ਬੱਸਾਂ ਦੀ ਘਾਟ ਕਾਰਨ ਯਾਤਰੀ ਹੋ ਰਹੇ ਨੇ ਪਰੇਸ਼ਾਨ, ਵਿਭਾਗ ਨੂੰ ਵੀ ਝੱਲਣਾ ਪੈ ਰਿਹੈ ਰੋਜ਼ਾਨਾ ਲੱਖਾਂ ਦਾ ਨੁਕਸਾਨ
Monday, Oct 02, 2023 - 04:32 PM (IST)

ਜਲੰਧਰ (ਪੁਨੀਤ) : ਬੱਸਾਂ ਦੀ ਆਵਾਜਾਈ ’ਚ ਖਾਮੀਆਂ ਹੋਣ ਕਾਰਨ ਰੋਜ਼ਾਨਾ ਹਜ਼ਾਰਾਂ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਉਠਾਉਣੀਆਂ ਪੈ ਰਹੀਆਂ ਹਨ ਤੇ ਵਿਭਾਗ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਉਥੇ ਹੀ ਇਸ ਦੇ ਉਲਟ ਟ੍ਰਾਂਸਪੋਰਟ ਵਿਭਾਗ ਬੱਸ ਯਾਤਰੀਆਂ ਨੂੰ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦਾ ਨਹੀਂ ਥੱਕਦਾ ਜਦਕਿ ਜ਼ਮੀਨੀ ਹਕੀਕਤ ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਬਿਆਨ ਕਰਦੀ ਹੈ। ਆਲਮ ਇਹ ਹੈ ਕਿ ਯਾਤਰੀਆਂ ਨੂੰ ਸਰਕਾਰੀ ਬੱਸਾਂ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ ਅਤੇ ਕਈ ਰੂਟਾਂ ’ਤੇ ਬੱਸਾਂ ਦੀ ਘਾਟ ਕਾਰਨ ਪ੍ਰਾਈਵੇਟ ਬੱਸਾਂ ਵਿਚ ਸਫਰ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਦਾ।
ਇਹ ਵੀ ਪੜ੍ਹੋ- ਸਰਕਾਰੀ ਬੱਸਾਂ ਨਾ ਆਉਣ ਕਾਰਨ ਵਿਦਿਆਰਥੀਆਂ ਸਮੇਤ ਸਵਾਰੀਆਂ ਹੋ ਰਹੀਆਂ ਨੇ ਪ੍ਰੇਸ਼ਾਨ
ਉੱਥੇ ਹੀ ਆਵਾਜਾਈ ਨੀਤੀਆਂ ’ਚ ਕਮੀਆਂ ਕਾਰਨ ਪੰਜਾਬ ਰੋਡਵੇਜ਼ ਦੇ ਡਿਪੂਆਂ ’ਚ ਖੜ੍ਹੀਆਂ ਬੱਸਾਂ ਧੂੜ ਫੱਕ ਰਹੀਆਂ ਹਨ। ਡਿਪੂਆਂ ’ਚ ਖੜ੍ਹੀਆਂ ਬੱਸਾਂ ਨੂੰ ਚਲਾਉਣ ਪ੍ਰਤੀ ਗੰਭੀਰਤਾ ਨਾਲ ਨੀਤੀ ਬਣਾਉਣ ਦੀ ਲੋੜ ਹੈ ਤਾਂ ਕਿ ਵਿਭਾਗ ਦੀ ਗ੍ਰੋਥ ਹੋ ਸਕੇ। ਇਸ ਸਮੇਂ ਵੱਖ-ਵੱਖ ਕਾਰਨਾਂ ਕਾਰਨ ਡਿਪੂਆਂ ’ਚ 500 ਤੋਂ ਜ਼ਿਆਦਾ ਬੱਸਾਂ ਖੜ੍ਹੀਆਂ ਰੱਖਣੀਆਂ ਪੈ ਰਹੀਆਂ ਹਨ ਜਦਕਿ ਇਨ੍ਹਾਂ ਬੱਸਾਂ ਨੂੰ ਚਲਾਉਣ ਨਾਲ ਵਿਭਾਗ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਲਾਭ ਹੋਣਾ ਤੈਅ ਹੈ। ਰੋਜ਼ਾਨਾ ਬੱਸ ਅੱਡੇ ’ਚ ਦੇਖਣ ਨੂੰ ਮਿਲਦਾ ਹੈ ਕਿ ਕਾਊਂਟਰਾਂ ’ਤੇ ਯਾਤਰੀ ਸਰਕਾਰੀ ਬੱਸਾਂ ਦੀ ਉਡੀਕ ਕਰਦੇ ਹਨ ਪਰ ਲੰਬੀ ਉਡੀਕ ਕਰਨ ਦੇ ਬਾਅਦ ਵੀ ਬੱਸ ਨਾ ਮਿਲਣ ਕਾਰਨ ਯਾਤਰੀ ਪ੍ਰਾਈਵੇਟ ਬੱਸ ’ਚ ਸਫਰ ਕਰਨ ਲਈ ਮਜਬੂਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਨਵਜੋਤ ਸਿੱਧੂ ਹੋਏ ਸਰਗਰਮ ‘ਦਿੱਲੀਓਂ’ ਤਾਰ ‘ਖੜਕਣ’ ਦੀ ਚਰਚਾ
ਸ਼ਾਮ ਸਮੇਂ ਅੰਮ੍ਰਿਤਸਰ ਰੂਟ ’ਤੇ ਬੱਸਾਂ ਦੀ ਭਾਰੀ ਕਮੀ ਦੇਖਣ ਨੂੰ ਮਿਲਦੀ ਹੈ। ਖਾਸ ਤੌਰ ’ਤੇ ਸਰਕਾਰੀ ਬੱਸਾਂ ਦੀ ਉਪਲੱਬਧਤਾ ਘੱਟ ਹੈ। ਜੋ ਸਰਕਾਰੀ ਬੱਸਾਂ ਆਉਂਦੀਆਂ ਹਨ, ਉਨ੍ਹਾਂ ’ਚ ਚੜ੍ਹਨ ਲਈ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਉਠਾਉਣੀਆਂ ਪੈਂਦੀਆਂ ਹਨ। ਉਥੇ ਹੀ ਅੰਮ੍ਰਿਤਸਰ ਰੂਟ ’ਤੇ ਜਾਣ ਵਾਲੇ ਲੋਕਾਂ ਨੂੰ ਖੜ੍ਹੇ ਹੋ ਕੇ ਸਫਰ ਕਰਨਾ ਪੈਂਦਾ ਹੈ, ਕਈ ਯਾਤਰੀ ਬੱਸਾਂ ਉਪਰ ਬੈਠ ਕੇ ਸਫਰ ਕਰਦੇ ਦੇਖਣ ਨੂੰ ਮਿਲਦੇ ਹਨ। ਯਾਤਰੀਆਂ ਕੋਲ ਅੰਮ੍ਰਿਤਸਰ ਰੂਟ ’ਤੇ ਜਾਣ ਲਈ ਬੱਸ ਅੱਡੇ ਤੋਂ ਬਦਲ ਕਾਫੀ ਘੱਟ ਹਨ, ਇਸ ਕਾਰਨ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀ ਹਾਈਵੇ ਤੋਂ ਬੱਸਾਂ ਲੈਣ ਨੂੰ ਮਹੱਤਵ ਦਿੱਦੇ ਹਨ। ਅੰਮ੍ਰਿਤਸਰ ਰੂਟ ਲਈ ਬੱਸ ਅੱਡੇ ਦੇ ਮੁਕਾਬਲੇ ਰਾਮਾ ਮੰਡੀ ਚੌਕ ਤੇ ਪੀ. ਏ. ਪੀ. ਤੋਂ ਜ਼ਿਆਦਾ ਬੱਸਾਂ ਮਿਲ ਜਾਂਦੀਆਂ ਹਨ, ਜਿਸ ਕਾਰਨ ਲੋਕ ਬੱਸ ਅੱਡੇ ’ਤੇ ਆਉਣ ਦੀ ਬਜਾਏ ਹਾਈਵੇ ਤੋਂ ਬੱਸਾਂ ਲੈਣ ਨੂੰ ਮਹੱਤਵ ਦਿੰਦੇ ਹਨ।
ਔਰਤਾਂ ਦੇ ਮੁਫ਼ਤ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਸਮੇਂ ਕਾਂਗਰਸ ਨੇ ਪੰਜਾਬ ’ਚ ਔਰਤਾਂ ਲਈ ਮੁਫ਼ਤ ਸਫ਼ਰ ਸ਼ੁਰੂ ਕੀਤਾ ਸੀ। ਇਸ ਸਹੂਲਤ ਦੇ ਸ਼ੁਰੂ ਹੋਣ ਤੋਂ ਬਾਅਦ ਔਰਤਾਂ ਨੂੰ ਆਉਣ ਵਾਲੀਆਂ ਪ੍ਰੇਸ਼ਾਨੀਆਂ ਬਾਰੇ ਖਬਰਾਂ ਲਗਾਤਾਰ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋ ਸਕਿਆ। ਸਰਕਾਰੀ ਬੱਸਾਂ ਦੀ ਘਾਟ ਕਾਰਨ ਔਰਤਾਂ ਨੂੰ ਬੱਸਾਂ ਦੀ ਲੰਬੀ ਉਡੀਕ ਕਰਨੀ ਪੈ ਰਹੀ ਹੈ ਪਰ ਆਮ ਤੌਰ ’ਤੇ ਔਰਤਾਂ ਨੂੰ ਮੁਫ਼ਤ ਸਫ਼ਰ ਦਾ ਲਾਭ ਨਹੀਂ ਮਿਲ ਪਾਉਂਦਾ। ਔਰਤਾਂ ਦੀ ਮੰਗ ਹੈ ਕਿ ਅਧਿਕਾਰੀ ਬੱਸ ਅੱਡਿਆਂ ’ਤੇ ਆ ਕੇ ਪਬਲਿਕ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਵੱਲ ਧਿਆਨ ਦੇਣ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8