ਸ਼ਰਾਬ ਸਮੱਗਲਿੰਗ ਦੇ ਕੇਸਾਂ 'ਚ ਸ਼ਾਮਲ ਫਰਾਰ ਮੁਲਜ਼ਮ ਹਿਮਾਚਲ ਤੋਂ ਗ੍ਰਿ੍ਰਫਤਾਰ

01/16/2020 3:58:08 PM

ਜਲੰਧਰ (ਵਰੁਣ)— ਪੁਲਸ ਵੱਲੋਂ ਸ਼ਰਾਬ ਸਮੱਗਲਿੰਗ ਦੇ ਕੇਸਾਂ 'ਚ ਫਰਾਰ ਚੱਲ ਰਹੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਅਰਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਬਲਵੰਤ ਸਿੰਘ ਵਾਸੀ ਅਮਨ ਨਗਰ ਵਜੋਂ ਹੋਈ ਹੈ, ਜਿਸ ਨੂੰ ਪੁਲਸ ਵੱਲੋਂ ਹਿਮਾਚਲ ਪ੍ਰਦੇਸ਼ ਯੈਲੋ ਹੋਟਲ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਮੁਲਜ਼ਮ ਖਿਲਾਫ ਵੱਖ-ਵੱਖ ਥਾਣਿਆਂ 'ਚ ਕਰੀਬ 15 ਮਾਮਲੇ ਦਰਜ ਹਨ ਅਤੇ ਇਹ ਪੁਲਸ ਨੂੰ ਕਾਫੀ ਦੇਰ ਤੋਂ ਲੋੜੀਂਦਾ ਸੀ। ਇਹ ਕਾਰਵਾਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਾਂਝੇ ਤੌਰ 'ਤੇ ਥਾਣਾ ਰਾਮਾਮੰਡੀ ਜਲੰਧਰ ਅਤੇ ਸੀ. ਆਈ. ਏ- ਸਟਾਫ 1 ਵੱਲੋਂ ਕੀਤੀ ਗਈ ਹੈ।

ਇੰਝ ਹੋਈ ਲੋੜੀਂਦੇ ਮੁਲਜ਼ਮ ਦੀ ਗ੍ਰਿਫਤਾਰੀ
ਜਾਣਕਾਰੀ ਮੁਤਾਬਕ ਥਾਣਾ ਰਾਮਾਮੰਡੀ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਰਵਿਸ ਰੋਡ ਸੁੱਚੀ ਪਿੰਡ ਜੇ. ਕੇ. ਢਾਬੇ ਵਾਲੀ ਗਲੀ 'ਚ ਉਕਤ ਮੁਲਜ਼ਮ ਨੇ ਗੋਦਾਮ ਕਿਰਾਏ 'ਤੇ ਲੈ ਕੇ ਚੰਡੀਗੜ੍ਹ ਦੀ ਸ਼ਰਾਬ ਭਾਰੀ ਮਾਤਰਾ 'ਚ ਡੰਪ ਕੀਤੀ ਹੋਈ ਹੈ, ਜੋ ਗਾਹਕਾਂ ਨੂੰ ਪੰਜਾਬ ਦੀ ਸ਼ਰਾਬ ਦੱਸ ਕੇ ਧੋਖਾਧੜੀ ਨਾਲ ਵੇਚ ਰਿਹਾ ਹੈ। ਇਸ ਦੇ ਵਿਰੁੱਧ ਥਾਣਾ ਰਾਮਾਮੰਡੀ 'ਚ ਐਕਸਾਈਜ਼ ਐਕਟ 420 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੋਇਆ ਸੀ। ਮੌਕੇ 'ਤੇ ਗੋਦਾਮ 'ਚੋਂ 215 ਪੇਟੀਆਂ ਸ਼ਰਾਬ ਮਾਰਕਾ ਨੈਨਾ ਵ੍ਹਿਸਕੀ ਫਾਰ ਸੇਲ ਇੰਨ ਚੰਡੀਗੜ੍ਹ ਬਰਾਮਦ ਹੋਈਆਂ ਸਨ।

ਅਰਵਿੰਦਰ ਸਿੰਘ ਉਰਫ ਸੋਨੂੰ ਨੇ ਗੋਦਾਮ ਦਾ ਰੈਂਟ ਐਗਰੀਮੈਂਟ ਆਪਣੇ ਕਰਿੰਦੇ ਇੰਦਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਜੀਤ ਨਗਰ ਦੇ ਨਾਂ 'ਤੇ ਬਣਾਇਆ ਸੀ। ਇਸ ਦਾ ਫਾਇਦਾ ਲੈਂਦੇ ਹੋਏ ਮੁਲਜ਼ਮ ਨੇ ਉੱਚ ਅਧਿਕਾਰੀਆਂ ਨੂੰ ਆਪਣੀ ਬੇਗੁਨਾਹੀ ਸਬੰਧੀ ਦਰਖਾਸਤਾਂ ਦਿੱਤੀਆਂ ਸਨ। ਦਰਖਾਸਤ ਦੀ ਪੜਤਾਲ ਦੌਰਾਨ ਹੀ ਅਰਵਿੰਦਰ ਮੁਲਜ਼ਮ ਪਾਇਆ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮ ਫਰਾਰ ਚੱਲਿਆ ਆ ਰਿਹਾ ਸੀ ਅਤੇ ਵੱਡੀ ਕਾਰਵਾਈ ਕਰਦੇ ਹੋਏ ਅੱਜ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ।

ਫਿਲਹਾਲ ਪੁਲਸ ਵੱਲੋਂ ਕਾਬੂ ਕੀਤੇ ਗਏ ਸੋਨੂੰ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਨੂੰ ਪੁੱਛਗਿੱਛ 'ਚ ਕਏ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਪੁਲਸ ਵੱਲੋਂ ਅੱਜ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।


shivani attri

Content Editor

Related News