'ਪਾਪਾ ਵ੍ਹਿਸਕੀ' ਨੂੰ ਨਹੀਂ ਮਿਲੀ ਰਾਹਤ

Friday, Jul 20, 2018 - 02:26 PM (IST)

'ਪਾਪਾ ਵ੍ਹਿਸਕੀ' ਨੂੰ ਨਹੀਂ ਮਿਲੀ ਰਾਹਤ

ਜਲੰਧਰ (ਖੁਰਾਣਾ)—ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਛਾਪੇਮਾਰੀ ਤੋਂ ਬਾਅਦ ਨਗਰ ਨਿਗਮ ਵਲੋਂ ਸੀਲ ਕੀਤੇ ਗਏ ਪੱਬ ਅਤੇ ਰੈਸਟੋਰੈਂਟ ਪਾਪਾ ਵ੍ਹਿਸਕੀ (ਵਿਸਕੀ) ਨੂੰ ਨਗਰ ਨਿਗਮ ਨੇ ਫਿਲਹਾਲ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਇਹ ਪੱਬ ਅਤੇ ਬਾਰ ਐੱਨ.ਆਰ.ਆਈ. ਸਭਾ ਦੇ ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਦੇ ਪੁੱਤਰ ਜਸ਼ਨਜੀਤ ਸਿੰਘ ਵਲੋਂ ਚਲਾਇਆ ਜਾ ਰਿਹਾ ਹੈ। ਨਿਗਮ ਨੇ ਪਿਛਲੇ ਦਿਨੀਂ ਪਾਪਾ ਵ੍ਹਿਸਕੀ ਦੇ ਟਾਪ ਫਲੋਰ ਨੂੰ ਸੀਲ ਕਰ ਦਿੱਤਾ ਸੀ। ਜਿੱਥੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਅਸਥਾਈ ਸਟਰੱਕਟਰ ਬਣਾ ਕੇ ਸ਼ਰੇਆਮ ਵ੍ਹਿਸਕੀ ਪਰੋਸੀ ਜਾ ਰਹੀ ਸੀ। ਸ਼੍ਰੀ ਹੇਅਰ ਅੱਜ ਟਾਪ ਫਲੋਰ ਦੀ ਸੀਲ ਨੂੰ ਖੁੱਲ੍ਹਵਾਉਣ ਆਪਣੇ ਦੋ ਵਕੀਲਾਂ ਨਾਲ ਨਗਰ ਨਿਗਮ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਮਿਲੇ ਅਤੇ ਕਈ ਦਲੀਲਾਂ ਦਿੱਤੀਆਂ ਪਰ ਨਿਗਮ ਕਮਿਸ਼ਨਰ ਨੇ ਮਾਮਲਾ ਅਦਾਲਤ 'ਚ ਪੈਡਿੰਗ ਹੋਣ ਦਾ ਕਹਿ ਕੇ ਦਲੀਲਾਂ ਸੁਣਨ ਤੋਂ ਨਾਂਹ ਕਰ ਦਿੱਤੀ। ਕਮਲਜੀਤ ਹੇਅਰ ਨੇ ਇਥੋਂ ਤੱਕ ਕਿਹਾ ਕਿ ਜੇਕਰ ਨਿਗਮ ਉਨ੍ਹਾਂ ਨੂੰ ਰਾਹਤ ਦਿੰਦਾ ਹੈ ਤਾਂ ਉਹ ਅਦਾਲਤੀ ਕੇਸ ਤੁਰੰਤ ਵਾਪਸ ਲੈਣ ਨੂੰ ਤਿਆਰ ਹੈ ਅਤੇ ਇਸ ਬਾਰੇ ਲਿਖ ਕੇ ਵੀ ਦੇ ਸਕਦੇ ਹਨ। ਉਨ੍ਹਾਂ ਦੇ ਵਕੀਲ ਨੇ ਬਿਲਡਿੰਗ ਦੇ ਟਾਪ ਫਲੋਰ ਬਾਰੇ ਬਿਲਡਿੰਗ ਬਾਇਲਾਜ 'ਚ ਸਪੱਸ਼ਟ ਨਿਯਮ ਨਾ ਹੋਣ ਦੀ ਦਲੀਲ ਦਿੱਤੀ। ਬਾਅਦ 'ਚ ਕਮਲਜੀਤ ਹੇਅਰ ਅਤੇ ਉਨ੍ਹਾਂ ਦੇ ਵਕੀਲ ਮੇਅਰ ਜਗਦੀਸ਼ ਰਾਜਾ ਨੂੰ ਵੀ ਮਿਲੇ, ਜਿੱਥੇ ਵਿਧਾਇਕ ਪ੍ਰਗਟ ਸਿੰਘ ਵੀ ਮੌਜੂਦ ਸਨ। ਖਾਸ ਗੱਲ ਇਹ ਹੈ ਕਿ ਕੁਝ ਦਿਨ ਪਹਿਲਾਂ ਵੀ ਕਮਲਜੀਤ ਹੇਅਰ ਨੇ ਪਾਪਾ ਵ੍ਹਿਸਕੀ ਸੀਲ ਖੁੱਲ੍ਹਵਾਉਣ ਲਈ ਮੇਅਰ ਨਾਲ ਸੰਪਰਕ ਕੀਤਾ ਸੀ। ਉਸ ਦਿਨ ਵੀ ਵਿਧਾਇਕ ਪ੍ਰਗਟ ਸਿੰਘ ਸ਼੍ਰੀ ਹੇਅਰ ਨਾਲ ਨਿਗਮ ਆਏ। ਜਿੱਥੇ ਦੋਵਾਂ ਨੇ ਮੇਅਰ ਨਾਲ ਮੁਲਾਕਾਤ ਕੀਤੀ ਸੀ।


Related News