ਭਾਰਤ ਬੰਦ ਦੇ ਸੱਦੇ ’ਤੇ ਨਵਾਂਸ਼ਹਿਰ ਰਿਹਾ ਮੁਕੰਮਲ ਬੰਦ, ਚਾਹ ਦੀਆਂ ਦੁਕਾਨਾਂ ਵੀ ਰਹੀਆਂ ਬੰਦ
Friday, Feb 16, 2024 - 07:12 PM (IST)
ਨਵਾਂਸ਼ਹਿਰ (ਤ੍ਰਿਪਾਠੀ)- ਸਾਂਝਾ ਕਿਸਾਨ ਮੋਰਚਾ ਦੀਆਂ ਸਮੂਹ ਪਾਰਟੀਆਂ ਅਤੇ ਟਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਅੱਜ ਨਵਾਂਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਨੂੰ ਭਾਰਤ ਬੰਦ ਵਿਚ ਸਹਿਯੋਗ ਦੇਣ ਅਤੇ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਬਾਜ਼ਾਰ ਵਿਚ ਖੁੱਲ੍ਹੀਆਂ ਦੁਕਾਨਾਂ ਨੂੰ ਬੰਦ ਕਰਵਾਇਆ।
ਜ਼ਿਕਰਯੋਗ ਹੈ ਕਿ ਵਪਾਰ ਮੰਡਲ ਨੇ ਵੀਰਵਾਰ ਨੂੰ ਮੀਟਿੰਗ ਕਰਕੇ ਕਿਸਾਨਾਂ ਦੇ ਭਾਰਤ ਬੰਦ ਦੇ ਸਮੱਰਥਨ ਲਈ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਸ਼ਾਮ 4 ਵਜੇ ਤੱਕ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ। ਮੀਟਿੰਗ ਵਿਚ ਮਠਿਆਈਆਂ ਦੀਆਂ ਦੁਕਾਨਾਂ ਦੁਪਹਿਰ 2 ਵਜੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ। ਉਕਤ ਫ਼ੈਸਲੇ ਤਹਿਤ ਅੱਜ ਨਵਾਂਸ਼ਹਿਰ ਵਿਚ ਕੈਮਿਸਟ ਦੀਆਂ ਦੁਕਾਨਾਂ ਨੂੰ ਛੱਡ ਕੇ ਬਾਜ਼ਾਰ ਲਗਭਗ ਮੁਕੰਮਲ ਬੰਦ ਰਹੇ। ਇਸ ਦੌਰਾਨ ਸਾਂਝੇ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ਮੈਂਬਰਾਂ ਨੇ ਬੱਸ ਸਟੈਂਡ, ਬੰਗਾ ਰੋਡ, ਚੰਡੀਗਡ਼੍ਹ ਰੋਡ, ਕੋਠੀ ਰੋਡ, ਜਲੇਬੀ ਚੌਕ, ਗੀਤਾ ਭਵਨ ਰੋਡ, ਰੇਲਵੇ ਰੋਡ ਅਤੇ ਰਾਹੋਂ ਰੋਡ ’ਤੇ ਰੋਸ ਮਾਰਚ ਕੀਤਾ ਅਤੇ ਦੁਕਾਨਾਂ ਬੰਦ ਕਰਵਾਈਆਂ। ਸ਼ਹਿਰ ਵਿਚ ਮੁਕੰਮਲ ਬੰਦ ਰਿਹਾ, ਇੱਥੋਂ ਤਕ ਕਿ ਚਾਹ ਦੀਆਂ ਦੁਕਾਨਾਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ।
ਇਹ ਵੀ ਪੜ੍ਹੋ: CBI ਦਾ ਵੱਡਾ ਐਕਸ਼ਨ, ਜਲੰਧਰ 'ਚ ਪਾਸਪੋਰਟ ਦਫ਼ਤਰ ਦੇ 3 ਅਧਿਕਾਰੀ ਗ੍ਰਿਫ਼ਤਾਰ, 25 ਲੱਖ ਰੁਪਏ ਬਰਾਮਦ
ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦਾ ਰਿਹਾ ਚੱਕਾ ਜਾਮ
ਅੱਜ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨ ਵੱਲੋਂ ਭਾਰਤ ਬੰਦ ਦੇ ਸੱਦੇ ਕਾਰਨ ਨਿੱਜੀ ਅਤੇ ਸਰਕਾਰੀ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੀ। ਇਸ ਦੌਰਾਨ ਬੱਸ ਅੱਡੇ ’ਤੇ ਇਕ ਵੀ ਬੱਸ ਨਜ਼ਰ ਨਹੀਂ ਆਈ। ਇਸੇ ਤਰ੍ਹਾਂ ਟੈਂਪੂ ਅਤੇ ਆਟੋ ਰਿਕਸ਼ਾ ਯੂਨੀਅਨ ਵੱਲੋਂ ਵੀ ਮੁਕੰਮਲ ਹਡ਼ਤਾਲ ਕੀਤੀ ਗਈ। ਇਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ ਵਿਚ ਮੁਕੰਮਲ ਹਡ਼ਤਾਲ ਕਾਰਨ ਜਿੱਥੇ ਦੁਕਾਨਾਂ ਪੂਰੀ ਤਰ੍ਹਾਂ ਬੰਦ ਰਹੀਆਂ, ਉੱਥੇ ਲੋਕਾਂ ਦੀ ਆਵਾਜਾਈ ਬਹੁਤ ਘੱਟ ਰਹੀ। ਇਸ ਮੌਕੇ ਕੁਲਵਿੰਦਰ ਸਿੰਘ ਵਡ਼ੈ੍ਹਚ, ਜਸਵੀਰ ਦੀਪ, ਸਤਨਾਮ ਸਿੰਘ ਗੁਲਾਟੀ, ਕੁਲਦੀਪ ਦੌਡ਼ਕਾ, ਮੁਕੰਦਲਾਲ ਆਦਿ ਨੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ BKU ਏਕਤਾ ਉਗਰਾਹਾਂ ਵੱਲੋਂ 2 ਦਿਨ ਪੰਜਾਬ 'ਚ ਟੋਲ ਫਰੀ ਕਰਨ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।