ਪੁਰਾਣੀ ਸਬਜ਼ੀ ਮੰਡੀ ਚੌਕ ''ਚ ਬਣਿਆ ''ਆਈਲੈਂਡ'' ਵਿਵਾਦਾਂ ''ਚ ਘਿਰਿਆ

12/11/2019 12:46:30 PM

ਜਲੰਧਰ (ਖੁਰਾਣਾ)— ਹੋਟਲ ਡਾਲਫਿਨ ਤੋਂ ਥੋੜ੍ਹਾ ਅੱਗੇ ਸਥਿਤ ਪੁਰਾਣੀ ਸਬਜ਼ੀ ਮੰਡੀ ਚੌਕ ਕੋਲ ਬਣਿਆ ਆਈਲੈਂਡ (ਤਿਕੋਣਾ ਸਥਾਨ) ਵਿਵਾਦਾਂ 'ਚ ਘਿਰ ਗਿਆ ਹੈ। ਨਗਰ ਨਿਗਮ ਦੇ ਹਾਰਟੀਕਲਚਰ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਇਕ ਮੋਬਾਇਲ ਕੰਪਨੀ ਨੇ ਬਿਨਾਂ ਨਿਗਮ ਕੋਲੋਂ ਪਰਮੀਸ਼ਨ ਲਿਆਂ ਜਾਂ ਐਗਰੀਮੈਂਟ ਕੀਤੇ ਆਪਣੇ ਪੱਧਰ 'ਤੇ ਆਈਲੈਂਡ ਨੂੰ ਵਿਕਸਿਤ ਕਰਕੇ ਕੰਪਨੀ ਦੇ ਵੱਡੇ-ਵੱਡੇ ਇਸ਼ਤਿਹਾਰ ਲਾਏ ਹੋਏ ਹਨ। ਨਿਗਮ ਦੀ ਹਾਰਟੀਕਲਚਰ ਸ਼ਾਖਾ ਦੇ ਪ੍ਰਮੁੱਖ ਦਲਜੀਤ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਇਸ 'ਆਈਲੈਂਡ' ਨੂੰ ਮੇਨਟੇਨ ਕਰਨ ਦਾ ਠੇਕਾ ਕਿਸੇ ਕੰਪਨੀ ਨਾਲ ਨਹੀਂ ਕੀਤਾ ਗਿਆ। ਜਲਦੀ ਹੀ ਪੂਰੇ ਮਾਮਲੇ ਦਾ ਪਤਾ ਲਗਾ ਕੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ 'ਆਈਲੈਂਡ' ਦਾ ਉਦਘਾਟਨ ਕੁਝ ਦਿਨ ਪਹਿਲਾਂ ਵਿਧਾਇਕ ਰਾਜਿੰਦਰ ਬੇਰੀ ਨੇ ਕੀਤਾ ਸੀ। ਜਦੋਂ ਇਸ ਮਾਮਲੇ 'ਚ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਤਾਂ ਬੇਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਬੰਧਤ ਧਿਰ ਨੇ ਦੋ ਸਾਲ ਪਹਿਲਾਂ ਐਗਰੀਮੈਂਟ ਹੋਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਜ਼ਿਆਦਾ ਉਨ੍ਹਾਂ ਨੂੰ ਕੁੱਝ ਨਹੀਂ ਪਤਾ। ਖਾਸ ਗੱਲ ਇਹ ਹੈ ਕਿ ਇਸ ਆਈਲੈਂਡ ਦੀ ਚਾਰਦੀਵਾਰੀ ਕਰਵਾ ਕੇ ਗਰਿੱਲਾਂ ਵੀ ਲਗਵਾ ਦਿੱਤੀਆਂ ਗਈਆਂ ਹਨ। ਗਰਿੱਲਾਂ 'ਚ ਜਿੱਥੇ ਮੋਬਾਇਲ ਕੰਪਨੀ ਨੇ ਆਪਣੇ ਇਸ਼ਤਿਹਾਰ ਫਿੱਟ ਕਰ ਲਏ ਹਨ, ਉਥੇ ਹੀ ਵਿਚਕਾਰ ਵੱਡੇ-ਵੱਡੇ ਲਾਲੀਪਾਪ ਇਸ਼ਤਿਹਾਰ ਲਗਾ ਦਿੱਤੇ ਗਏ ਹਨ। ਹੁਣ ਦੇਖਣਾ ਹੈ ਕਿ ਮੋਬਾਇਲ ਕੰਪਨੀ ਨਿਗਮ ਨੂੰ ਪੁਰਾਣਾ ਐਗਰੀਮੈਂਟ ਪੇਸ਼ ਕਰ ਪਾਉਂਦੀ ਹੈ ਜਾਂ ਨਹੀਂ ਪਰ ਇੰਨਾ ਤੈਅ ਹੈ ਕਿ ਜੇਕਰ ਕੋਈ ਐਗਰੀਮੈਂਟ ਨਾ ਹੋਇਆ ਤਾਂ ਨਿਗਮ ਆਉਣ ਵਾਲੇ ਦਿਨਾਂ 'ਚ ਕਾਰਵਾਈ ਜ਼ਰੂਰ ਕਰੇਗਾ।

PunjabKesari

ਐੱਨ. ਜੀ. ਓ. ਨੇ ਵੀ ਵਿਕਸਿਤ ਕੀਤਾ ਸੀ ਇਹ ਹੀ 'ਆਈਲੈਂਡ'
ਪੁਰਾਣੀ ਸਬਜ਼ੀ ਮੰਡੀ ਦੇ ਸਾਹਮਣੇ ਬਣੇ ਇਸ ਛੋਟੇ ਜਿਹੇ ਆਈਲੈਂਡ ਦੀ ਗੱਲ ਕਰੀਏ ਤਾਂ ਇਸ ਨੂੰ ਦੋ ਸਾਲ ਪਹਿਲਾਂ ਸਤੰਬਰ 2017 'ਚ ਐੱਨ. ਜੀ. ਓ. ਸਮਰਪਨ ਟੂ ਦਿ ਨੇਸ਼ਨ ਨੇ ਆਪਣੇ ਖਰਚੇ 'ਤੇ ਡਿਵੈਲਪ ਕਰ ਦਿੱਤਾ ਸੀ, ਜਿਸ ਦੇ ਤਹਿਤ ਇਸ ਦੀ ਸਾਫ-ਸਫਾਈ ਕਰਕੇ ਰੰਗ ਰੋਗਨ ਕੀਤਾ ਗਿਆ ਤੇ ਗਮਲੇ ਆਦਿ ਰੱਖਵਾ ਕੇ ਗ੍ਰੀਨਰੀ ਕਰ ਦਿੱਤੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ 'ਚ ਕਿਸੇ ਵੀ ਬੂਟੇ ਨੂੰ ਪਾਣੀ ਨਹੀਂ ਦਿੱਤਾ ਗਿਆ, ਜਿਸ ਕਾਰਨ ਉਹ ਸੁੱਕ ਗਏ ਅਤੇ ਗਮਲੇ ਵੀ ਟੁੱਟ ਗਏ। ਕੁਝ ਮਹੀਨਿਆਂ ਬਾਅਦ ਹੀ ਇਸ ਆਈਲੈਂਡ 'ਤੇ ਖਰਬੂਜ਼ੇ ਤੇ ਹਦਵਾਣੇ ਵੇਚੇ ਜਾਣ ਲੱਗੇ, ਜਿਸ ਕਾਰਨ ਇਸ ਦਾ ਬੁਰਾ ਹਾਲ ਹੋ ਗਿਆ। ਜੇਕਰ ਐੱਨ. ਜੀ. ਓ. ਵੱਲੋਂ ਸੁਧਾਰਣ ਤੋਂ ਬਾਅਦ ਇਸ ਦਾ ਖਿਆਲ ਰੱਖਿਆ ਜਾਂਦਾ ਤਾਂ ਇਸ ਨੂੰ ਸੋਹਣਾ ਰੂਪ ਦਿੱਤਾ ਜਾ ਸਕਦਾ ਸੀ।

ਐੱਨ. ਆਰ. ਆਈ. ਸਭਾ ਦੇ ਸਾਹਮਣੇ ਪਾਰਕ ਤੋਂ ਇਸ਼ਤਿਹਾਰ ਉਤਾਰੇ
ਨਗਰ ਨਿਗਮ ਨੇ ਕੁਝ ਮਹੀਨੇ ਪਹਿਲਾਂ ਲੱਖਾਂ ਰੁਪਏ ਖਰਚ ਕੇ ਡੀ. ਸੀ. ਆਫਿਸ ਜਾਣ ਵਾਲੀ ਰੋਡ 'ਤੇ ਐੱਨ. ਆਰ. ਆਈ. ਸਭਾ ਦੇ ਸਾਹਮਣੇ ਬਣੇ ਪਾਰਕ ਦਾ ਨਵ-ਨਿਰਮਾਣ ਕਰਵਾਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਲੱਖਾਂ ਰੁਪਏ ਖੁਦ ਖਰਚ ਕਰਨ ਤੋਂ ਬਾਅਦ ਨਿਗਮ ਨੇ ਇਸ ਨੂੰ ਮੇਨਟੇਨ ਕਰਨ ਦਾ ਕਾਂਟ੍ਰੈਕਟ ਇਕ ਟ੍ਰੈਵਲ ਏਜੰਸੀ ਨੂੰ ਦੇ ਦਿੱਤਾ, ਜਿਸ ਨੇ ਸਿਰਫ ਰੰਗ ਰੋਗਨ ਕਰ ਕੇ ਆਪਣੇ ਵੱਡੇ-ਵੱਡੇ ਇਸ਼ਤਿਹਾਰ ਇਸ ਪਾਰਕ 'ਚ ਲਗਾ ਦਿੱਤੇ। ਜਦੋਂ ਇਸ ਕਾਂਟ੍ਰੈਕਟ ਦਾ ਵਿਰੋਧ ਹੋਇਆ ਤਾਂ ਨਿਗਮ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਜਿਸ ਕਾਰਨ ਬੀਤੇ ਦਿਨ ਸਵੇਰੇ-ਸਵੇਰੇ ਕਾਰਵਾਈ ਕੀਤੀ ਗਈ ਅਤੇ ਇਸ ਪਾਰਕ 'ਚ ਟ੍ਰੈਵਲ ਏਜੰਸੀ ਵਲੋਂ ਲਾਏ ਵੱਡੇ-ਵੱਡੇ ਇਸ਼ਤਿਹਾਰ ਹਟਾ ਦਿਤੇ ਗਏ।

PunjabKesari

ਲੱਧੇਵਾਲੀ ਵਿਚ ਵੀ ਹੋਇਆ ਸੀ ਵਿਰੋਧ
ਰਾਮਾ ਮੰਡੀ ਇਲਾਕੇ 'ਚ ਜੋ ਸੜਕ ਲੱਧੇਵਾਲੀ ਤੋਂ ਤੱਲ੍ਹਣ ਸਾਹਿਬ ਗੁਰਦੁਆਰੇ ਵੱਲ ਜਾਂਦੀ ਹੈ, ਉਥੇ ਬਣੇ ਇਕ ਆਈਲੈਡ ਨੂੰ ਮੇਨਟੇਨ ਕਰਨ ਦਾ ਕਾਂਟ੍ਰੈਕਟ ਵੀ ਨਗਰ ਨਿਗਮ ਨੇ ਜੌਹਲ ਹਸਪਤਾਲ ਦੇ ਨਾਲ ਕਰ ਲਿਆ ਸੀ ਪਰ ਇਲਾਕੇ ਦੇ ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਇਹ ਕਾਂਟ੍ਰੈਕਟ ਵੀ ਵਾਪਸ ਲੈ ਲਿਆ ਗਿਆ। ਇਸੇ ਤਰ੍ਹਾਂ ਨਿਗਮ ਨੇ ਸੂਰਿਆ ਐਨਕਲੇਵ ਵਾਸੀ ਸੰਤੋਸ਼ ਕੁਮਾਰ ਨਾਲ ਮਾਡਲ ਟਾਊਨ ਵਿਚ ਨੋ-ਐਗਜ਼ਿਟ ਦੇ ਸਾਹਮਣੇ ਬਣੇ ਛੋਟੇ ਜਿਹੇ ਪਾਰਕ ਨੂੰ ਮੇਨਟੇਨ ਕਰਨ ਦਾ ਕਾਂਟ੍ਰੈਕਟ ਕੀਤਾ ਸੀ ਪਰ ਜਦੋਂ ਨਿਗਮ ਨੂੰ ਪਤਾ ਲੱਗਾ ਕਿ ਉਥੇ ਬਦਲ-ਬਦਲ ਕੇ ਇਸ਼ਤਿਹਾਰ ਬੋਰਡ ਲਾਏ ਜਾਣ ਦੀ ਪਲਾਨਿੰਗ ਹੈ ਤਾਂ ਉਸ ਕਾਂਟ੍ਰੈਕਟ ਨੂੰ ਖਤਮ ਕਰ ਦਿੱਤਾ ਗਿਆ। ਇਸੇ ਤਰ੍ਹਾਂ ਐੱਨ. ਜੀ. ਓ. ਹਿਊਮੈਨਿਟੀ ਨੇ ਸਥਾਨਕ ਬਬਰੀਕ ਚੌਕ ਨੂੰ ਮੇਨਟੇਨ ਕਰਨ ਦਾ ਕਾਂਟ੍ਰੈਕਟ ਲਿਆ ਹੋਇਆ ਹੈ ਪਰ ਉਥੇ ਐੱਨ ਜੀ. ਓ. ਵੱਲੋਂ ਕੰਮ ਸ਼ੁਰੂ ਨਹੀਂ ਕਰਵਾਇਆ ਗਿਆ।


shivani attri

Content Editor

Related News