ਪਾਦਰੀ ਦੀ ਕਰਤੂਤ, ਆਪਣੀ ਹੀ ਚਰਚ ''ਚ ਕੀਤੀ ਬੇਅਦਬੀ

12/15/2019 4:39:46 PM

ਮੋਰਿੰਡਾ (ਸੱਜਣ ਸੈਣੀ)— ਮੋਰਿੰਡਾ ਪੁਲਸ ਨੇ ਇਕ ਚਰਚ ਦੇ ਪਾਦਰੀ ਨੂੰ ਚਰਚ 'ਚ ਹੀ ਬੇਅਦਬੀ ਕਰਨ ਦੇ ਦੋਸ਼ 'ਚ ਕਾਬੂ ਕੀਤਾ ਹੈ। ਪੁਲਸ ਅਨੁਸਾਰ ਇਸ ਪੱਧਰੀ ਨੇ ਆਪਣੀ ਹੀ ਚਰਚ 'ਚ ਆਪਣੇ ਹੱਥੀਂ ਹੋਲੀ ਬੁੱਕ ਦੀ ਬੇਅਦਬੀ ਕੀਤੀ। ਇਸ ਦੇ ਨਾਲ ਹੀ ਚਰਚ ਦਾ ਸਾਮਾਨ ਅਤੇ ਹੋਰ ਧਾਰਮਿਕ ਸਮੱਗਰੀ ਵੀ ਇੱਧਰ-ਉੱਧਰ ਸੁੱਟ ਦਿੱਤੀ। ਇਸੇ ਸੰਬੰਧ 'ਚ ਮੋਰਿੰਡਾ ਪੁਲਸ ਨੇ ਬਿਸ਼ਪ ਸੋਹਣ ਲਾਲ ਨੂੰ ਗ੍ਰਿ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ। ਇਸ ਸਬੰਧੀ ਡੀ. ਐੱਸ. ਪੀ. ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਬਿਸ਼ਪ ਸੋਹਣ ਲਾਲ ਵੱਲੋਂ 12 ਦਸੰਬਰ ਨੂੰ ਸ਼ਾਮ ਦੇ ਸਮੇਂ ਫੋਨ ਕਰਕੇ ਸ਼ਿਕਾਇਤ ਦਿੱਤੀ ਗਈ ਕਿ ਕੁਝ ਵਿਅਕਤੀ ਉਸ ਨਾਲ ਲੜਾਈ-ਝਗੜੇ ਕਰ ਰਹੇ ਹਨ।

PunjabKesari

ਸੂਚਨਾ ਪਾ ਕੇ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਨੂੰ ਇਹ ਮਾਮਲਾ ਪਹਿਲਾਂ ਸ਼ੱਕੀ ਲੱਗਿਆ ਅਤੇ ਜਾਂਚ ਸ਼ੁਰੂ ਕੀਤੀ। ਡੀ. ਐੱਸ. ਪੀ. ਸੁਖਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁੱਢਲੇ ਤੌਰ 'ਤੇ ਇਹ ਮਾਮਲਾ ਸ਼ੱਕੀ ਜਾਪਿਆ ਸੀ ਕਿਉਂਕਿ ਸੋਹਣ ਲਾਲ ਨੇ 181 'ਤੇ ਫੋਨ ਕਰਕੇ ਲੜਾਈ-ਝਗੜਾ ਹੋਣ ਦੀ ਸ਼ਿਕਾਇਤ ਦਿੱਤੀ ਸੀ ਜਦਕਿ ਉਸ ਦੇ ਵੱਲੋਂ ਬਾਅਦ 'ਚ ਪੁਲਸ ਨੂੰ ਚਰਚ 'ਚ ਕੀਤੀ ਗਈ ਬੇਅਦਬੀ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਬਿਸ਼ਪ ਸੋਹਣ ਲਾਲ ਵੱਲੋਂ ਇਸ ਦੌਰਾਨ ਇੱਧਰ-ਉੱਧਰ ਫੋਨ ਕਰਕੇ ਪੁਲਸ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੌਰਾਨ ਪਾਇਆ ਗਿਆ ਕਿ ਇਹ ਕਰਤੂਤ ਬਿਸ਼ਪ ਵੱਲੋਂ ਸੋਹਣ ਲਾਲ ਨੇ ਖੁਦ ਹੀ ਕੀਤੀ ਹੈ ਅਤੇ ਉਸ ਨੇ ਕਿਸੇ ਹੋਰ ਵਿਅਕਤੀ ਨੂੰ ਫਸਾਉਣ ਲਈ ਇਹ ਸਾਜਿਸ਼ ਰਚੀ ਸੀ। ਪੁਲਸ ਅਨੁਸਾਰ ਇਹ ਗੱਲ ਬਿਸ਼ਪ ਸੋਹਣ ਲਾਲ ਨੇ ਸਵੀਕਾਰ ਵੀ ਕਰ ਲਈ ਹੈ।


shivani attri

Content Editor

Related News