ਨਵਾਂਸ਼ਹਿਰ ਜ਼ਿਲ੍ਹਾ ਪੁਲਸ ਨੇ ਸਾਲ 2024 ''ਚ 639 ਸਮੱਗਲਰਾਂ ਨੂੰ ਭੇਜਿਆ ਜੇਲ੍ਹ

Wednesday, Jan 01, 2025 - 02:06 PM (IST)

ਨਵਾਂਸ਼ਹਿਰ ਜ਼ਿਲ੍ਹਾ ਪੁਲਸ ਨੇ ਸਾਲ 2024 ''ਚ 639 ਸਮੱਗਲਰਾਂ ਨੂੰ ਭੇਜਿਆ ਜੇਲ੍ਹ

ਨਵਾਂਸ਼ਹਿਰ (ਤ੍ਰਿਪਾਠੀ)- ਨਵਾਂਸ਼ਹਿਰ ਜ਼ਿਲ੍ਹਾ ਦੀ ਪੁਲਸ ਵੱਲੋਂ ਸਾਲ 2024 ਵਿਚ ਸਮੱਗਲਰਾਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ। ਐੱਸ. ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਪ੍ਰੈੱਸ ਬਿਆਨ ਰਾਹੀਂ ਜ਼ਿਲ੍ਹਾ ਪੁਲਸ ਦੀਆਂ ਸਾਲ 2024 ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਦੌਰਾਨ ਪੁਲਸ ਨੇ ਨਸ਼ਾ ਸਮੱਗਲਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ 572 ਵਿਅਕਤੀਆਂ ’ਤੇ ਕੇਸ ਦਰਜ ਕਰਕੇ 639 ਨਸ਼ਾ ਸਮੱਗਲਰਾਂ ਅਤੇ ਹੈਂਡਲਰਾਂ ਨੂੰ ਗ੍ਰਿਫ਼ਤਾਰ ਕਰਕੇ 11 ਕੁਇੰਟਲ 50 ਕਿਲੋ ਚੂਰਾ ਪੋਸਤ ਅਤੇ 18 ਕਿਲੋ 830 ਗ੍ਰਾਮ ਅਫ਼ੀਮ, 3 ਕਿਲੋ 989 ਗ੍ਰਾਮ ਹੈਰੋਇਨ, 30,830 ਨਸ਼ੀਲੀਆਂ ਗੋਲ਼ੀਆਂ-ਕੈਪਸੂਲ ਅਤੇ 31.49 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਭਲਕੇ ਅੱਧੇ ਦਿਨ ਦੀ ਛੁੱਟੀ ਦਾ ਐਲਾਨ

ਇਸੇ ਤਰ੍ਹਾਂ ਨਸ਼ਾ ਸਮੱਗਲਰਾਂ ਦੀ 2.31 ਕਰੋੜ ਰੁਪਏ ਦੀ ਕਮਾਈ ਫਰੀਜ਼ ਕਰ ਦਿੱਤੀ ਗਈ ਹੈ। ਡਾ. ਮਹਿਤਾਬ ਨੇ ਦੱਸਿਆ ਕਿ 103 ਨਸ਼ਾ ਪੀੜਤਾਂ ਨੂੰ ਇਲਾਜ ਅਤੇ ਮੁੜ ਵਸੇਬੇ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਲ੍ਹਾ ਪੁਲਸ ਦੀ ਤਰਫੋਂ ਵਿੱਦਿਅਕ ਅਦਾਰਾ ਅਤੇ ਪਿੰਡਾਂ ਵਿਚ 1403 ਨਸ਼ਾ ਜਾਗਰੂਕਤਾ ਸੈਮੀਨਾਰ ਲਗਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਇਸੇ ਸਾਲ ਦੌਰਾਨ ਜ਼ਿਲਾ ਪੁਲਸ ਨੇ ਗੈਂਗਸਟਰ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ 29 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 30 ਨਾਜਾਇਜ਼ ਹਥਿਆਰ, 13 ਮੈਗਜ਼ੀਨ ਅਤੇ 65 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਨੇ ਲੁੱਟਖੋਹ, ਲੁੱਟਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 24 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 54 ਲੱਖ ਰੁਪਏ ਬਰਾਮਦ ਕੀਤੇ ਹਨ। ਇਸ ਦੌਰਾਨ ਚਾਰ ਅੰਨ੍ਹੇ ਕਤਲ ਕੇਸਾਂ ਨੂੰ ਹੱਲ ਕਰਕੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਜ਼ਿਲਾ ਪੁਲਸ ਨੇ ਕੁੱਲ੍ਹ 19,371 ਚਲਾਨ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਤੋਂ 24.88 ਲੱਖ ਰੁਪਏ ਜੁਰਮਾਨਾ ਵਸੂਲਿਆ ਹੈ। ਡਾ. ਮਹਿਤਾਬ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਕੁੱਲ 1526 ਕੇਸ ਦਰਜ ਕੀਤੇ ਗਏ ਹਨ ਅਤੇ 1138 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਜਲੰਧਰ ਪਹੁੰਚੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ

ਇਸੇ ਤਰ੍ਹਾਂ ਲੋਕਾਂ ਵੱਲੋਂ ਪ੍ਰਾਪਤ ਹੋਈਆਂ 7445 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੁਹਿੰਮ ਤਹਿਤ ਪੁਲਸ ਨੇ 164 ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲਾ ਪੁਲਸ ਨੇ ਅਪਰਾਧਿਕ ਘਟਨਾਵਾਂ ਨੂੰ ਰੋਕਣ ਲਈ 1228 ਵਿਅਕਤੀਆਂ ਵਿਰੁੱਧ ਰੋਕਥਾਮੀ ਕਾਰਵਾਈ ਕੀਤੀ ਹੈ।
ਜ਼ਿਲ੍ਹਾ ਪੁਲਸ ਨੇ ਵੱਖ-ਵੱਖ ਥਾਣਿਆਂ ਵਿਚ ਖੜ੍ਹੇ 417 ਵਾਹਨਾਂ ਦਾ ਨਿਪਟਾਰਾ ਕਰਕੇ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜ਼ਿਲਾ ਪੱਧਰ ’ਤੇ ਕ੍ਰਿਕਟ ਲੀਗ ਕਰਵਾਈ ਜਾਂਦੀ ਹੈ। ਇਸੇ ਤਰ੍ਹਾਂ ਮੈਰਾਥਨ ਅਤੇ ਸਾਈਕਲ ਰੈਲੀ ਕੱਢੀ ਗਈ।
 

ਇਹ ਵੀ ਪੜ੍ਹੋ- ਜਲੰਧਰ ਪਹੁੰਚੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ


ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 


author

shivani attri

Content Editor

Related News