ਰੂਪਨਗਰ ਵਿਖੇ ਪ੍ਰਸ਼ਾਸਨਿਕ ਕੰਪਲੈਕਸ ਬਾਹਰ ਖ਼ਾਲਿਸਤਾਨ ਦੇ ਬੈਨਰ ਲਾਉਣ ਵਾਲੇ 2 ਨੌਜਵਾਨ ਨਾਮਜ਼ਦ
Friday, May 13, 2022 - 03:59 PM (IST)
ਰੋਪੜ (ਸੱਜਣ ਸੈਣੀ)- 13 ਅਪ੍ਰੈਲ ਨੂੰ ਰੂਪਨਗਰ ਐੱਸ. ਪੀ. ਅਤੇ ਡੀ. ਸੀ. ਦਫ਼ਤਰ ਕੰਪਲੈਕਸ ਦੇ ਬਾਹਰ ਖ਼ਾਲਿਸਤਾਨ ਦੇ ਪੋਸਟਰ ਲਾਉਣ ਦੇ ਮਾਮਲੇ ਵਿੱਚ ਰੂਪਨਗਰ ਪੁਲਸ ਨੇ ਜ਼ਿਲ੍ਹਾ ਰੂਪਨਗਰ ਦੇ ਹੀ ਦੋ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। ਇਹ ਉਹੀ ਦੋਵੇਂ ਨੌਜਵਾਨ ਹਨ, ਜਿਨ੍ਹਾਂ ਨੂੰ ਬੀਤੇ ਦਿਨੀਂ ਹਿਮਾਚਲ ਪੁਲਸ ਵੱਲੋਂ ਹਿਮਾਚਲ ਦੇ ਧਰਮਸ਼ਾਲਾ ਵਿਧਾਨ ਸਭਾ ਦੇ ਬਾਹਰ ਖ਼ਾਲਿਸਤਾਨ ਦੇ ਝੰਡੇ ਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਰੂਪਨਗਰ ਦੇ ਐੱਸ. ਐੱਸ. ਪੀ. ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਬੀਤੀ 13 ਅਪ੍ਰੈਲ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਖ਼ਾਲਿਸਤਾਨ ਦੇ ਬੈਨਰ ਲਗਾਉਣ ਦੇ ਦੋਸ਼ ਵਿੱਚ ਮੋਰਿੰਡਾ ਦੇ ਹਰਬੀਰ ਸਿੰਘ ਉਰਫ਼ ਰਾਜੂ ਅਤੇ ਪਰਮਜੀਤ ਸਿੰਘ ਪੰਮਾ ਨੂੰ ਨਾਮਜ਼ਦ ਕੀਤਾ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਹਰਬੀਰ ਸਿੰਘ ਉਰਫ਼ ਰਾਜੂ ਨੂੰ ਬੀਤੇ ਦਿਨੀਂ ਹਿਮਾਚਲ ਪੁਲਸ ਧਰਮਸ਼ਾਲਾ ਵਿਧਾਨ ਸਭਾ ਦੇ ਬਾਹਰ ਖ਼ਾਲਿਸਤਾਨ ਦੇ ਝੰਡੇ ਲਾਉਣ ਦੇ ਦੋਸ਼ ਵਿਚ ਰੂਪਨਗਰ ਪੁਲਸ ਦੀ ਮਦਦ ਨਾਲ ਗ੍ਰਿਫ਼ਤਾਰ ਕਰਕੇ ਲੈ ਗਈ ਹੈ ਜਦਕਿ ਰਾਜੂ ਦਾ ਦੋਸਤ ਪਰਮਜੀਤ ਸਿੰਘ ਪੰਮਾ ਹਾਲੇ ਫ਼ਰਾਰ ਹੈ ਅਤੇ ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੂਪਨਗਰ ਪੁਲਸ ਹੁਣ ਹਰਵਰ ਸਿੰਘ ਉਰਫ਼ ਰਾਜੂ ਨੂੰ ਹਿਮਾਚਲ ਤੋਂ ਟਰਾਂਜਿਸਟਰ ਰਿਮਾਂਡ 'ਤੇ ਲੈ ਕੇ ਆਵੇਗੀ ਅਤੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਨੌਜਵਾਨ ਪੈਸੇ ਦੇ ਲਾਲਚ ਵਿੱਚ ਪੈ ਕੇ ਕੇ ਇਹ ਗ਼ਲਤ ਕੰਮ ਕਰ ਗਏ।
ਇਹ ਵੀ ਪੜ੍ਹੋ: ਕਤਲ ਦੀ ਵਾਰਦਾਤ ਤੋਂ ਪਹਿਲਾਂ ਰੋਪੜ ਪੁਲਸ ਵੱਲੋਂ ਹਥਿਆਰਾਂ ਸਣੇ ਨੌਜਵਾਨ ਗ੍ਰਿਫ਼ਤਾਰ, ਗੈਂਗਸਟਰਾਂ ਨਾਲ ਜੁੜ ਰਹੇ ਤਾਰ
ਜ਼ਿਕਰਯੋਗ ਹੈ ਕਿ ਪੁਲਸ ਹਰਵੀਰ ਸਿੰਘ ਉਰਫ਼ ਰਾਜੂ ਅਤੇ ਪਰਮਜੀਤ ਸਿੰਘ ਪੰਮਾ ਨੂੰ ਹਿਰਾਸਤ ਵਿੱਚ ਲੈ ਕੇ ਇਹ ਜਾਂਚ ਕਰੇਗੀ ਕਿ ਪੰਜਾਬ ਦੇ ਵਿੱਚ ਖ਼ਾਲਿਸਤਾਨ ਦੇ ਬੈਨਰ ਅਤੇ ਪੋਸਟਰ ਲਗਾ ਕੇ ਮਾਹੌਲ ਖ਼ਰਾਬ ਕਰਨ ਲਈ ਆਖ਼ਿਰ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਉਕਸਾ ਰਿਹਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਲਾਸਪੁਰ 'ਚ ਕਬਜ਼ਾ ਛੁਡਾਉਣ ਗਈ ਪੁਲਸ 'ਤੇ ਹੋਈ ਥੱਪੜਾਂ ਦੀ ਬਰਸਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ