ਪਰਗਟ ਸਿੰਘ ਤੇ ਸੰਗਤ ਸਿੰਘ ਗਿਲਜੀਆਂ ਦੇ ਜਲੰਧਰ ਦੌਰੇ ਮੌਕੇ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਆਈ ਸਾਹਮਣੇ
Saturday, Oct 02, 2021 - 11:28 AM (IST)
ਜਲੰਧਰ (ਚੋਪੜਾ)– ਪੰਜਾਬ ਪ੍ਰਦੇਸ਼ ਕਾਂਗਰਸ ’ਚ ਪਿਛਲੇ ਮਹੀਨੇ ਤੋਂ ਚੱਲ ਰਹੇ ਕਾਟੋ-ਕਲੇਸ਼ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੈਦਾ ਹੋਏ ਖਿੱਚੋਤਾਣ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਦਰਮਿਆਨ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਜਲੰਧਰ ਦੇ ਪਹਿਲੇ ਦੌਰੇ ’ਤੇ ਪਹੁੰਚੇ ਸਿੱਖਿਆ ਅਤੇ ਖੇਡ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅਤੇ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਭਾਵੇਂ ਕਾਂਗਰਸ ਵਿਚ ਸਭ ਕੁਝ ਠੀਕ ਹੋ ਜਾਣ ਦੇ ਲੱਖ ਦਾਅਵੇ ਕਰਦੇ ਰਹੇ ਪਰ ਜ਼ਮੀਨੀ ਹਕੀਕਤ ਵਿਚ ਕਾਂਗਰਸ ਇਕ ਤਰ੍ਹਾਂ ਨਾਲ ਟੁੱਕੜੇ-ਟੁੱਕੜੇ ਗੈਂਗ ਵਾਂਗ ਪੂਰੀ ਤਰ੍ਹਾਂ ਖਿੱਲਰ ਚੁੱਕੀ ਹੈ। ਇਸੇ ਕਾਰਨ ਦੋਵਾਂ ਕੈਬਨਿਟ ਮੰਤਰੀਆਂ ਦੇ ਵੱਖ-ਵੱਖ ਸਮੇਂ ਸਥਾਨਕ ਸਰਕਟ ਹਾਊਸ ਵਿਚ ਹੋਏ ਸਵਾਗਤ ਪ੍ਰੋਗਰਾਮਾਂ ਅਤੇ ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲੇ ਵਿਚ ਕਾਂਗਰਸੀਆਂ ਵਿਚਲੀ ਧੜੇਬੰਦੀ ਇਕ ਵਾਰ ਫਿਰ ਤੋਂ ਖੁੱਲ੍ਹ ਕੇ ਸਾਹਮਣੇ ਆ ਗਈ।
ਸਭ ਤੋਂ ਪਹਿਲਾਂ ਸ਼ੁੱਕਰਵਾਰ ਸਵੇਰੇ 11 ਵਜੇ ਨਿਰਧਾਰਿਤ ਸਮੇਂ ਅਨੁਸਾਰ ਪਰਗਟ ਸਿੰਘ ਸਰਕਟ ਹਾਊਸ ਵਿਚ ਪਹੁੰਚੇ, ਜਿੱਥੇ ਮੇਅਰ ਜਗਦੀਸ਼ ਰਾਜ ਰਾਜਾ, ਕੌਂਸਲਰ ਮਨਮੋਹਨ ਸਿੰਘ ਰਾਜੂ, ਕੌਂਸਲਰਪਤੀ ਮਨੂ ਬੜਿੰਗ, ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਅਤੇ ਕੌਂਸਲਰ ਡਾ. ਜਸਲੀਨ ਸੇਠੀ, ਸੂਬਾਈ ਬੁਲਾਰਾ ਡਾ. ਨਵਜੋਤ ਦਹੀਆ, ਕੌਂਸਲਰ ਹਰਸ਼ਰਨ ਕੌਰ ਹੈਪੀ, ਕੌਂਸਲਰ ਨੀਰਜਾ ਜੈਨ, ਅੰਗਦ ਦੱਤਾ, ਕੌਂਸਲਰ ਮਿੰਟੂ ਜੁਨੇਜਾ, ਖੇਡ ਪ੍ਰਮੋਟਰ ਸੁਰਿੰਦਰ ਭਾਪਾ, ਕੌਂਸਲਰਪਤੀ ਜਗਜੀਤ ਜੀਤਾ, ਕੌਂਸਲਰਪਤੀ ਅਮਰੀਕ ਬਾਗੜੀ, ਕਾਂਗਰਸੀ ਆਗੂ ਹੈਪੀ ਸੰਧੂ, ਅਭਿਸ਼ੇਕ ਜੈਨ, ਰਿਸ਼ੀਕੇਸ਼ ਵਰਮਾ, ਕੈਂਟ ਬਲਾਕ ਦੇ ਪ੍ਰਧਾਨ ਦਿਨੇਸ਼ ਸ਼ਰਮਾ ਸਮੇਤ ਆਦਿ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਪਰ ਕਾਂਗਰਸੀ ਆਗੂਆਂ ਵਿਚ ਇਕਮਾਤਰ ਚਰਚਾ ਇਹ ਬਣੀ ਰਹੀ ਕਿ ਰਾਣਾ ਗੁਰਜੀਤ ਧੜੇ ਨਾਲ ਸਬੰਧਤ ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਲਾਡੀ ਸ਼ੇਰੋਵਾਲੀਆ ਤੋਂ ਇਲਾਵਾ ਵਿਧਾਇਕ ਸੁਰਿੰਦਰ ਚੌਧਰੀ, ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤ ਮਹਿੰਦਰ ਸਿੰਘ ਕੇ. ਪੀ. ਸਮੇਤ ਕਈ ਕੱਦਾਵਰ ਆਗੂਆਂ ਨੇ ਪ੍ਰੋਗਰਾਮ ਤੋਂ ਪੂਰੀ ਦੂਰੀ ਬਣਾਈ ਰੱਖੀ।
ਇਹ ਵੀ ਪੜ੍ਹੋ : ਕੇਂਦਰ ਵੱਲੋਂ ਝੋਨੇ ਦੀ ਖ਼ਰੀਦ ਦੀ ਮਿਤੀ ਅੱਗੇ ਪਾਉਣਾ ਪੰਜਾਬ ਨਾਲ ਧੱਕਾ : ਜਾਖੜ

ਹਾਲਾਂਕਿ ਵਿਧਾਇਕ ਰਾਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ ਅਤੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਕਾਫੀ ਦੇਰੀ ਨਾਲ ਸਰਕਟ ਹਾਊਸ ਪਹੁੰਚੇ ਪਰ ਉਦੋਂ ਤੱਕ ਸਵਾਗਤ ਪ੍ਰੋਗਰਾਮ ਖਤਮ ਹੋ ਚੁੱਕਾ ਸੀ ਅਤੇ ਪਰਗਟ ਸਿੰਘ ਪ੍ਰੈੱਸ ਕਾਨਫਰੰਸ ਕਰ ਰਹੇ ਸਨ। ਵਿਧਾਇਕ ਬੇਰੀ ਅਤੇ ਬਲਦੇਵ ਦੇਵ ਨੂੰ ਕਿਸੇ ਨੇ ਬੈਠਣ ਤੱਕ ਲਈ ਕੁਰਸੀ ਨਹੀਂ ਦਿੱਤੀ ਤੇ ਦੋਵਾਂ ਆਗੂਆਂ ਨੂੰ ਪ੍ਰੈੱਸ ਕਾਨਫਰੰਸ ਵਿਚ ਪਰਗਟ ਸਿੰਘ ਦੇ ਪਿੱਛੇ ਖੜ੍ਹੇ ਹੋਣ ਲਈ ਮਜਬੂਰ ਹੋਣਾ ਪਿਆ, ਜਦੋਂ ਕਿ ਵਿਧਾਇਕ ਬਾਵਾ ਹੈਨਰੀ ਪ੍ਰੈੱਸ ਕਾਨਫ਼ਰੰਸ ਵਿਚ ਪਹੁੰਚਣ ਦੀ ਬਜਾਏ ਸਰਕਟ ਹਾਊਸ ਵਿਚ ਇਕ ਕਮਰੇ ਵਿਚ ਜਾ ਕੇ ਬੈਠ ਗਏ। ਇਸੇ ਤਰ੍ਹਾਂ ਦੁਪਹਿਰ 1 ਵਜੇ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦਾ ਸਰਕਟ ਹਾਊਸ ਆਉਣ ਦਾ ਪ੍ਰੋਗਰਾਮ ਸੀ ਪਰ ਇਹ ਬਹੁਤ ਹੈਰਾਨੀਜਨਕ ਰਿਹਾ ਕਿ ਗਿਲਜੀਆਂ ਦੇ ਸਵਾਗਤ ਵਿਚ ਇਕ ਵੀ ਵਿਧਾਇਕ ਅਤੇ ਕਾਂਗਰਸੀ ਆਗੂ ਤੇ ਨਾ ਹੀ ਕੋਈ ਵਰਕਰ ਸਰਕਟ ਹਾਊਸ ਵਿਚ ਆਇਆ। ਗਿਲਜੀਆਂ ਨੇ ਪ੍ਰੈੱਸ ਕਾਨਫ਼ਰੰਸ ਵੀ ਇਕੱਲਿਆਂ ਬੈਠ ਕੇ ਕੀਤੀ। ਉਨ੍ਹਾਂ ਦੇ ਨਾਲ ਬੈਠਣ ਜਾਂ ਪਿੱਛੇ ਖੜ੍ਹੇ ਹੋਣ ਤੱਕ ਲਈ ਕੋਈ ਵਰਕਰ ਉਥੇ ਮੌਜੂਦ ਨਹੀਂ ਸੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿਚ ਦੋਵੇਂ ਵਿਧਾਇਕ ਪਹਿਲੀ ਵਾਰ ਕੈਬਨਿਟ ਮੰਤਰੀ ਬਣੇ ਹਨ। ਜਲੰਧਰ ਜ਼ਿਲ੍ਹੇ ਨੂੰ ਬਤੌਰ ਪਰਗਟ ਸਿੰਘ ਪਹਿਲੀ ਵਾਰ ਕੈਬਨਿਟ ਵਿਚ ਪ੍ਰਤੀਨਿਧਤਾ ਮਿਲੀ ਹੈ। ਇ ਸਦੇ ਬਾਵਜੂਦ ਜ਼ਿਲੇ ਦੇ ਆਗੂਆਂ ਅਤੇ ਵਰਕਰਾਂ ਵਿਚ ਜੋਸ਼ ਨਾ ਦਿਸਣਾ ਕਾਂਗਰਸ ਲਈ ਖਤਰੇ ਦੀ ਘੰਟੀ ਸਮਾਨ ਹੈ। ਸਰਕਟ ਹਾਊਸ ਪਹੁੰਚਣ ਦਾ ਪ੍ਰੋਗਰਾਮ ਵੀਰਵਾਰ ਸ਼ਾਮ ਨੂੰ ਹੀ ਤੈਅ ਹੋ ਚੁੱਕਾ ਸੀ ਪਰ ਇਸ ਦੇ ਬਾਵਜੂਦ ਸਰਕਟ ਹਾਊਸ ਦੇ ਆਲੇ-ਦੁਆਲੇ ਇਕ ਵੀ ਸਵਾਗਤੀ ਹੋਰਡਿੰਗ ਤੱਕ ਵਿਖਾਈ ਨਹੀਂ ਦਿੱਤਾ। ਇਸ ਤੋਂ ਵੀ ਬੁਰੇ ਹਾਲਾਤ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਸਰਕਿਟ ਹਾਊਸ ਪਹੁੰਚਣ ਦੌਰਾਨ ਵਿਖਾਈ ਦਿੱਤੇ। ਗਿਲਜੀਆਂ ਦੇ ਸਵਾਗਤ ਵਿਚ ਡਿਪਟੀ ਕਮਿਸ਼ਨਰ, ਪੁਲਸ ਕਮਿਸ਼ਨਰ ਸਮੇਤ ਹੋਰ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਤੋਂ ਇਲਾਵਾ ਇਕ ਵੀ ਆਗੂ ਤੇ ਵਰਕਰ ਉਥੇ ਮੌਜੂਦ ਨਹੀਂ ਸੀ। ਗਿਲਜੀਆਂ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨਾਲ ਬੈਠਣ ਅਤੇ ਪਿੱਛੇ ਖੜ੍ਹੇ ਹੋਣ ਲਈ ਕੋਈ ਕਾਂਗਰਸੀ ਉਥੇ ਨਹੀਂ ਦਿਸਿਆ। ਗਿਲਜੀਆਂ ਇਕੱਲੇ ਹੀ ਬੈਠ ਕੇ ਪੱਤਰਕਾਰਾਂ ਦੇ ਰੂ-ਬ-ਰੂ ਹੋਏ। ਇਥੇ ਵੀ ਪ੍ਰੈੱਸ ਕਾਨਫ਼ਰੰਸ ਖ਼ਤਮ ਹੋਣ ਉਪਰੰਤ ਜਦੋਂ ਗਿਲਜੀਆਂ ਡੀ. ਸੀ. ਅਤੇ ਹੋਰ ਅਧਿਕਾਰੀਆਂ ਨਾਲ ਕਮਰੇ ਵਿਚ ਗਏ ਤਾਂ ਉਦੋਂ ਵਿਧਾਇਕ ਰਾਜਿੰਦਰ ਬੇਰੀ ਨੇ ਉਥੇ ਐਂਟਰੀ ਕੀਤੀ। ਦੋਵਾਂ ਕੈਬਨਿਟ ਮੰਤਰੀਆਂ ਸਬੰਧੀ ਪ੍ਰੋਗਰਾਮਾਂ ਤੋਂ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਬੋਰਡਾਂ ਦੇ ਚੇਅਰਮੈਨਾਂ, ਵਾਈਸ ਚੇਅਰਮੈਨਾਂ, ਡਾਇਰੈਕਟਰਾਂ ਸਮੇਤ ਵਧੇਰੇ ਕੌਂਸਲਰਾਂ, ਜ਼ਿਲਾ ਪ੍ਰੀਸ਼ਦਾਂ ਤੇ ਪੰਚਾਇਤ ਸੰਮਤੀਆਂ ਸਮੇਤ ਯੂਥ ਕਾਂਗਰਸ ਅਤੇ ਹੋਰ ਫਰੰਟੀਅਲ ਸੰਗਠਨਾਂ ਦੇ ਅਹੁਦੇਦਾਰਾਂ ਨੇ ਵੀ ਦੂਰੀ ਬਣਾਈ ਰੱਖੀ।
ਇਹ ਵੀ ਪੜ੍ਹੋ : ਅਰਵਿੰਦ ਕੇਜਰੀਵਾਲ ਨੂੰ ਉੱਪ ਮੁੱਖ ਮੰਤਰੀ ਓ. ਪੀ. ਸੋਨੀ ਦੀ ਨਸੀਹਤ, ਕਿਹਾ-ਪਹਿਲਾਂ ਦਿੱਲੀ ਦੀ ਕਰੋ ਚਿੰਤਾ
ਪਰ ਹੁਣ ਕਾਂਗਰਸ ਦੇ ਗਲਿਆਰਿਆਂ ਵਿਚ ਵੱਡਾ ਸਵਾਲ ਪੈਦਾ ਹੋ ਗਿਆ ਹੈ ਕਿ ਇਕ ਪਾਸੇ ਕਾਂਗਰਸ ਵਿਚ ਅਫਸਰਸ਼ਾਹੀ ਰਾਜ ਦਾ ਖਾਤਮਾ ਕਰਨ ਨੂੰ ਲੈ ਕੇ ਹਾਈਕਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਅਸਤੀਫਾ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ, ਦੂਜੇ ਪਾਸੇ ਵਰਕਰਾਂ ਨੂੰ ਗਤੀਸ਼ੀਲ ਕਰਨ ਲਈ ਸੁਨੀਲ ਜਾਖੜ ਨੂੰ ਬਦਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥਾਂ ਵਿਚ ਸੌਂਪੀ ਸੀ ਪਰ ਜ਼ਾਹਿਰ ਹੈ ਕਿ ਸੂਬਾਈ ਕਾਂਗਰਸੀ ਲੀਡਰਸ਼ਿਪ ਵਿਚ ਜਿਹੜਾ ਰੋਜ਼ਾਨਾ ਨਵਾਂ ਕਲੇਸ਼ ਸਾਹਮਣੇ ਆ ਰਿਹਾ ਹੈ, ਉਸ ਨਾਲ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਮਨੋਬਲ ਟੁੱਟ ਚੁੱਕਾ ਹੈ, ਜਿਸ ਨੂੰ ਵੇਖ ਕੇ ਹੁਣ ਲੱਗਦਾ ਹੈ ਕਿ ਜੇਕਰ ਅਜਿਹੇ ਹੀ ਹਾਲਾਤ ਅੱਗੇ ਵੀ ਬਣੇ ਰਹੇ ਤਾਂ ਕਾਂਗਰਸ ਲਈ ਖਾਸ ਕਰ ਕੇ ਜਲੰਧਰ ਜ਼ਿਲੇ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਰਾਹ ਬਹੁਤ ਮੁਸ਼ਕਿਲ ਹੋਣ ਵਾਲਾ ਹੈ।
ਪਰਗਟ ਤੇ ਗਿਲਜੀਆਂ ਨੂੰ ਮਿਲਿਆ ਗਾਰਡ ਆਫ਼ ਆਨਰ
ਪਰਗਟ ਸਿੰਘ ਤੇ ਸੰਗਤ ਸਿੰਘ ਗਿਲਜੀਆਂ ਦੇ ਸਰਕਟ ਹਾਊਸ ਪਹੁੰਚਣ ’ਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਅਤੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਦੀ ਅਗਵਾਈ ਵਿਚ ਹੋਰ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਨੇ ਦੋਵਾਂ ਕੈਬਨਿਟ ਮੰਤਰੀਆਂ ਨੂੰ ਗੁਲਦਸਤੇ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਦੋਵਾਂ ਕੈਬਨਿਟ ਮੰਤਰੀਆਂ ਨੂੰ ਪੁਲਸ ਫੋਰਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਪੇਸ਼ ਕੀਤਾ। ਇਸ ਦੌਰਾਨ ਏ. ਡੀ. ਸੀ. ਅਮਰਜੀਤ ਸਿੰਘ ਬੈਂਸ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਐੱਸ. ਡੀ. ਐੱਮ.-1 ਹਰਪ੍ਰੀਤ ਸਿੰਘ ਅਟਵਾਲ, ਐੱਸ. ਡੀ. ਐੱਮ. 2 ਵਰਿੰਦਰਪਾਲ ਸਿੰਘ ਬਾਜਵਾ, ਡੀ. ਸੀ. ਪੀ. ਨਰੇਸ਼ ਡੋਗਰਾ, ਏ. ਸੀ. ਪੀ. ਬਲਵਿੰਦਰ ਇਕਬਾਲ ਕਾਹਲੋਂ ਆਦਿ ਅਧਿਕਾਰੀ ਮੌਜੂਦ ਸਨ।
ਇਹ ਵੀ ਪੜ੍ਹੋ : ਕੈਪਟਨ ਨਾਲ ਮਿਲ ਕੇ ਤੀਜਾ ਫਰੰਟ ਬਣਾਉਣ ਲਈ ਤਿਆਰ ਨੇ ਸੁਖਦੇਵ ਸਿੰਘ ਢੀਂਡਸਾ

ਸਰਕਟ ਹਾਊਸ ਵਿਚ ਦਾਖਲ ਹੋਣ ਨੂੰ ਲੈ ਕੇ ਕਾਂਗਰਸੀਆਂ ਨੂੰ ਮਿਲੇ ਪੁਲਸ ਤੋਂ ਧੱਕੇ, ਮਾਯੂਸ ਵਰਕਰ ਗੁਲਦਸਤੇ ਲੈ ਕੇ ਵਾਪਸ ਮੁੜੇ
ਕੈਬਨਿਟ ਮੰਤਰੀ ਪਰਗਟ ਸਿੰਘ ਦੇ ਸਰਕਟ ਹਾਊਸ ਵਿਚ ਪਹੁੰਚਣ ਤੋਂ ਬਾਅਦ ਮਿਲੇ ਗਾਰਡ ਆਫ਼ ਆਨਰ ਉਪਰੰਤ ਉਹ ਦੂਜੇ ਪਾਸੇ ਉਡੀਕ ਕਰ ਰਹੇ ਵਰਕਰਾਂ ਨੂੰ ਮਿਲੇ। ਉਪਰੰਤ ਉਹ ਸਰਕਟ ਹਾਊਸ ਦੇ ਅੰਦਰ ਚਲੇ ਗਏ ਪਰ ਪਰਗਟ ਸਿੰਘ ਦੇ ਅੰਦਰ ਜਾਂਦੇ ਹੀ ਪੁਲਸ ਨੇ ਪਿੱਛੇ ਆ ਰਹੇ ਵਰਕਰਾਂ ਨੂੰ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ। ਇਸ ਦੌਰਾਨ ਜਦੋਂ ਕਈ ਕਾਂਗਰਸੀਆਂ ਨੇ ਰੋਸ ਪ੍ਰਗਟਾਉਂਦਿਆਂ ਅੰਦਰ ਜਾਣ ਦਾ ਯਤਨ ਕੀਤਾ ਤਾਂ ਉਥੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਪਿੱਛੇ ਕਰ ਦਿੱਤਾ। ਇਸੇ ਕਸ਼ਮਕਸ਼ ਵਿਚ ਵਿਧਾਇਕ ਬੇਰੀ ਨੇ ਜਦੋਂ ਪਰਗਟ ਸਿੰਘ ਨਾਲ ਮੁਲਾਕਾਤ ਕਰ ਕੇ ਵਾਪਸ ਮੁੜਨ ਲੱਗੇ ਤਾਂ ਉਨ੍ਹਾਂ ਨੂੰ ਵੀ ਇਸ ਧੱਕਾ-ਮੁੱਕੀ ਦਾ ਸ਼ਿਕਾਰ ਹੋਣਾ ਪਿਆ। ਪੁਲਸ ਮੁਲਾਜ਼ਮਾਂ ਨੇ ਦਰਵਾਜ਼ੇ ਨੂੰ ਇਕ ਘੰਟੇ ਦੇ ਲਗਭਗ ਉਦੋਂ ਤੱਕ ਰੋਕੀ ਰੱਖਿਆ, ਜਦੋਂ ਤੱਕ ਪਰਗਟ ਸਿੰਘ ਸਰਕਟ ਹਾਊਸ ਵਿਚੋਂ ਬਾਹਰ ਨਹੀਂ ਨਿਕਲੇ। ਬਾਹਰ ਨਿਕਲਦੇ ਹੀ ਪਰਗਟ ਸਿੰਘ ਗੱਡੀ ਵਿਚ ਸਵਾਰ ਹੋ ਕੇ ਕਾਫਿਲੇ ਸਮੇਤ ਆਪਣੇ ਹਲਕੇ ਵਿਚ ਆਯੋਜਿਤ ਸਵਾਗਤ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਲਈ ਚਲੇ ਗਏ। ਇਸ ਕਾਰਨ ਉਨ੍ਹਾਂ ਦੇ ਸਵਾਗਤ ਲਈ ਆਏ ਵਰਕਰ ਮਾਯੂਸ ਹੋ ਕੇ ਗੁਲਦਸਤੇ ਲੈ ਕੇ ਵਾਪਸ ਜਾਣ ਲਈ ਮਜਬੂਰ ਹੁੰਦੇ ਦਿਸੇ। ਇਸ ਦੌਰਾਨ ਇਕ ਆਗੂ ਨੇ ਤਾਂ ਗੁੱਸੇ ਵਿਚ ਇਥੋਂ ਤੱਕ ਕਹਿ ਦਿੱਤਾ ਕਿ ਆਖਿਰ 500 ਰੁਪਏ ਦਾ ਗੁਲਦਸਤਾ ਵੀ ਲਿਆਉਣ ਦਾ ਕੋਈ ਫਾਇਦਾ ਨਹੀਂ ਹੋਇਆ।

ਗਿਲਜੀਆਂ ਦੇ ਸਲਾਮੀ ਦੇਣ ਦੇ ਸਟਾਈਲ ਨੇ ਹੈਰਾਨੀ ’ਚ ਪਾਇਆ
ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਨੂੰ ਜਦੋਂ ਗਾਰਡ ਆਫ ਆਨਰ ਮਿਲਿਆ ਤਾਂ ਪੁਲਸ ਦੀ ਟੁਕਡ਼ੀ ਸਾਹਮਣੇ ਖੜ੍ਹੇ ਸੰਗਤ ਸਿੰਘ ਗਿਲਜੀਆਂ ਨੇ ਸਲਾਮੀ ਦਿੰਦਿਆਂ ਆਪਣੇ ਹੱਥ ਨੂੰ ਢਿੱਲਾ ਕਰੀ ਰੱਖਿਆ। ਸਾਹਮਣੇ ਖੜ੍ਹੇ ਲੋਕਾਂ ਵਿਚ ਸਲਾਮੀ ਦੇ ਸਟਾਈਲ ਨੂੰ ਲੈ ਕੇ ਹੈਰਾਨੀ ਵਾਲੀ ਸਥਿਤੀ ਬਣ ਗਈ ਕਿ ਆਖਿਰ ਕੈਬਨਿਟ ਮੰਤਰੀ ਵਰਗੇ ਅਹੁਦੇ ’ਤੇ ਪਹੁੰਚੇ ਗਿਲਜੀਆਂ ਨੇ ਆਖਿਰ ਸਲਾਮੀ ਦੇਣ ਦੀ ਅਜਿਹਾ ਸਟਾਈਲ ਕਿਉਂ ਅਪਣਾਇਆ ਹੈ।
ਇਹ ਵੀ ਪੜ੍ਹੋ : ਹਰੀਸ਼ ਰਾਵਤ ਦਾ ਵੱਡਾ ਬਿਆਨ, ਕਿਹਾ-ਵਿਰੋਧੀ ਕਰ ਰਹੇ ਨੇ ‘ਕੈਪਟਨ’ ਦਾ ਇਸਤੇਮਾਲ

ਟੀਚਰ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਪਰਗਟ ਸਿੰਘ ਨੂੰ ਦਿੱਤਾ ਮੈਮੋਰੰਡਮ
ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੂਬੇ ਭਰ ਵਿਚ ਸੰਘਰਸ਼ ਕਰ ਰਹੀ ਟੀਚਰ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ। ਪਰਗਟ ਸਿੰਘ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਜਲਦ ਉਨ੍ਹਾਂ ਨੂੰ ਪੂਰਾ ਕਰਨ ਦਾ ਭਰੋਸਾ ਵੀ ਦਿੱਤਾ।
ਇਸ ਦੌਰਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ 3 ਅਕਤੂਬਰ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਪੱਕੇ ਤੌਰ ’ਤੇ ਧਰਨਾ ਲੱਗੇਗਾ। ਵਰਣਨਯੋਗ ਹੈ ਕਿ ਪਰਗਟ ਸਿੰਘ ਦੇ ਹੱਥਾਂ ਵਿਚ ਸਿੱਖਿਆ ਮਹਿਕਮਾ ਆਉਣ ਉਪਰੰਤ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਸ਼ੁੱਕਰਵਾਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਦਾ ਘਿਰਾਓ ਕੀਤਾ ਜਾ ਸਕਦਾ ਹੈ, ਜਿਸ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੇ ਸਵੇਰ ਤੋਂ ਹੀ ਬੈਰੀਕੇਡਜ਼ ਲਾ ਕੇ ਸਰਕਟ ਹਾਊਸ ਦੀ ਮੇਨ ਸੜਕ ’ਤੇ ਆਵਾਜਾਈ ਨੂੰ ਬੰਦ ਕੀਤਾ ਹੋਇਆ ਸੀ ਪਰ ਅਧਿਕਾਰੀਆਂ ਦੇ ਸਾਹ ਵਿਚ ਉਸ ਸਮੇਂ ਸਾਹ ਆਇਆ ਜਦੋਂ ਅਜਿਹਾ ਕੁਝ ਨਹੀਂ ਹੋਇਆ ਅਤੇ ਪਰਗਟ ਸਿੰਘ ਨੂੰ ਮੈਮੋਰੰਡਮ ਸੌਂਪਣ ਲਈ ਕੁਝ ਟੀਚਰ ਹੀ ਪਹੁੰਚੇ ਅਤੇ ਸਾਰਾ ਕੰਮ ਸ਼ਾਂਤੀਪੂਰਨ ਢੰਗ ਨਾਲ ਨਿੱਬੜ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
