ਮੇਰੇ ਪਿੰਡ ਦੇ ਲੋਕ : ਭਜੋ

Friday, Apr 17, 2020 - 09:21 AM (IST)

ਮੇਰੇ ਪਿੰਡ ਦੇ ਲੋਕ : ਭਜੋ

ਕਿਸ਼ਤ- 5 - " ਭਜੋ "
ਰੁਪਿੰਦਰ ਸੰਧੂ

ਸੱਤਰਾਂ ਨੂੰ ਪਾਰ ਕਰ ਚੁੱਕੀ 'ਭਜੋ ' ਵੱਡੇ ਪਿੱਪਲ ਵਾਲੀ ਸੱਥ ਜਿਹਨੂੰ ਸਾਡਾ ਸਾਰਾ ਪਿੰਡ ਦਰਵਾਜ਼ਾ ਕਹਿੰਦਾ ਸੀ,  ਉਹਦੇ ਨਾਲ ਬਣੇ ਨਿੱਕੇ ਜਿਹੇ ਘਰ ਚ ਰਹਿੰਦੀ ਸੀ ਭਜੋ ਹੁਣ। ਪਰ ਵਰ੍ਹਿਆਂ ਪਹਿਲਾਂ ਉਹ ਵੱਡੇ ਸਾਰੇ ਹਵੇਲੀ ਵਰਗੇ ਘਰ ਦੀ ਲਾਣੇਦਾਰਨੀ ਸੀ। ਸਾਡੇ ਪਿੰਡ ਦਾ ਉਹ ਝਿਓਰਾਂ ਦਾ ਇਹੋ ਜਿਹਾ ਘਰ ਸੀ, ਜਿਹੜਾ ਕਹਿੰਦੇ ਕਹਾਉਂਦੇ ਜੱਟਾਂ ਜਿੰਨੇਂ ਰਿਜਕ ਵਾਲਾ ਸੀ । ਸਾਰਾ ਪਿੰਡ ਭਜੋ ਨੂੰ ਚਾਚੀ ਕਹਿੰਦਾ ਸੀ। ਮੈਂ ਜਦੋਂ ਤੋਂ ਸੁਰਤ ਸੰਭਾਲੀ ਉਹਨੂੰ ਇਹੋ ਜਿਹੀ ਹੀ ਵੇਖਿਆ ਸੀ।
 ਇਸੇ ਨਿੱਕੇ ਜਿਹੇ ਘਰ ਨੂੰ ਉਨ੍ਹਾਂ ਪੰਡਿਤਾਂ ਦੇ ਟੱਬਰ ਤੋਂ ਬਾਬੇ ਕੋਹਲੂ, ਤੇ ਉਹਦੇ ਦੋ ਮੁੰਡਿਆਂ ਕੁਲਦੀਪ ਤੇ ਬਿੰਦਰ ਦੀ ਕੱਪੜੇ ਸੀਣ ਦੀ ਦੁਕਾਨ ਵਾਸਤੇ ਖਰੀਦਿਆ ਸੀ।

ਉਹ ਤਿੰਨੋਂ ਜਣੇਂ ਸਾਰਾ ਦਿਨ ਉਸ ਦੁਕਾਨ ’ਚ ਕੱਪੜੇ ਸਿਓਂਦੇ ਰੌਣਕਾਂ ਲਾਈ ਰੱਖਦੇ ਹੁੰਦੇ ਸੀ । ਸ਼ਾਮੀਂ ਪੰਜ ਕੁ ਵਜੇ ਉਨ੍ਹਾਂ ਦੀ ਦੁਕਾਨ ਤੇ ਪਏ ਰੀਡਿਓ ਤੇ ਕੀਰਤਨ ਚੱਲਦਾ ਹੋਣਾ ਤਾਂ ਕਈ ਬਜ਼ੁਰਗ ਉੱਥੇ ਆਕੇ ਬੈਠ ਜਾਂਦੇ। ਚਾਚੀ ਭਜੋ ਦੇ ਚਾਰ ਮੁੰਡੇ ਸੀ। ਇਕ ਤਾਂ ਮੈਂ ਸ਼ੁਰੂ ਤੋਂ ਵੱਖਰਾ ਹੀ ਵੇਖਿਆ। ਉਹਦੀ ਘਰਦੀ ਆਪਣੀਂ ਰੋਟੀ ਅਲੱਗ ਹੀ ਪਕਾਉਂਦੀ ਸੀ ਸ਼ੁਰੂ ਤੋਂ ਪਰ ਬਾਕੀ ਦੇ ਤਿੰਨਾਂ ’ਚੋਂ ਇਕ ਵਿਆਹਿਆ ਹੋਇਆ ਸੀ ਅਮਰੀਕ। ਉਹ ਬਿਜਲੀ ਦਾ ਕੰਮ ਕਰਦਾ ਸੀ । 

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ : ਬਾਬਾ ਮੇਲਾ

ਕੁਆਰਿਆਂ ਚੋਂ ਇੱਕ ਫੌਜੀ ਸੀ ਤੇ ਇਕ ਕੁਲਦੀਪ ਜਿਹਨੂੰ ਸਾਰਾ ਪਿੰਡ ਕੀਪਾ -ਕੀਪਾ ਕਹਿੰਦਾ ਸੀ ਉਹ ਕੱਪੜੇ ਸਿਓਂਦਾ ਸੀ ਚਾਚੇ ਕੋਹਲੂ ਨਾਲ। ਮੈਂ ਪੰਦਰਾਂ ਕੁ ਵਰ੍ਹਿਆਂ ਦੀ ਸੀ। ਸਿਆਲਾਂ ਦੇ ਦਿਨ ਸੈਣ। ਅਚਾਨਕ ਸਵੇਰੇ -ਸਵੇਰੇ ਸਾਰੇ ਪਿੰਡ ਚ ਰੌਲਾ ਪੈ ਗਿਆ। ਕਹਿੰਦੇ ਚਾਚੀ ਭਜੋ ਦੇ ਮੁੰਡੇ ਬਿੰਦਰ ਨੇਂ ਦੁਕਾਨ ਚ ਫਾਹਾ ਲੈ ਲਿਆ । ਪਹਿਲੀ ਵਾਰ ਮੈਂ ਉਦੋਂ ਕਿਸੇ ਦੀ ਲਾਸ਼ ਵੇਖੀ ਸੀ ਸ਼ਾਇਦ। ਸਾਰਾ ਟੱਬਰ ਧਾਹਾਂ ਮਾਰ-ਮਾਰ ਰੋ ਰਿਹਾ ਸੀ। ਲੋਕੀ ਗੱਲਾਂ ਕਰ ਰਹੇ ਸੈਣ," ਨਾਂ ਘਰਦੀ ਨਾਲ ਲੜਾਈ , ਨਾਂ ਜੀਆਂ ਨਾਲ ਕੋਈ ਕਲੇਸ਼, ਖੌਰੇ ਕੀ ਹੋ ਗਿਆ ਬਿੰਦਰ ਨੂੰ ? ਚਾਚੀ ਭਜੋ ਤਾ ਕਮਲਿਆਂ ਵਰਗੀ ਹੋ ਗਈ ਜਿਵੇਂ ਉਸਤੋਂ ਬਾਅਦ ।  

PunjabKesari

ਸਾਲ ਕੁ ਬਾਅਦ ਬਿੰਦਰ ਦੀ ਘਰਦੀ ਨੂੰ ਫੌਜੀ ਦੇ ਸਿਰ ਧਰ ਦਿੱਤਾ। ਤੇ ਛੋਟਾ ਮੁੰਡਾ ਕੁਲਦੀਪ ਵੀ ਚਾਚੀ ਨੇਂ ਵਿਆਹ ਲਿਆ ਸੀ, ਤਿੰਨਾਂ ਕੁ ਵਰ੍ਹਿਆਂ ਬਾਅਦ ਜਦੋਂ ਚਾਚਾ ਕੋਹਲੂ ਮੁੱਕਿਆ ਉਸਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਚਾਚੀ ਭਜੋ ਦੇ ਘਰ ਨੂੰ , ਉਹਦਾ ਜਿਵੇਂ ਆਪਣੇਂ ਘਰ ਜੀਅ ਹੀ ਨਾਂਹ ਲੱਗਿਆ ਕਰੇ। ਮੇਰੀ ਬੇਬੇ ਕਹਿੰਦੀ ਹੁੰਦੀ ਸੀ ,"ਭਜੋ ਵਰਗਾ ਅਚਾਰ ਨੀ ਕੋਈ ਬਣਾ ਸਕਦਾ ।

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ - ਚਾਚਾ ਨੰਬਰਦਾਰ

ਸਾਰੇ ਪਿੰਡ ਦੇ ਘਰਾਂ ਚ ਚਾਚੀ ਨੇਂ ਅਚਾਰ ਪਾਉਣ ਜਾਣਾ ਹੁੰਦਾ ਸੀ। ਉਹਨੇਂ ਕਦੇ ਕਿਸੇ ਘਰ ਬੈਠੀ ਹੋਣਾਂ ਕਦੇ ਕਿਸੇ ਘਰ। ਸਾਡੇ ਘਰੇ ਤਾਂ ਹਮੇਸ਼ਾ ਜਦੋਂ ਕੋਈ ਪੰਜੀਰੀ ਬਣਨੀ ਜਾਂ ਅਚਾਰ ਤਾਂ ਚੌਂਕੇ ’ਚ ਹਮੇਸ਼ਾ ਚਾਚੀ ਭਜੋ ਨੇਂ ਬੈਠੀ ਹੋਣਾਂ। ਜਿੱਥੇ ਉਹਨੇਂ ਬੈਠਣਾ ਉੱਥੇ ਹੀ ਰੋਟੀ ਖਾ ਛੱਡਣੀ ।

ਕਈ ਵਾਰੀ ਤਾਂ ਉਹਨੇਂ ਸੌਂ ਵੀ ਉੱਥੇ ਹੀ ਜਾਣਾਂ। ਸਾਡੀ ਬੇਬੇ ਜੀ ਨੇ ਕਹਿਣਾ," ਚੰਦਰੀਆਂ ਨੂੰਹਾਂ ਭੋਰਾ ਨੀਂ ਪੁੱਛਦੀਆਂ ਭਜੋ ਨੂੰ। ਫਿਰ ਇਕ ਦਿਨ ਉਹ ਵੇਲਾ ਵੀ ਆਇਆ ਜਦੋਂ ਵੱਡੇ ਸਾਰੇ ਘਰ ’ਚੋਂ ਕੱਢਕੇ ਚਾਚੀ ਭਜੋ ਦਾ ਮੰਜਾ ਉਸ ਨਿੱਕੇ ਜਿਹੇ ਦੁਕਾਨਾਂ ਵਾਲੇ ਘਰ ਚ ਆ ਗਿਆ । ਬੜੀ ਉਦਾਸ ਜਿਹੀ ਰਿਹਾ ਕਰੇ ਚਾਚੀ । ਸਾਰਾ ਦਿਨ ਬਾਹਰ ਨਿੱਕਲਕੇ ਪਿੱਪਲ ਥੱਲੇ ਬੈਠੀ ਰਿਹਾ ਕਰੇ। ਜੇ ਕਦੀ ਦੁੱਖ ਤਕਲੀਫ਼ ਹੋਣੀਂ ਕੋਈ ਤਾਂ ਜਿੱਧਰ ਜਿਆਦਾ ਮੇਰ ਜਿਹੀ ਹੋਣੀ ਉਹਦੀ ਉੱਥੇ ਉਹਨੇਂ ਚਲੀ ਜਾਣਾਂ। ਪਰ ਕਹਿੰਦੇ ਨੇਂ ਕਿ ਬਜ਼ੁਰਗ ਨੂੰ ਉਨ੍ਹਾਂ ਬੁਢਾਪਾ ਨਹੀਂ ਮਾਰਦਾ ਜਿੰਨਾਂ ਆਪਣਿਆਂ ਦੀ ਬੇਰੁਖ਼ ।

ਪੜ੍ਹੋ ਇਹ ਵੀ ਖਬਰ - ਮੇਰੇ ਪਿੰਡ ਦੇ ਲੋਕ - ਸੰਤ ਦੀ ਮਾਂ

ਇਕ ਰਾਤੀ ਅੱਠਾਂ ਕੁ ਦਾ ਵੇਲਾ ਸੀ, ਉਹੀ ਸਿਆਲਾਂ ਦੇ ਦਿਨ। ਉਹਨੇਂ ਭੱਜਕੇ ਗੁਆਂਢੀਆਂ ਦਾ ਬੂਹਾ ਖੜਕਾਇਆ। "ਕੀ ਹੋ ਗਿਆ ਚਾਚੀ ? ਕੀ ਹੋ ਗਿਆ ਦਾ ਰੌਲਾ ਪੈ ਗਿਆ। ਕਹਿੰਦੀ ਮੇਰੇ ਬੂਟ ਜੁਰਾਬਾਂ ਖੋਲ ਦਿਓ, ਘਬਰਾਹਟ ਹੋ ਰਹੀ ਏ ਮੈਨੂੰ , ਕੋਟੀ ਤੇ ਸ਼ਾਲ ਵੀ ਲਾਹ ਕੇ ਵਗਾਹ ਮਾਰੀ । ਪਲਾਂ ਚ  ਚਾਚੀ ਭਜੋ ਹੋਰ ਦੁਨੀਆਂ ’ਚ ਸੀ।  

ਕਮੀਜ਼ ਦੀ ਜੇਬ ’ਚ ਥੱਬਾ ਗੋਲੀਆਂ ਦਾ ਸੀ ਜਿਹੜਾ ਖੌਰੇ ਕਿੰਨੇਂ ਦਿਨਾਂ ਤੋਂ ਖਾਦਾ ਹੀ ਨਹੀਂ ਸੀ ।ਸ਼ਾਇਦ ਦਿਲ ਦਾ ਰੋਗ ਉਨਾਂ ਵੱਡਾ ਨਹੀਂ ਸੀ ਲੱਗਦਾ ਉਹਨੂੰ, ਜਿੰਨਾਂ ਆਪਣਿਆਂ ਦੀ ਬੇਰੁਖੀ ਵਾਲਾ ਦਰਦ  ਸੀ ।
 


author

rajwinder kaur

Content Editor

Related News