ਮਾਈਨਿੰਗ ਮਾਫ਼ੀਆ ਦੇ ਟਿੱਪਰ ਗੜ੍ਹਸ਼ੰਕਰ ਲਈ ਖ਼ੂਨੀ ਮਾਫ਼ੀਆ ਬਣ ਚੁੱਕੇ ਹਨ: ਨਿਮਿਸ਼ਾ ਮਹਿਤਾ
Thursday, Jun 13, 2024 - 04:24 PM (IST)
ਗੜ੍ਹਸ਼ੰਕਰ- ਗੜ੍ਹਸ਼ੰਕਰ ਸ਼ਹਿਰ ਦੇ ਅਨੰਦਪੁਰ ਸਾਹਿਬ ਰੋਡ 'ਤੇ ਸਵੇਰੇ 16 ਸਾਲਾ ਮੁੰਡੇ ਦੇ ਟਿੱਪਰ ਹੇਠਾਂ ਆਉਣ ਨਾਲ ਹੋਈ ਮੌਤ ਦੇ ਦਰਦਨਾਕ ਹਾਦਸੇ ਦੀ ਨਿੰਦਾ ਕਰਦਿਆਂ ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਜਿਸ ਦਿਨ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਸ ਦਿਨ ਤੋਂ ਗੜ੍ਹਸ਼ੰਕਰ ਹਲਕੇ ਵਿਚ ਮਾਈਨਿੰਗ ਮਾਫ਼ੀਆ ਦੇ ਟਿੱਪਰਾਂ ਅਤੇ ਟਰਾਲੀਆਂ ਨਾਲ ਕਈ ਦਰਦਨਾਕ ਹਾਦਸੇ ਵਾਪਰ ਚੁੱਕੇ ਹਨ ਅਤੇ 10 ਦੇ ਕਰੀਬ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫ਼ੀਆ ਦੇ ਓਵਰਲੋਡ ਟਿੱਪਰ ਗੜ੍ਹਸ਼ੰਕਰ ਵਾਸੀਆਂ ਲਈ ਖ਼ੂਨੀ ਟਿੱਪਰ ਬਣ ਚੁੱਕੇ ਹਨ। ਉਨ੍ਹਾਂ ਮ੍ਰਿਤਕ ਦੇ ਪਰਿਵਾਰ ਨਾਲ ਘਰ ਜਾ ਕੇ ਮੁਲਾਕਾਤ ਕੀਤੀ ਅਤੇ ਪਰਿਵਾਰ ਨੂੰ ਹੌਂਸਲਾ ਦਿੱਤਾ।
ਇਹ ਵੀ ਪੜ੍ਹੋ- ਸਾਵਧਾਨ! ਫਰਜ਼ੀ ਸਿੱਖਿਆ ਅਧਿਕਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ, ਜਾਲ 'ਚ ਫਸਾ ਇੰਝ ਕੀਤੀ ਕਰੋੜਾਂ ਦੀ ਠੱਗੀ
ਇਸ ਸਾਰੀ ਘਟਨਾ ਬਾਰੇ ਮੀਡੀਆ ਨਾਲ ਗੱਲਬਾਤ ਕਰਦੇ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਮਾਂ ਦੇ ਪੁੱਤਰ ਦੀ ਦਰਦਨਾਕ ਤਰੀਕੇ ਨਾਲ ਮੌਤ ਹੋਈ ਪਰ ਸੱਤਾਧਾਰੀ ਧਿਰ ਦੇ ਮੋਹਤਵਰਾਂ ਦਾ ਜ਼ੋਰ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਰਾਜੀਨਾਮਾ ਕਰਵਾਉਣ 'ਤੇ ਹੀ ਲੱਗਾ ਰਿਹਾ ਅਤੇ ਜਦੋਂ ਪਰਿਵਾਰ ਪਰਚੇ ਲਈ ਬੇਜ਼ਿੱਦ ਹੋਇਆ ਤਾਂ ਪਹਿਲਾਂ ਅਣਪਛਾਤੇ ਵਿਅਕਤੀ 'ਤੇ ਪਰਚਾ ਦੇਣ ਦੀ ਗੱਲ ਕੀਤੀ ਗਈ ਫਿਰ ਜਨਤਾ ਦੀ ਜੱਦੋ-ਜ਼ਹਿਦ ਤੋਂ ਬਾਅਦ ਸਿਰਫ਼ ਡਰਾਈਵਰ 'ਤੇ ਅਤੇ ਬਾਹਰ ਵਾਰ ਪ੍ਰਸ਼ਾਸਨ ਟਿੱਪਰ ਮਾਲਕ ਅਤੇ ਕੰਪਨੀ ਦੇ ਬਚਾਅ ਵਿਚ ਹੀ ਖੜ੍ਹਾ ਨਜ਼ਰ ਆਇਆ। ਪ੍ਰਸ਼ਾਸਨ ਦਾ ਟਿੱਪਰ ਡਰਾਈਵਰ ਅਤੇ ਟਿੱਪਰ ਕੰਪਨੀ ਦੇ ਮਾਲਕ 'ਤੇ ਪਰਚਾ ਨਾ ਦੇਣ ਦੀ ਕੋਸ਼ਿਸ਼ ਬੇਸ਼ੱਕ ਜਨਤਾ ਦੇ ਜ਼ੋਰ ਮੂਹਰੇ ਅਸਫ਼ਲ ਰਹੀ ਪਰ ਇਸ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਮਾਈਨਿੰਗ ਮਾਫ਼ੀਆ ਮੌਜੂਦਾ ਸਰਕਾਰ ਦੇ ਹਾਕਮਾਂ ਦੀ ਹੀ ਮਿਲੀਭੁਗਤ ਨਾਲ ਚੱਲ ਰਿਹਾ ਹੈ।
ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਦਰਦਨਾਕ ਸੜਕ ਹਾਦਸਾ ਡਿਪਟੀ ਸਪੀਕਰ ਦੇ ਘਰ ਨੇੜੇ ਹੀ ਵਾਪਰਿਆ ਅਤੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਨੇ ਮੌਕੇ ਉਤੇ ਪਹੁੰਚਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਦਕਿ ਇਹੀ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਜਦੋਂ ਸੱਤਾ ਤੋਂ ਬਾਹਰ ਸੀ ਤਾਂ ਮਾਈਨਿੰਗ ਵਾਲੇ ਟਿੱਪਰਾਂ ਨੂੰ ਘੇਰ-ਘੇਰ ਕੇ ਮਾਈਨਿੰਗ ਮਾਫ਼ੀਆ ਦੀ ਨਿੰਦਿਆਂ ਕਰਦੇ ਸਨ ਪਰ ਸੱਤਾ ਵਿਚ ਆਉਂਦੇ ਹੀ ਮਾਈਨਿੰਗ ਮਾਫ਼ੀਆ ਦੀ ਕਿਸੇ ਵੀ ਗਲਤੀ 'ਤੇ ਉਨ੍ਹਾਂ ਘੇਰ ਕੇ ਕਾਰਵਾਈ ਕਰਵਾਉਣ ਦੀ ਬਜਾਏ ਅੱਜ ਉਨ੍ਹਾਂ ਨੂੰ ਸੱਪ ਸੁੰਘ ਗਿਆ ਹੈ। ਗੜ੍ਹਸ਼ੰਕਰ ਵਾਸੀਆਂ ਨੂੰ ਉਨ੍ਹਾਂ ਤੋਂ ਉਮੀਦ ਸੀ ਕਿ ਮਾਈਨਿੰਗ ਮਾਫ਼ੀਆ ਖਿ਼ਲਾਫ਼ ਜੰਗ ਵਿਚ ਸਾਥ ਦੇਣਗੇ ਪਰ ਉਹ ਇਸ ਮਸਲੇ 'ਤੇ ਚੁੱਪ ਹੀ ਵਟ ਗਏ ਹਨ, ਜਿਸ ਦਾ ਮਤਲਬ ਚੰਗੀ ਤਰ੍ਹਾਂ ਗੜ੍ਹਸ਼ੰਕਰ ਦੀ ਜਨਤਾ ਸਮਝ ਸਕਦੀ ਹੈ ਕਿ ਮਾਈਨਿੰਗ ਮਾਫ਼ੀਆ ਕਿਸ ਦੀ ਛੱਤਰ ਛਾਇਆ ਹੇਠ ਵੱਧ ਰਿਹਾ ਹੈ।
ਇਹ ਵੀ ਪੜ੍ਹੋ- ਫਗਵਾੜਾ ਨੇੜੇ ਵੱਡੀ ਘਟਨਾ, 'ਵੰਦੇ ਭਾਰਤ ਐਕਸਪ੍ਰੈੱਸ ਟਰੇਨ' 'ਤੇ ਹੋਇਆ ਪਥਰਾਅ, ਦਹਿਸ਼ਤ 'ਚ ਯਾਤਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।