾਂ ਤੋਂ ਦਿੱਤੇ ਸੱਦੇ ਮੁਤਾਬਿਕ ਅੱਜ ਸਾਰੀਆਂ ਹੀ ਸਿਆਸੀ, ਸਮਾਜਿਕ, ਧਾਰਮਕ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਬਹੁਤ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਨੇ ਸਵੇਰੇ ਸਥਾਨਕ ਚੋਈ ਬਾਜ਼ਾਰ ਦੀ ਕਾਲੀਆ ਸਵੀਟਸ ਦੀ ਦੁਕਾਨ ਕੋਲ ਇਕੱਠੇ ਹੋ ਕੇ ਇਸ ਵਾਧੇ ਦੀ ਭਾਰੀ ਨਿੰਦਾ ਕੀਤੀ ਅਤੇ ਇਕ ਬਹੁਤ ਵੱਡੇ ਕਾਫਲੇ ਨਾਲ ਸ਼ਹਿਰ ਦੇ ਮੁੱਖ ਬਾਜ਼ਾਰ ਤੋਂ ਗੁ. ਭਗਤ ਰਵਿਦਾਸ ਜੀ ਚੌਕ ਤੱਕ ਰੋਸ ਮਾਰਚ ਕੱਢਿਆ ਅਤੇ ਉੱਥੇ ਹੀ ਬੈਠ ਕੇ ਸਰਕਾਰ ਖਿਲਾਫ ਧਰਨਾ ਵੀ ਲਾਇਆ। ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਮਾਸਟਰ ਹਰਜੀਤ ਸਿੰਘ ਅਚਿੰਤ, ਜੈਮਲ ਸਿੰਘ ਭਡ਼ੀ, ਤਰਲੋਚਨ ਸਿੰਘ ਚੱਠਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਵਾਲੀਆ, ਅਕਾਲੀ ਆਗੂ ਮਨਜਿੰਦਰ ਸਿੰਘ ਬਰਾਡ਼, ਸਾਬਕਾ ਸਰਕਲ ਪ੍ਰਧਾਨ ਜਥੇਦਾਰ ਸੰਤੋਖ ਸਿੰਘ, ‘ਆਪ’ ਆਗੂ ਜਸਬੀਰ ਸਿੰਘ ਜੱਸੂ, ਭਾਜਪਾ ਆਗੂ ਕੇ. ਕੇ. ਬੇਦੀ, ਗੰਨੂ ਪ੍ਰਾਸ਼ਰ, ਮੋਹਨ ਸਿੰਘ ਕੈਂਥ ਅਤੇ ਹਰਤੇਗਬੀਰ ਸਿੰਘ ਤੇਗੀ ਨੇ ਪਾਣੀ ਦੇ ਰੇਟਾਂ ’ਚ ਕੀਤੇ ਤਿੰਨ ਗੁਣਾ ਵਾਧੇ ਲਈ ਪੰਜਾਬ ਸਰਕਾਰ ਦੀ ਭਾਰੀ ਨਿੰਦਾ ਕਰਦਿਅਾਂ ਕਿਹਾ ਕਿ  ਇਹ ਇਤਿਹਾਸਕ ਨਗਰੀ ’ਚ ਮੁਫਤ ਪਾਣੀ ਦੇਣ ਦੀ ਬਜਾਏ ਸਰਕਾਰ ਵਲੋਂ ਰੇਟਾਂ ’ਚ ਭਾਰੀ ਵਾਧਾ ਕਰ ਕੇ ਗੁਰੂ ਨਗਰੀ ਦੇ ਵਾਸੀਆਂ ’ਤੇ ਭਾਰੀ ਬੋਝ ਪਾ ਦਿੱਤਾ ਗਿਆ ਹੈ।  ਇਕੱਠੇ ਹੋਏ ਸਮੂਹ ਸ਼ਹਿਰ ਵਾਸੀਆਂ ਨੇ ਰੋਸ ਮੁਜ਼ਾਹਰਾ ਜਾਰੀ ਰੱਖਦਿਆਂ ਸਥਾਨਕ ਤਹਿਸੀਲ ਕੰਪਲੈਕਸ ਪਹੁੰਚ ਕੇ ਐੱਸ.ਡੀ.ਐੱਮ. ਹਰਬੰਸ ਸਿੰਘ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। 
ਇਸ ਮੌਕੇ ਮਨਿੰਦਰ ਪਾਲ ਸਿੰਘ ਮਨੀ, ਅਖਿਲ ਕੌਂਸਲ, ਸੰਜੇ ਆਂਗਰਾ, ਤਜਿੰਦਰ ਸਿੰਘ ਚੰਨ, ਸੋਨੂੰ ਅਰੋਡ਼ਾ, ਗਗਨ ਅਰੋਡ਼ਾ, ਅਮਰਜੀਤ ਸਿੰਘ, ਜਸਪਾਲ ਸਿੰਘ ਪਾਲ, ਜਸਪਾਲ ਸਿੰਘ ਪੰਮੀ, ਭੋਲਾ ਸੋਢੀ ਤੋਂ ਇਲਾਵਾ ਬਹੁਤ ਵੱਡੀ ਗਿਣਤੀ ਸ਼ਹਿਰ ਵਾਸੀ ਹਾਜ਼ਰ ਸਨ।


Related News