ਨਾਬਾਲਗ ਵਿਦਿਆਰਥਣ ਨੂੰ ਵਰਗਲਾ ਕੇ ਲਿਜਾ ਰਹੇ ਨੌਜਵਾਨ ਦੀ ਹੋਈ ਛਿੱਤਰ ਪਰੇਡ

Friday, Jul 19, 2019 - 04:59 AM (IST)

ਨਾਬਾਲਗ ਵਿਦਿਆਰਥਣ ਨੂੰ ਵਰਗਲਾ ਕੇ ਲਿਜਾ ਰਹੇ ਨੌਜਵਾਨ ਦੀ ਹੋਈ ਛਿੱਤਰ ਪਰੇਡ

ਹੁਸ਼ਿਆਰਪੁਰ, (ਅਮਰਿੰਦਰ)- ਸਥਾਨਕ ਇਕ ਮੁਹੱਲੇ ’ਚ ਦੁਪਹਿਰ ਬਾਅਦ ਉਸ ਸਮੇਂ ਹੰਗਾਮਾ ਹੋ ਗਿਆ ਜਦ ਇਕ ਨਾਬਾਲਗ ਸਕੂਲ ਵਿਦਿਆਰਥਣ ਨੂੰ ਇਕ ਨੌਜਵਾਨ ਨਾਲ ਲਿਜਾਂਦਾ ਦੇਖਿਆ। ਲੋਕਾਂ ਨੂੰ ਸਮਝ ਆ ਗਈ ਕਿ ਨੌਜਵਾਨ ਨਾਬਾਲਗਾ ਨੂੰ ਗਲਤ ਇਰਾਦੇ ਨਾਲ ਬਹਿਲਾ-ਫੁਸਲਾ ਕੇ ਨਾਲ ਕਿਤੇ ਲੈ ਜਾ ਰਿਹਾ ਹੈ। ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਕੇ ਛਿੱਤਰ ਪਰੇਡ ਕਰਨੀ ਸ਼ੁਰੂ ਕਰ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨਾਬਾਲਗਾ ਨੂੰ ਪਰਿਵਾਰ ਦੇ ਹਵਾਲੇ ਕਰ ਕੇ ਦੋਸ਼ੀ ਨੌਜਵਾਨ ਨੂੰ ਫਡ਼ ਕੇ ਥਾਣੇ ਪੁੱਛਗਿੱਛ ਲਈ ਲੈ ਆਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਸਕੂਲੋਂ ਛੁੱਟੀ ਹੋਣ ਦੇ ਬਾਅਦ ਘਰ ਆ ਰਹੀ ਸੀ। ਰਸਤੇ ’ਚ ਨੌਜਵਾਨ ਨੇ ਉਸ ਦਾ ਰਸਤਾ ਰੋਕ ਕੇ ਪੁੱਛਿਆ ਕਿ ਤੈਨੂੰ ਲੈਣ ਕੌਣ ਆ ਰਿਹਾ ਹੈ ਤਾਂ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਆ ਰਹੇ ਹਨ ਤਾਂ ਕਿਹਾ ਚਲੋ ਮੈਂ ਤੁਹਾਨੂੰ ਘਰ ਛੱਡ ਦਿੰਦਾ ਹਾਂ। ਰਸਤੇ ’ਚ ਦੋਸ਼ੀ ਮਾਸੂਮ ਲੜਕੀ ਨੂੰ ਝਾਂਸੇ ’ਚ ਲੈ ਕੇ ਟਾਫ਼ੀਆਂ ਦੀ ਇਕ ਦੁਕਾਨ ’ਚ ਲੈ ਗਿਆ ਜਦੋਂ ਲੜਕੀ ਟਾਫ਼ੀ ਲੈ ਕੇ ਦੁਕਾਨ ਤੋਂ ਬਾਹਰ ਆਈ ਤਾਂ ਲੋਕਾਂ ਨੂੰ ਨੌਜਵਾਨ ਦੀ ਹਰਕਤ ਸ਼ੱਕੀ ਲੱਗੀ। ਲੋਕਾਂ ਨੇ ਤੁਰੰਤ ਉਸ ਦਾ ਰਸਤਾ ਰੋਕ ਕੇ ਪੁੱÎਛਿਆ ਕਿ ਇਹ ਲਡ਼ਕੀ ਤੇਰੀ ਕੀ ਲੱਗਦੀ ਹੈ ਅਤੇ ਕਿੱਥੇ ਜਾ ਰਹੇ ਹੋ। ਨੌਜਵਾਨ ਜਦ ਸਹੀ ਜਵਾਬ ਨਾ ਦੇ ਸਕਿਆ ਤਾਂ ਲੋਕਾਂ ਦਾ ਸ਼ੱਕ ਵੱਧ ਗਿਆ। ਜਦੋਂ ਲੜਕੀ ਤੋਂ ਪੁੱਛਿਆ ਤਾਂ ਲਡ਼ਕੀ ਨੇ ਕਿਹਾ ਇਸ ਨੂੰ ਉਹ ਨਹੀਂ ਜਾਣਦੀ। ਇੰਨਾ ਕਹਿਣੇ ਦੇ ਬਾਅਦ ਲੜਕੀ ਰੋਣ ਲੱਗ ਪਈ। ਲੋਕਾਂ ਨੂੰ ਸਮਝ ਆ ਗਿਆ ਕਿ ਨੌਜਵਾਨ ਲੜਕੀ ਨੂੰ ਵਰਗਲਾ ਕੇ ਕਿੱਤੇ ਲਿਜਾਣ ਦੀ ਤਾਕ ’ਚ ਸੀ।

ਨੌਜਵਾਨ ਖਿਲਾਫ਼ ਕੇਸ ਦਰਜ ਕਰ ਲਿਆ ਹੈ : ਐੱਸ. ਐੱਚ. ਓ.

ਸੰਪਰਕ ਕਰਨ ’ਤੇ ਥਾਣਾ ਮਾਡਲ ਟਾਊਨ ਦੇ ਐੱਸ. ਐੱਚ. ਓ. ਭਰਤ ਮਸੀਹ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਮੰਨਿਆ ਕਿ ਦੋਸ਼ੀ ਨੂੰ ਪੁਲਸ ਹਿਰਾਸਤ ’ਚ ਲੈ ਲਿਆ ਹੈ। ਦੋਸ਼ੀ ਦੀ ਪਛਾਣ ਬਾਜ਼ੀਗਰ ਮੁਹੱਲਾ ਸੁੰਦਰ ਨਗਰ ਦੇ ਰਹਿਣ ਵਾਲੇ ਦਿਲਪ੍ਰੀਤ ਉਰਫ਼ ਗੋਪੀ ਵਜੋਂ ਹੋਈ ਹੈ। ਦੇਰ ਰਾਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਉਸ ਖਿਲਾਫ਼ ਧਾਰਾ 365 ਅਤੇ 511 ਦੇ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News