ਸੁਲਤਾਨਪੁਰ ਲੋਧੀ ’ਚ ਮਾਹੌਲ ਸ਼ਾਂਤ, ਪਰਤੀ ਰੌਣਕ, ਵੱਡੀ ਗਿਣਤੀ ’ਚ ਗੁਰੂ ਘਰਾਂ ’ਚ ਨਤਮਸਤਕ ਹੋਣ ਪੁੱਜੀ ਸੰਗਤ
Saturday, Nov 25, 2023 - 12:11 PM (IST)
ਸੁਲਤਾਨਪੁਰ ਲੋਧੀ (ਧੀਰ)-ਨਿਹੰਗ ਧੜਿਆਂ ’ਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਦੇ ਕਬਜ਼ੇ ਨੂੰ ਲੈ ਕੇ ਉਪਜੇ ਫਾਇਰਿੰਗ ਤੋਂ ਬਾਅਦ ਇਕ ਪੁਲਸ ਮੁਲਾਜ਼ਮ ਦੀ ਮੌਤ ਹੋਣ ਕਾਰਨ ਪਾਵਨ ਨਗਰੀ ’ਚ ਮਾਹੌਲ ਤਣਾਅਪੂਰਨ ਹੋ ਗਿਆ ਸੀ। ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੂਝਬੂਝ ਨਾਲ ਡੇਰੇ ਨੂੰ ਖਾਲੀ ਕਰਵਾਉਣ ਉਪਰੰਤ ਹੁਣ ਪਾਵਨ ਨਗਰੀ ਦਾ ਮਾਹੌਲ ਦੋਬਾਰਾ ਸ਼ਾਂਤੀ ਵਾਲਾ ਬਣ ਗਿਆ ਹੈ। ਸ਼ੁੱਕਰਵਾਰ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰਾਂ ’ਚ ਨਤਮਸਤਕ ਹੋਣ ਲਈ ਸੁਲਤਾਨਪੁਰ ਲੋਧੀ ਪੁੱਜੀਆਂ। ਹਰ ਸ਼ਰਧਾਲੂ ਦੇ ਚਿਹਰੇ ’ਤੇ ਖ਼ੁਸ਼ੀ ਵਿਖਾਈ ਦੇ ਰਹੀ ਹੈ। ਚਾਰੇ-ਪਾਸੇ ਸ਼ਰਧਾਲੂਆਂ ਦੀਆਂ ਰੌਣਕਾਂ ਲੱਗੀਆਂ ਨਜ਼ਰ ਆਈਆਂ।
ਉਧਰ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਸਾਹਿਬ ਨੂੰ ਜਾਣ ਲਈ ਸਾਰੇ ਰਸਤੇ ਖੋਲ੍ਹ ਦਿੱਤੇ ਗਏ ਹਨ ਅਤੇ ਸੰਗਤਾਂ ਬੇਝਿਜਕ ਗੁਰੂ ਘਰਾਂ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਹਨ। ਪੁਲਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਗੌਰਤਲਬ ਹੈ ਕਿ ਪੁਲਸ ਅਤੇ ਨਿਹੰਗ ਸਿੰਘਾਂ ਦੇ ਦਰਮਿਆਨ ਆਪਸੀ ਗੋਲ਼ੀਬਾਰੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਸਾਰੇ ਰਸਤੇ ਪੁਲਸ ਨੇ ਸੀਲ ਕਰ ਦਿੱਤੇ ਸਨ ਅਤੇ ਮੇਲੇ ਮੌਕੇ ਸਜਾਈਆਂ ਬਾਹਰ ਦੁਕਾਨਾਂ ਨੂੰ ਵੀ ਬੰਦ ਕਰਵਾ ਦਿੱਤਾ, ਜਿਸ ਕਾਰਨ ਗੁਰਦੁਆਰਾ ਬੇਰ ਸਾਹਿਬ ਦੇ ਨਜ਼ਦੀਕ ਜੋ ਬੀਤੇ ਦਿਨੀਂ ਸੰਨਾਟਾ ਪੱਸਰਿਆ ਹੋਇਆ ਸੀ, ਉਹ ਹੁਣ ਬਿਲਕੁੱਲ ਖ਼ਤਮ ਹੋ ਗਿਆ ਹੈ। ਦੁਕਾਨਾਂ ਫਿਰ ਤੋਂ ਖੁੱਲ੍ਹ ਗਈਆਂ ਹਨ ਅਤੇ ਸਜੀਆਂ ਹੋਈਆਂ ਹਨ, ਜਿੱਥੇ ਸੰਗਤਾਂ ਵੱਲੋਂ ਖ਼ਰੀਦਦਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ IPS ਅਫ਼ਸਰਾਂ ਦੇ ਤਬਾਦਲਿਆਂ ਤੋਂ ਬਾਅਦ ਸ਼ੁਰੂ ਹੋਈ ਨਵੀਂ ਚਰਚਾ, ਲਿਆ ਜਾ ਸਕਦੈ ਵੱਡਾ ਫ਼ੈਸਲਾ
ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੈਨੇਜਰ ਭਾਈ ਜਰਨੈਲ ਸਿੰਘ ਬੂਲੇ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੇ ਗੁਰਪੁਰਬ ਨੂੰ ਲੈ ਕੇ ਜਿਸ ਹਿੰਮਤ ਤੇ ਦਲੇਰੀ ਨਾਲ ਇਸ ਫੈਸਲੇ ਨੂੰ ਲਾਗੂ ਕਰਵਾ ਕੇ ਆਮ ਵਰਗਾ ਮਾਹੌਲ ਦੁਬਾਰਾ ਜੋ ਬਣਾਇਆ ਹੈ, ਉਸ ਲਈ ਪੂਰਾ ਪ੍ਰਸ਼ਾਸਨ ਵਿਸ਼ੇਸ਼ ਤੌਰ ’ਤੇ ਪੁਲਸ ਅਧਿਕਾਰੀ ਵਧਾਈ ਦੇ ਪਾਤਰ ਹਨ।
ਕਿਸੇ ਨੂੰ ਵੀ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ: ਡੀ. ਐੱਸ. ਪੀ.
‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਡੀ. ਐੱਸ. ਪੀ. ਬਬਨਦੀਪ ਸਿੰਘ ਨੇ ਕਿਹਾ ਕਿ ਗੁਰਪੁਰਬ ਨੂੰ ਲੈ ਕੇ ਪੁਲਸ ਵੱਲੋਂ ਪੂਰੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ ਅਤੇ ਕਿਸੇ ਨੂੰ ਵੀ ਮਾਹੌਲ ਖ਼ਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੰਗਤਾਂ ਬਿਨਾਂ ਕਿਸੇ ਡਰ ਤੇ ਭੈਅ ਤੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਆ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਡੇਰੇ ਦੇ ਆਲੇ-ਦੁਆਲੇ ਵੀ ਪੁਲਸ ਕਰਮਚਾਰੀ ਤਾਇਨਾਤ ਕੀਤੇ ਹੋਏ ਹਨ। ਉਨ੍ਹਾਂ ਦੇਸ਼ ਵਿਦੇਸ਼ ਤੋਂ ਆ ਰਹੀ ਸੰਗਤਾਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਹਰ ਸਮੇਂ ਸੰਗਤਾਂ ਦੀ ਸੇਵਾ ਲਈ ਹਾਜ਼ਰ ਹੈ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੇ ਮੁੱਖ ਚੌਂਕ ’ਚ ਸਥਿਤ ਸਪਾ ਸੈਂਟਰ ਵਿਵਾਦਾਂ ’ਚ, ਸ਼ਰੇਆਮ ਚੱਲਦੈ ਗੰਦਾ ਧੰਦਾ, ਇੰਝ ਹੁੰਦੀ ਹੈ ਡੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711