ਪੰਜਾਬ ਸਰਕਾਰ ਦੇ ਹੁਕਮਾਂ ਦਾ ਨਿਕਲਿਆ ''ਧੂੰਆਂ'', ਪਰਾਲੀ ਸਾੜਨ ਦਾ ਸਿਲਸਿਲਾ ਸ਼ੁਰੂ

10/19/2019 4:42:49 PM

ਸੁਲਤਾਨਪੁਰ ਲੋਧੀ (ਅਸ਼ਵਨੀ)— ਝੋਨੇ ਦੀ ਕਟਾਈ ਤੋਂ ਬਾਅਦ ਸੁਲਤਾਨਪੁਰ ਲੋਧੀ ਹਲਕੇ ਅੰਦਰ ਪਰਾਲੀ ਦੇ ਸੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਜਦੋਂ ਹਲਕੇ ਦਾ ਦੌਰਾ ਕੀਤਾ ਤਾਂ ਪਿੰਡ ਜੱਬੋਸੁਧਾਰ, ਮੁੱਲਾਂ ਕਲਾਂ, ਮੰਡ ਅਤੇ ਹੋਰ ਖੇਤਰਾਂ 'ਚ ਪੰਜਾਬ ਸਰਕਾਰ ਦੇ ਹੁਕਮਾਂ ਦਾ 'ਧੂੰਆਂ' ਨਿਕਲਦਾ ਵੇਖਣ ਨੂੰ ਮਿਲਿਆ। ਇਨ੍ਹਾਂ ਇਲਾਕਿਆਂ 'ਚ ਕੁਝ ਕਿਸਾਨਾਂ ਵੱਲੋਂ ਧੜੱਲੇ ਨਾਲ ਪਰਾਲੀ ਨੂੰ ਅੱਗ ਲਗਾਉਣ ਦੇ ਨਾਜ਼ਾਰਿਆਂ ਨੂੰ ਜਦੋਂ ਕੈਮਰੇ ਵਿਚ ਕੈਦ ਕੀਤਾ ਜਾ ਰਿਹਾ ਸੀ ਤਾਂ ਅੱਗ ਲਗਾਉਣ ਵਾਲੇ ਲੋਕਾਂ 'ਚ ਭਾਜੜਾਂ ਪੈ ਗਈਆਂ। ਹੁਣ ਸੁਆਲ ਉਠਦਾ ਹੈ ਕਿ ਆਖਿਰ ਸੁਲਤਾਨਪੁਰ ਲੋਧੀ ਖੇਤਰ ਅੰਦਰ ਲੋਕਾਂ ਨੂੰ ਪ੍ਰਸ਼ਾਸਨ ਦੇ ਹੁਕਮਾਂ ਦੀ ਪਰਵਾਹ ਕਿਉਂ ਨਹੀਂ ਹੈ? ਕਿ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਪਰਾਲੀ ਸੜਨ ਤੋਂ ਰੋਕਣ ਲਈ ਕਾਰਵਾਈ ਨੂੰ ਅੰਜਾਮ ਦੇਣਗੇ ਜਾਂ ਫਿਰ ਪਹਿਲਾਂ ਵਾਂਗ ਹੀ ਚਲਦਾ ਰਹੇਗਾ। ਉਧਰ ਪਰਾਲੀ ਨੂੰ ਸਾੜਨਾ ਭਾਵੇਂ ਕਿਸਾਨ ਅਪਣੀ ਮਜਬੂਰੀ ਦੱਸ ਰਹੇ ਹਨ ਪਰ ਉਨ੍ਹਾਂ ਦੀ ਇਸ ਕਾਰਵਾਈ ਦੇ ਕਾਰਨ ਸਾਹ ਰੋਗੀ ਖਾਸ ਕਰ ਕੇ ਦਮੇ ਦੇ ਰੋਗੀ ਖੁਦ ਨੂੰ ਬਹੁਤ ਪ੍ਰੇਸ਼ਾਨ ਦੱਸ ਰਹੇ ਹਨ ਅਤੇ ਮੰਗ ਕਰ ਰਹੇ ਹਨ ਕਿ ਉਨ੍ਹਾਂ ਤੋਂ ਜਿਊਣ ਦਾ ਹੱਕ ਨਾ ਖੋਹਿਆ ਜਾਵੇ।

ਪਰਾਲੀ ਸਾੜਨ ਵਾਲਿਆਂ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ : ਐੱਸ. ਡੀ. ਓ .
ਇਸ ਸਬੰਧੀ ਜਦੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐੱਸ. ਡੀ. ਓ. ਭੀਸ਼ਮ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਵਾਲੇ ਲੋਕਾਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੈਟੇਲਾਈਟ ਤੋਂ ਪ੍ਰਾਪਤ ਤਸਵੀਰਾਂ ਦੇ ਆਧਾਰ 'ਤੇ ਰਿਪੋਰਟ ਤਿਆਰ ਕਰ ਕੇ ਅੱਗ ਲਗਾਉਣ ਵਾਲੇ ਲੋਕਾਂ 'ਤੇ ਅਗਲੇਰੀ ਕਾਰਵਾਈ ਲਈ ਐੱਸ. ਡੀ. ਐੱਮ. ਨੂੰ ਭੇਜ ਦਿੱਤੀ ਜਾਦੀਂ ਹੈ।


shivani attri

Content Editor

Related News