ਸਰਕਾਰ ਦੀ ਅਣਦੇਖੀ ਕਾਰਨ ਦਿੱਲੀ ਏਅਰਪੋਰਟ ਜਾਣ ਵਾਲੀ ਵੋਲਵੋ ਬੱਸ ਦੇ ਯਾਤਰੀ ਪ੍ਰੇਸ਼ਾਨ

Monday, Nov 26, 2018 - 01:56 AM (IST)

ਸਰਕਾਰ ਦੀ ਅਣਦੇਖੀ ਕਾਰਨ ਦਿੱਲੀ ਏਅਰਪੋਰਟ ਜਾਣ ਵਾਲੀ ਵੋਲਵੋ ਬੱਸ ਦੇ ਯਾਤਰੀ ਪ੍ਰੇਸ਼ਾਨ

ਹੁਸ਼ਿਆਰਪੁਰ,   (ਅਮਰਿੰਦਰ)-  ਪੰਜਾਬ ਸਰਕਾਰ ਦੀ ਅਣਦੇਖੀ ਅਤੇ ਦਿੱਲੀ ਸਰਕਾਰ ਦੀ ਸਖ਼ਤੀ ਕਾਰਨ ਪਿਛਲੇ ਹਫਤੇ ਦੇਰ ਰਾਤ ਹੁਸ਼ਿਆਰਪੁਰ ਸਮੇਤ  ਸੂਬੇ ਦੇ ਸਾਰੇ ਬੱਸ ਸਟੈਂਡਾਂ ਤੋਂ  ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੱਕ ਸਿੱਧੀਆਂ ਚੱਲਣ ਵਾਲੀਆਂ ਸਰਕਾਰੀ ਵੋਲਵੋ ਬੱਸਾਂ ਚੱਲਣੀਆਂ ਬੰਦ ਹੋ ਜਾਣ ਕਾਰਨ ਯਾਤਰੀ ਪ੍ਰੇਸ਼ਾਨ ਹਨ। ਯਾਤਰੀਆਂ ਨੂੰ ਦਿੱਲੀ ’ਚ ਇੰਟਰ ਸਟੇਟ ਬੱਸ ਸਟੈਂਡ ਤੋਂ ਭਾਰੀ ਕਿਰਾਏ ਅਦਾ  ਕਰ  ਕੇ ਟੈਕਸੀ ਜ਼ਰੀਏ ਏਅਰਪੋਰਟ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵੋਲਵੋ ਬੱਸਾਂ  ਏਅਰਪੋਰਟ ਤੱਕ ਨਾ ਚੱਲਣ ਦਾ ਕਾਰਨ ਦਿੱਲੀ ਸਰਕਾਰ ਨਾਲ ਪੰਜਾਬ ਰੋਡਵੇਜ਼ ਅਤੇ ਪੀ.ਆਰ. ਟੀ. ਸੀ. ਦਾ ਕਾਊਂਟਰ ਸਾਈਨ ਐਗਰੀਮੈਂਟ ਨਾ ਹੋਣਾ ਹੈ,  ਜਿਸ ਕਾਰਨ ਯਾਤਰੀਆਂ ਨੂੰ ਦਿੱਕਤ ਆ ਰਹੀ ਹੈ।
ਨੈਸ਼ਨਲ ਪਰਮਿਟ ਲੈਣ ਦੀ ਤਿਆਰੀ ਕਰ ਰਿਹੈ ਟਰਾਂਸਪੋਰਟ ਵਿਭਾਗ
ਮਿਲੀ ਜਾਣਕਾਰੀ ਅਨੁਸਾਰ ਹਵਾਈ ਸਫ਼ਰ ਕਰਨ ਵਾਲੇ ਯਾਤਰੀਆਂ ਸਮੇਤ ਐੱਨ.ਆਰ.ਆਈ. ਯਾਤਰੀਆਂ ਨੂੰ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ ਤੱਕ ਵੋਲਵੋ ਬੱਸ ਸੇਵਾ ਮੁਹੱਈਆ  ਕਰਵਾਉਣ ਲਈ ਹੁਣ ਪੰਜਾਬ ਰੋਡਵੇਜ਼ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨਿੱਜੀ ਆਪ੍ਰੇਟਰਜ਼ ਦੀ ਤਰਜ਼ ’ਤੇ ਨੈਸ਼ਨਲ ਪਰਮਿਟ ਲੈਣਗੇ। ਫੈਸਲੇ ਨੂੰ ਅਮਲੀ-ਜਾਮਾ ਪਹੁੰਚਾਉਣ ਲਈ ਦੋਵਾਂ ਸੰਸਥਾਵਾਂ ਦੇ ਅਧਿਕਾਰੀ ਪਰਮਿਟ ਅਪਲਾਈ ਕਰਨ ਲਈ ਚੰਡੀਗਡ਼੍ਹ ਵਿਚ ਸਟੇਟ ਟਰਾਂਸਪੋਰਟ ਕਮਿਸ਼ਨਰ ਨਾਲ ਮੀਟਿੰਗ ਕਰਨਗੇ।
ਰੋਡਵੇਜ਼ ਅਧਿਕਾਰੀਆਂ ਦੇ ਸੁਝਾਅ ਦੀ ਅਣਦੇਖੀ ਕਰਨਾ ਪਿਆ ਭਾਰੀ
ਪੀ. ਆਰ. ਟੀ. ਸੀ. ਅਧਿਕਾਰੀਆਂ ਨੇ ਵੋਲਵੋ ਬੱਸ ਸੇਵਾ ਦੁਬਾਰਾ ਸ਼ੁਰੂ ਕਰਨ ਸਬੰਧੀ ਵੱਖ-ਵੱਖ ਸੁਝਾਅ ਦਿੱਤੇ ਸਨ। ਪਹਿਲਾਂ, ਦਿੱਲੀ ਸਰਕਾਰ ਨਾਲ ਕਾਊਂਟਰ ਸਾਈਨ ਐਗਰੀਮੈਂਟ ਕਰ ਲਿਆ ਜਾਵੇ, ਜੋ 1974 ਤੋਂ ਬੰਦ ਹੈ, ਦੂਜਾ ਦਿੱਲੀ ਸਰਕਾਰ ਨੂੰ ਏਅਰਪੋਰਟ ’ਤੇ ਇਕ ਬੱਸ ਸਟੈਂਡ ਸ਼ੁਰੂ ਕਰਨ ਲੲੀ ਰਾਜ਼ੀ ਕਰ ਲਿਆ ਜਾਵੇ, ਤਾਂ ਕਿ ਏਅਰਪੋਰਟ ਬੱਸ ਸਟੈਂਡ ਤੋਂ ਹੀ ਵੋਲਵੋ ਬੱਸਾਂ  ਚੱਲਣ ਲੱਗ  ਜਾਣ। ਅਧਿਕਾਰੀਆਂ ਨੇ ਨਿੱਜੀ ਆਪ੍ਰੇਟਰਜ਼ ਦੀ ਤਰਜ਼ ’ਤੇ ਟੂਰਿਸਟ ਪਰਮਿਟ ਲੈ ਕੇ ਵੋਲਵੋ ਬੱਸ ਸੇਵਾ ਸ਼ੁਰੂ ਕਰਨ ਦਾ ਵੀ ਸੁਝਾਅ ਦਿੱਤਾ ਸੀ, ਪਰ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ।

ਨਿੱਜੀ ਬੱਸ ਆਪ੍ਰੇਟਰਾਂ ਨੂੰ ਹੋ ਰਿਹੈ ਫਾਇਦਾ
ਪੰਜਾਬ ਰੋਡਵੇਜ਼ ਦੀਆਂ ਪਨਬੱਸ, ਵੋਲਵੋ ਤੇ ਪੀ. ਆਰ. ਟੀ. ਸੀ. ਦੀਆਂ ਵੋਲਵੋ ਬੱਸਾਂ ਚੱਲਣੀਆਂ ਬੰਦ ਹੋਣ ਦਾ  ਫਾਇਦਾ ਇਸ ਸਮੇਂ ਨਿੱਜੀ ਬੱਸ ਆਪ੍ਰੇਟਰ ਜੰਮ ਕੇ ਉਠਾ ਰਹੇ ਹਨ। ਨੈਸ਼ਨਲ ਪਰਮਿਟ ’ਚ ਯਾਤਰੀਆਂ ਦੇ ਸਮੂਹ ਨੂੰ ਬੱਸ ’ਚ ਯਾਤਰਾ ਕਰਵਾਈ ਜਾ ਸਕਦੀ ਹੈ। ਇਸ ਪਰਮਿਟ ਤਹਿਤ ਰਸਤੇ ’ਚ ਕਿਤੇ ਵੀ ਟਿਕਟਾਂ ਕੱਟ ਕੇ ਯਾਤਰੀ ਉਤਾਰੇ ਅਤੇ ਬਿਠਾਏ ਨਹੀਂ ਜਾ ਸਕਦੇ। ਨਿੱਜੀ ਬੱਸ ਆਪ੍ਰੇਟਰ ਇਸੇ ਪਰਮਿਟ ’ਤੇ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਤੱਕ ਯਾਤਰੀ ਲਿਜਾ ਰਹੇ ਹਨ। ਇਸ ਦੇ ਉਲਟ ਸਟੇਜ ਕੈਰੀਅਰ ਪਰਮਿਟ ਤਹਿਤ ਬੱਸ ਸਟੈਂਡ ਕਾਊਂਟਰ ’ਤੇ ਪ੍ਰਤੀ ਯਾਤਰੀ ਟਿਕਟ ਕੱਟੀ ਜਾ ਸਕਦੀ ਹੈ ਅਤੇ ਰਸਤੇ ’ਚੋਂ ਯਾਤਰੀ ਬਿਠਾਏ ਜਾ ਸਕਦੇ ਹਨ ਤੇ ਉਤਾਰੇ ਵੀ ਜਾ ਸਕਦੇ ਹਨ।
 


Related News