ਗੁਰਦੁਆਰਾ ਸਾਹਿਬ ’ਚ ਕਬਜ਼ੇ ਦੀ ਨੀਅਤ ਨਾਲ ਬੈਠੇ ਲੋਕਾਂ ਨੇ ਔਰਤ ਨਾਲ ਬਦਸਲੂਕੀ ਮਗਰੋਂ ਕੀਤੀ ਕੁੱਟਮਾਰ, 3 ’ਤੇ ਕੇਸ

07/01/2023 3:42:40 PM

ਜਲੰਧਰ (ਜ. ਬ.)–ਏਕਤਾ ਵਿਹਾਰ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਚ ਕਬਜ਼ੇ ਦੀ ਨੀਅਤ ਨਾਲ ਬੈਠੇ 3 ਲੋਕਾਂ ਨੇ ਇਕ ਬਜ਼ੁਰਗ ਨੂੰ ਪ੍ਰੇਸ਼ਾਨ ਕਰਨ ਦਾ ਵਿਰੋਧ ਜਤਾਉਣ ਆਈ ਉਸ ਦੀ ਨੂੰਹ ਨਾਲ ਬਦਸਲੂਕੀ ਕੀਤੀ। ਉਕਤ ਲੋਕਾਂ ਨੇ ਔਰਤ ਦੇ ਚਰਿੱਤਰ ’ਤੇ ਉਂਗਲੀ ਵੀ ਉਠਾਈ। ਇਸਦੇ ਨਾਲ-ਨਾਲ ਉਸ ਨਾਲ ਕੁੱਟਮਾਰ ਅਤੇ ਹੋਰਨਾਂ ਔਰਤਾਂ ਨਾਲ ਵੀ ਬਦਸਲੂਕੀ ਕੀਤੀ। ਜਨਵਰੀ 2023 ਨੂੰ ਇਸਦੀ ਸ਼ਿਕਾਇਤ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਦੀ ਲੰਮੀ ਜਾਂਚ ਤੋਂ ਬਾਅਦ 3 ਮੁਲਜ਼ਮਾਂ ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਤਰਨਦੀਪ ਸਿੰਘ ਖ਼ਿਲਾਫ਼ ਧਾਰਾ 354, 506 ਅਧੀਨ ਕੇਸ ਦਰਜ ਕਰ ਲਿਆ ਗਿਆ।

ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਏਕਤਾ ਵਿਹਾਰ ਨਿਵਾਸੀ ਔਰਤ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਵਿਚ ਕੁਝ ਲੋਕ ਕਬਜ਼ਾ ਕਰਨ ਦੀ ਨੀਅਤ ਨਾਲ ਦਾਖਲ ਹੋ ਗਏ ਸਨ। ਉਹ ਅਕਸਰ ਸੰਗਤ ’ਤੇ ਦਬਾਅ ਪਾਉਂਦੇ ਸਨ ਅਤੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ। ਸ਼ਿਕਾਇਤਕਰਤਾ ਔਰਤ ਨੇ ਕਿਹਾ ਕਿ 15 ਜਨਵਰੀ ਨੂੰ ਜਦੋਂ ਉਸਦਾ ਬਜ਼ੁਰਗ ਸਹੁਰਾ ਗੁਰਦੁਆਰਾ ਸਾਹਿਬ ਵਿਚ ਹਾਜ਼ਰੀ ਲੁਆਉਣ ਗਿਆ ਤਾਂ ਹਰਜਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਤਰਨਦੀਪ ਸਿੰਘ ਨੇ ਉਨ੍ਹਾਂ ਨਾਲ ਗਲਤ ਸਲੂਕ ਕੀਤਾ। ਉਹ ਚੰਗੀ ਤਰ੍ਹਾਂ ਬੈਠ ਵੀ ਨਹੀਂ ਸਕਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤਾ। ਵਿਰੋਧ ਕਰਨ ’ਤੇ ਉਕਤ ਲੋਕਾਂ ਨੇ ਲੜਾਈ ਦਾ ਮਾਹੌਲ ਬਣਾਇਆ।

ਇਹ ਵੀ ਪੜ੍ਹੋ- ਦੁਖ਼ਦਾਇਕ ਖ਼ਬਰ: ਮੁਕੇਰੀਆਂ ਦੇ 27 ਸਾਲਾ ਨੌਜਵਾਨ ਦਾ ਅਮਰੀਕਾ 'ਚ ਗੋਲ਼ੀਆਂ ਮਾਰ ਕੇ ਕਤਲ

ਬਜ਼ੁਰਗ ਦੀ ਨੂੰਹ ਨੇ ਜਦੋਂ ਉਕਤ ਲੋਕਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਗਾਲੀ-ਗਲੋਚ ਵੀ ਕੀਤਾ। ਦੋਸ਼ ਹੈ ਕਿ ਸਾਰਿਆਂ ਦੇ ਸਾਹਮਣੇ ਔਰਤ ਦੇ ਚਰਿੱਤਰ ’ਤੇ ਉਂਗਲੀ ਉਠਾਈ ਗਈ, ਜਿਸ ਦਾ ਹੋਰਨਾਂ ਔਰਤਾਂ ਨੇ ਵੀ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਵੀ ਗਲਤ ਸਲੂਕ ਕੀਤਾ ਗਿਆ।
ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ ਕਬਜ਼ਾ ਕਰਨ ਦੀ ਨੀਅਤ ਨਾਲ ਦਾਖ਼ਲ ਹੋਏ ਲੋਕਾਂ ਨੇ ਪੁਲਸ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤਕ ਨਹੀਂ ਵਿਖਾਈ। ਇਸ ਮਾਮਲੇ ਸਬੰਧੀ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਦੀ ਜਾਂਚ ਤੋਂ ਬਾਅਦ ਪੁਲਸ ਨੇ ਤਿੰਨਾਂ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ। ਥਾਣਾ ਨੰਬਰ 7 ਦੇ ਐੱਸ. ਆਈ. ਹਰਦੀਪ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ 2024: ਪੰਜਾਬ ਦੀ ਸਿਆਸਤ ਦੇ 13 ਅਖਾੜੇ, 12 ’ਤੇ ਆਮ ਆਦਮੀ ਪਾਰਟੀ ਕੋਲ ਖਿਡਾਰੀ ਹੀ ਨਹੀਂ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News