ਘਮੰਡ ਨਾਲ ਨਹੀਂ, ਸੇਵਾ ਨਾਲ ਜਿੱਤੇ ਜਾਂਦੇ ਨੇ ਲੋਕਾਂ ਦੇ ਦਿਲ: ਡਾ. ਨਵਜੋਤ ਦਾਹੀਆ

Tuesday, Feb 10, 2026 - 09:05 PM (IST)

ਘਮੰਡ ਨਾਲ ਨਹੀਂ, ਸੇਵਾ ਨਾਲ ਜਿੱਤੇ ਜਾਂਦੇ ਨੇ ਲੋਕਾਂ ਦੇ ਦਿਲ: ਡਾ. ਨਵਜੋਤ ਦਾਹੀਆ

ਨਕੋਦਰ (ਪਾਲੀ) - ਆਮ ਆਦਮੀ ਪਾਰਟੀ ਵੱਲੋਂ ਬੀਤੇ ਦਿਨ ਚੰਡੀਗੜ੍ਹ ਵਿਖੇ ਕੀਤੇ ਰੋਸ ਪ੍ਰਦਰਸ਼ਨ ਦੌਰਾਨ ਹਲਕਾ ਨਕੋਦਰ ਤੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ਮਗਰੋਂ ਸਿਆਸਤ ਗਰਮਾ ਗਈ ਹੈ। ਨਕੋਦਰ ਹਲਕੇ ਤੋਂ ਕਾਂਗਰਸ ਇੰਚਾਰਜ ਡਾ. ਨਵਜੋਤ ਦਾਹੀਆ ਨੇ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹ ਭਾਸ਼ਾ ਲੋਕਤੰਤਰ ਅਤੇ ਪੰਜਾਬ ਦੀ ਸਵਾਭਿਮਾਨੀ ਸੋਚ ਦਾ ਅਪਮਾਨ ਹੈ।

ਡਾ. ਨਵਜੋਤ ਦਾਹੀਆ ਨੇ ਕਿਹਾ ਕਿ ਧਰਨੇ ਦੌਰਾਨ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਕਿਹਾ ਸੀ ਕਿ ਹੁਣ ਆਮ ਆਦਮੀ ਪਾਰਟੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋ ਕੇ ਉੱਭਰੀ ਹੈ। "ਹੁਣ ਅਸੀਂ 92 ਜਾਂ 95 ਸੀਟਾਂ 'ਤੇ ਨਹੀਂ, ਸਗੋਂ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ 117 ਸੀਟਾਂ ਧੌਣ 'ਤੇ ਗੋਡਾ ਰੱਖ ਕੇ' ਜਿੱਤ ਹਾਸਲ ਕਰਾਂਗੇ।"

ਉਨ੍ਹਾਂ ਕਿਹਾ, “ਨਕੋਦਰ ਦੀ ਜਨਤਾ ਕਿਸੇ ਦੀ ਜਗੀਰ ਨਹੀਂ। ਲੋਕਾਂ ਨੇ ਸਰਕਾਰ ਅਹੰਕਾਰ ਸੁਣਨ ਲਈ ਨਹੀਂ—ਵਿਕਾਸ, ਰੋਜ਼ਗਾਰ, ਸਿਹਤ ਅਤੇ ਸੁਰੱਖਿਆ ਲਈ ਚੁਣੀ ਸੀ। ਅੱਜ ਜਦੋਂ ਲੋਕ ਸੜਕਾਂ, ਨਸ਼ੇ, ਬੇਰੋਜ਼ਗਾਰੀ ਅਤੇ ਕਾਨੂੰਨ-ਵਿਵਸਥਾ ‘ਤੇ ਸਵਾਲ ਪੁੱਛ ਰਹੇ ਹਨ, ਤਾਂ ਉਨ੍ਹਾਂ ਨੂੰ ਜਵਾਬ ਦੀ ਥਾਂ ਘਮੰਡ ਮਿਲ ਰਿਹਾ ਹੈ।”

ਡਾ. ਦਾਹੀਆ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਉੱਠਿਆ ਰੋਸ ਸਾਬਤ ਕਰਦਾ ਹੈ ਕਿ ਲੋਕ ਇਸ ਤਰ੍ਹਾਂ ਦੀ ਤਾਨਾਸ਼ਾਹ ਸੋਚ ਨੂੰ ਕਦੇ ਕਬੂਲ ਨਹੀਂ ਕਰਨਗੇ। “ਕਾਂਗਰਸ ਦੀ ਰਾਜਨੀਤੀ ਲੋਕਾਂ ‘ਤੇ ਗੋਡਾ ਰੱਖਣ ਦੀ ਨਹੀਂ—ਲੋਕਾਂ ਦਾ ਹੱਥ ਫੜਨ ਦੀ ਹੈ। ਅਸੀਂ ਹਮੇਸ਼ਾ ਲੋਕਾਂ ਦੇ ਮਾਣ-ਸਤਿਕਾਰ ਦੀ ਰਖਿਆ ਲਈ ਖੜ੍ਹੇ ਰਹੇ ਹਾਂ।”

ਉਨ੍ਹਾਂ ਮੰਗ ਕੀਤੀ ਕਿ ਵਿਧਾਇਕਾ ਇੰਦਰਜੀਤ ਕੌਰ ਮਾਨ ਆਪਣੇ ਬਿਆਨ ਲਈ ਨਕੋਦਰ ਵਾਸੀਆਂ ਤੋਂ ਮਾਫ਼ੀ ਮੰਗਣ ਅਤੇ ਅਸਲ ਮੁੱਦਿਆਂ ‘ਤੇ ਧਿਆਨ ਦੇਣ ਨਸ਼ਾ, ਨੌਜਵਾਨਾਂ ਦਾ ਰੋਜ਼ਗਾਰ, ਹਸਪਤਾਲਾਂ ਦੀ ਮੰਦਹਾਲੀ ਅਤੇ ਟੁੱਟੀਆਂ ਸੜਕਾਂ। ਡਾ. ਦਾਹੀਆ ਨੇ ਕਿਹਾ “ਨਕੋਦਰ ਝੁਕਣ ਵਾਲਾ ਨਹੀਂ,ਸਵਾਲ ਪੁੱਛਣ ਵਾਲਾ ਹਲਕਾ ਹੈ। ਕਾਂਗਰਸ ਹਰ ਘਰ, ਹਰ ਪਿੰਡ ਦੇ ਨਾਲ ਖੜ੍ਹੀ ਹੈ।”


author

Inder Prajapati

Content Editor

Related News