8 ਲੇਨ ਬਣੇਗਾ ਪੀ. ਏ. ਪੀ. ਰੇਲਵੇ ਓਵਰਬ੍ਰਿਜ, ਮਿਲੀ ਮਨਜ਼ੂਰੀ

02/29/2020 12:24:24 PM

ਜਲੰਧਰ (ਚੋਪੜਾ)— ਪਿਛਲੇ ਕਈ ਮਹੀਨਿਆਂ ਤੋਂ ਇਕ ਸੜਕ ਬੰਦ ਹੋਣ ਕਾਰਨ ਵਿਵਾਦਿਤ ਬਣੇ ਪੀ. ਏ. ਪੀ. ਰੇਲਵੇ ਓਵਰਬ੍ਰਿਜ ਹੁਣ ਚੌੜਾ ਕਰਕੇ 8 ਲੇਨ ਬਣੇਗਾ।  ਇਸ ਸਬੰਧੀ ਸਰਵੇ ਨੂੰ ਬੀਤੇ ਦਿਨ ਜ਼ੁਬਾਨੀ ਮਨਜ਼ੂਰੀ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਦਿੱਤੀ ਹੈ। ਫਲਾਈਓਵਰ ਦੇ ਗਲਤ ਡਿਜ਼ਾਈਨ ਕਾਰਨ ਵਾਹਨ ਚਾਲਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਅਤੇ ਸ਼ਿਕਾਇਤਾਂ ਦੇ ਮੱਦੇਨਜ਼ਰ ਚੇਅਰਮੈਨ ਸੰਧੂ ਨੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਮੇਅਰ ਜਗਦੀਸ਼ ਰਾਜ ਰਾਜਾ ਅਤੇ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨਾਲ ਕਰੀਬ 2 ਘੰਟੇ ਤੱਕ ਪੀ. ਏ. ਪੀ. ਅਤੇ ਰਾਮਾ ਮੰਡੀ ਫਲਾਈਓਵਰ, ਦਕੋਹਾ ਸਮੇਤ ਜਲੰਧਰ ਦੀ ਹੱਦ 'ਚ ਹਾਈਵੇ 'ਤੇ ਬਣੇ ਬਲੈਕ ਸਟਾਪਸ ਦਾ ਦੌਰਾ ਕੀਤਾ।

ਇਸ ਦੌਰਾਨ ਉਨ੍ਹਾਂ ਨੇ ਪੀ. ਏ. ਪੀ. ਆਰ. ਓ. ਬੀ. ਦੇ ਗਲਤ ਬਣੇ ਡਿਜ਼ਾਈਨ ਅਤੇ ਉਥੇ ਆ ਰਹੀ ਦਿੱਕਤਾਂ ਨੂੰ ਵੀ ਦੇਖਿਆ। ਇਸ ਦੌਰਾਨ ਪ੍ਰਸ਼ਾਸਨ ਨੇ ਚੇਅਰਮੈਨ ਨੂੰ ਪੀ. ਏ. ਪੀ. ਫਲਾਈਓਵਰ ਨੂੰ 6 ਲੇਨ ਬਣਾਉਣ ਨੂੰ ਲੈ ਕੇ 2 ਡਰਾਇੰਗਾਂ ਦਿਖਾਈਆਂ ਪਰ ਚੇਅਰਮੈਨ ਸੰਧੂ ਨੇ ਹਾਈਵੇਅ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਅਧਿਕਾਰੀਆਂ ਨੂੰ ਕਿਹਾ ਕਿ ਇਸ ਆਰ. ਓ. ਬੀ. ਦਾ ਨਿਰਮਾਣ ਭਵਿੱਖ ਦੇ 25-30 ਸਾਲਾਂ ਨੂੰ ਦੇਖਦੇ ਹੋਏ ਬਣਾਇਆ ਜਾਵੇ, ਜਿਸ ਕਾਰਨ ਇਸ ਨੂੰ 6 ਲੇਨ ਦੀ ਬਜਾਏ 8 ਲੇਨ ਬਣਾਇਆ ਜਾਵੇ ਪਰ ਇਸ ਲਈ ਐੱਨ. ਐੱਚ. ਨੂੰ ਆਰ. ਓ. ਬੀ. ਦੇ ਆਲੇ-ਦੁਆਲੇ ਦੀ ਜ਼ਮੀਨ ਐਕਵਾਇਰ ਕਰਨ ਦੀ ਲੋੜ ਪੈ ਸਕਦੀ ਹੈ। ਇਸ ਦੌਰਾਨ ਇਕ ਪ੍ਰਪੋਜ਼ਲ ਬਣੀ ਕਿ ਪੀ. ਏ. ਪੀ. ਫਲਾਈਓਵਰ ਚੜ੍ਹਨ ਦੌਰਾਨ ਐਲੀਵੇਟਿਡ ਰੋਡ ਤਿਆਰ ਹੋਵੇਗਾ ਜੋ ਕਿ ਸਿੱਧਾ ਚੌਗਿੱਟੀ ਫਲਾਈਓਵਰ ਤੱਕ ਜਾਵੇਗਾ।
ਇਸ ਪ੍ਰਪੋਜ਼ਲ ਨੂੰ ਲੈ ਕੇ ਚੇਅਰਮੈਨ ਸੰਧੂ ਨੇ ਮੌਕੇ 'ਤੇ ਹੀ ਇਕ ਕਮੇਟੀ ਦਾ ਗਠਨ ਕੀਤਾ, ਜਿਸ 'ਚ ਐੱਨ. ਐੱਚ. ਦੇ ਅਧਿਕਾਰੀਆਂ ਸਮੇਤ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਿਧਾਇਕ ਰਾਜਿੰਦਰ ਬੇਰੀ ਵੀ ਸ਼ਾਮਲ ਹਨ। ਕਮੇਟੀ ਆਰ. ਓ. ਬੀ. ਨੂੰ 8 ਲੇਨ ਬਣਾਉਣ ਨੂੰ ਲੈ ਕੇ ਐਕਸਪਰਟਸ ਤੋਂ ਸੁਝਾਅ ਲੈ ਕੇ ਡਰਾਇੰਗ ਤਿਆਰ ਕਰੇਗੀ। ਚੇਅਰਮੈਨ ਨੇ ਮੌਕੇ 'ਤੇ ਹੀ ਕਿਹਾ ਕਿ ਤੁਸੀਂ ਮੈਨੂੰ ਪੂਰਾ ਪਲਾਨ ਆਊਟ ਦਿਓ, ਐੱਨ. ਐੱਚ. ਤੁਰੰਤ ਆਰ. ਓ. ਬੀ. ਦੇ ਨਿਰਮਾਣ ਲਈ ਟੈਂਡਰ ਕਾਲ ਕਰ ਦੇਵੇਗਾ।

PunjabKesari

ਇਸ ਮੌਕੇ ਚੇਅਰਮੈਨ ਨੇ ਰਾਮਾ ਮੰਡੀ ਫਲਾਈਓਵਰ 'ਚ ਜਿੱਥੇ ਹੁਸ਼ਿਆਰਪੁਰ, ਲੁਧਿਆਣਾ ਅਤੇ ਜਲੰਧਰ ਤੋਂ ਆਉਣ-ਜਾਣ ਵਾਲੇ ਰਾਹ 'ਤੇ ਬਣੇ ਆਵਾਜਾਈ ਜਾਮ ਦੇ ਪੁਆਇੰਟਸ ਦਾ ਵੀ ਜਾਇਜ਼ਾ ਲਿਆ, ਉਥੇ ਹੀ ਦਕੋਹਾ ਰੇਲਵੇ ਫਾਟਕ 'ਤੇ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਚੇਅਰਮੈਨ ਨੂੰ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ 'ਚ ਜ਼ਮੀਨ ਦੀ ਕਮੀ ਨਾਲ ਸਬੰਧਤ ਵੀ ਵਿਸਥਾਰ ਨਾਲ ਦੱਸਿਆ। ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਦੇ ਕਹਿਣ 'ਤੇ ਚੇਅਰਮੈਨ ਨੇ ਰਾਸ਼ਟਰੀ ਹਾਈਵੇਅ ਅਥਾਰਿਟੀ ਦੇ ਅਧਿਕਾਰੀਆਂ ਨੂੰ ਜ਼ਿਲਾ ਜਲੰਧਰ 'ਚ ਪੈਂਦੇ ਸਭ ਤੋਂ ਜ਼ਿਆਦਾ ਹਾਦਸੇ ਵਾਲੇ 18 ਥਾਵਾਂ ਨੂੰ ਤੁਰੰਤ ਹਟਾਉਣ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਸ ਪ੍ਰਾਜੈਕਟ ਨੂੰ ਜਲਦੀ ਤੋਂ ਜਲਦੀ ਪੂਰਾ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੀ. ਏ. ਪੀ. ਅਤੇ ਰਾਮਾ ਮੰਡੀ ਸੜਕ ਦੇ ਦੋਵੇਂ ਪਾਸੇ ਰੌਸ਼ਨੀ ਦਾ ਪ੍ਰਬੰਧ ਕਰਨ ਲਈ ਵਾਧੂ ਸਟਰੀਟ ਲਾਈਟਾਂ ਲਾਈਆਂ ਜਾਣ। ਚੇਅਰਮੈਨ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਸੜਕ ਦੇ ਦੋਵਾਂ ਪਾਸੇ ਵਾਹਨਾਂ ਦੀ ਭੀੜ ਨੂੰ ਘੱਟ ਕਰਨ ਲਈ ਡਰੇਨੇਜ ਪ੍ਰਣਾਲੀ ਨੂੰ ਫਿਰ ਤਿਆਰ ਕਰਨ ਦੇ ਨਾਲ-ਨਾਲ ਸਰਵਿਸ ਲੇਨ ਨੂੰ ਵੀ ਚੌੜਾ ਕੀਤਾ ਜਾਵੇ।

ਇਸ ਤੋਂ ਇਲਾਵਾ ਚੇਅਰਮੈਨ ਸੰਧੂ ਨੇ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀਆਂ ਦੇ ਨਾਲ ਫਗਵਾੜਾ ਤੋਂ ਪੀ. ਏ. ਪੀ. ਫਲਾਈਓਵਰ ਅਤੇ ਕਰਤਾਰਪੁਰ ਤੱਕ ਆਵਾਜਾਈ ਨੂੰ ਬਿਨਾਂ ਰੁਕਾਵਟ ਅਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਰੁਕਾਵਟਾਂ ਪੈਦਾ ਕਰ ਰਹੇ ਬਲੈਕ ਸਪਾਟਸ ਅਤੇ ਹਾਈਵੇ ਦੀ ਹਾਲਤ ਦਾ ਮੁਆਇਨਾ ਕੀਤਾ। ਸਥਾਨਕ ਸਰਕਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚੇਅਰਮੈਨ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੇ ਜ਼ਿਲੇ ਦੇ ਅਧੀਨ ਆਉਂਦੇ ਪੂਰੇ ਹਾਈਵੇ 'ਚ 50 ਤੋਂ ਜ਼ਿਆਦਾ ਅਜਿਹੇ ਪੁਆਇੰਟ ਨੋਟ ਕੀਤੇ ਹਨ, ਜੋ ਕਿ ਵਾਹਨ ਚਾਲਕਾਂ ਲਈ ਹਾਦਸਿਆ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਲੈਕ ਸਪਾਟਸ ਨੂੰ ਦਰੁੱਸਤ ਕਰਨਾ ਅਤੇ ਸੁਰੱਖਿਅਤ ਤੇ ਗੁਣਵੱਤਾ ਨਾਲ ਭਰਪੂਰ ਸੜਕਾਂ ਲੋਕਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਾਰੇ ਪ੍ਰਾਜੈਕਟ ਨੂੰ ਦਰੁੱਸਤ ਕਰਨ ਲਈ ਫੰਡਸ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਐੱਸ. ਡੀ. ਐੱਮ. ਰਾਹੁਲ, ਡੀ. ਸੀ. ਪੀ. ਨਰੇਸ਼ ਡੋਗਰਾ, ਏ. ਸੀ. ਪੀ. ਐੱਚ. ਐੱਸ. ਭੱਲਾ, ਕਾਰਜਕਾਰੀ ਇੰਜੀਨੀਅਰ ਗੁਰਮੁਖ ਸਿੰਘ, ਐੱਸ. ਡੀ. ਓ. ਮਨਦੀਪ ਸਿੰਘ ਅਤੇ ਹੋਰ ਵੀ ਮੌਜੂਦ ਸਨ।

PunjabKesari

ਹੁਣ ਪ੍ਰਾਜੈਕਟ ਡਾਇਰੈਕਟਰ ਅੰਬਾਲਾ ਦੇ ਸਥਾਨ 'ਤੇ ਪ੍ਰਾਜੈਕਟ ਡਾਇਰੈਕਟਰ ਜਲੰਧਰ ਕਰਨਗੇ ਨਿਗਰਾਨੀ
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੂੰ ਦੱਸਿਆ ਕਿ ਹਾਈਵੇ ਨਾਲ ਸਬੰਧਤ ਦਿੱਕਤਾਂ ਨੂੰ ਲੈ ਕੇ ਜਦੋਂ ਉਹ ਅਧਿਕਾਰੀਆਂ ਤੋਂ ਕੁਝ ਸੁਧਾਰ ਕਰਵਾਉਣਾ ਚਾਹੁੰਦੇ ਹਨ ਤਾਂ ਉਸ ਦੀ ਮਨਜ਼ੂਰੀ ਪ੍ਰਾਜੈਕਟ ਡਾਇਰੈਕਟਰ ਅੰਬਾਲਾ ਤੋਂ ਲੈਣੀ ਪੈਂਦੀ ਹੈ। ਅਪਰੂਵਲ ਨੂੰ ਪ੍ਰਸਤਾਵ ਭੇਜਣ ਅਤੇ ਮਨਜ਼ੂਰੀ ਮਿਲਣ 'ਚ ਸਮਾਂ ਲੱਗ ਜਾਂਦਾ ਹੈ। ਜਿਸ 'ਤੇ ਚੇਅਰਮੈਨ ਸੰਧੂ ਨੇ ਮੌਕੇ 'ਤੇ ਹੀ ਕਿਹਾ ਕਿ ਹੁਣ ਜਲੰਧਰ ਨਾਲ ਲੱਗਦੇ ਹਾਈਵੇ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਨੂੰ ਲੈ ਕੇ ਲਏ ਜਾਣ ਵਾਲੇ ਫੈਸਲਿਆਂ ਅਤੇ ਪ੍ਰਾਜੈਕਟ ਦੀ ਨਿਗਰਾਨੀ ਜਲੰਧਰ ਦੇ ਪ੍ਰਾਜੈਕਟ ਡਾਇਰੈਕਟਰ ਕਰਨਗੇ ਤਾਂ ਜੋ ਹਰੇਕ ਸਮੱਸਿਆ ਦਾ ਹੱਲ ਸਮੇਂ 'ਤੇ ਹੋ ਸਕੇ।

ਫਲਾਈਓਵਰ 'ਚ ਖਾਮੀਆਂ ਦੂਰ ਹੋਣ ਤੋਂ ਬਾਅਦ ਜ਼ਿੰਮੇਵਾਰ ਅਧਿਕਾਰੀਆਂ 'ਤੇ ਹੋਵੇਗੀ ਕਾਰਵਾਈ : ਚੇਅਰਮੈਨ ਸੰਧੂ
ਪੀ. ਏ. ਪੀ. ਓਵਰਬ੍ਰਿਜ ਦੇ ਗਲਤ ਡਿਜ਼ਾਈਨ ਨੂੰ ਲੈ ਕੇ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦੇ ਜ਼ਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ ਦੇ ਪੁੱਛੇ ਗਏ ਸਵਾਲ 'ਤੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਪਹਿਲਾਂ ਉਨ੍ਹਾਂ ਦਾ ਪ੍ਰਮੁੱਖ ਉਦੇਸ਼ ਜਲਦੀ ਤੋਂ ਜਲਦੀ ਹਾਈਵੇ 'ਚ ਮਿਲੀਆਂ ਖਾਮੀਆਂ ਨੂੰ ਦੂਰ ਕਰਨਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ ਦੋ ਤਿੰਨ ਮਹੀਨਿਆਂ 'ਚ ਵਾਹਨ ਚਾਲਕਾਂ ਨੂੰ ਜ਼ਿਆਦਾਤਰ ਪ੍ਰੇਸ਼ਾਨੀਆਂ ਤੋਂ ਰਾਹਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੀ. ਏ. ਪੀ. ਫਲਾਈਓਵਰ ਦੇ ਬਣ ਜਾਣ ਤੋਂ ਬਾਅਦ ਉਹ ਜ਼ਿੰਮੇਵਾਰ ਅਧਿਕਾਰੀਆਂ 'ਤੇ ਕਾਰਵਾਈ ਕਰਨ ਵੱਲ ਧਿਆਨ ਦੇਣਗੇ।


shivani attri

Content Editor

Related News