ਨਵਾਂਸ਼ਹਿਰ ''ਚ ਸ਼ਰਧਾਲੂਆਂ ਸਣੇ ਕੁੱਲ 59 ਮਰੀਜ਼ ਸਿਹਤਯਾਬ ਹੋਣ ਉਪਰੰਤ ਭੇਜੇ ਗਏ ਘਰ

05/16/2020 7:52:00 PM

ਨਵਾਂਸ਼ਹਿਰ,(ਤ੍ਰਿਪਾਠੀ)- ਜ਼ਿਲ੍ਹੇ ਦੇ ਪਿੰਡ ਰੈਲ ਮਾਜਰਾ ਦਾ ਤਿੰਨ ਸਾਲ ਦਾ ਨਿੱਕਾ ਜੰਗਜੂ ਅੱਜ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਤੋਂ ਕੋਰੋਨਾ ਦੀ ਜੰਗ ਜਿੱਤਣ ਵਾਲਿਆਂ ਦੇ ਜਰਨੈਲ ਵੱਜੋਂ ਉਭਰਿਆ। ਇਹ ਨਿੱਕਾ ਜੰਗਜੂ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚੋਂ ਬਾਹਰ ਆਉਣ ਬਾਅਦ ਜਿੱਥੇ ਬਾਹਰ ਸਵਾਗਤ ਲਈ ਮੌਜੂਦ ਐਮ. ਐਲ. ਏ. ਅੰਗਦ ਸਿੰਘ, ਸਹਾਇਕ ਕਮਿਸ਼ਨਰ ਦੀਪ ਜੋਤ ਕੌਰ, ਐਸ. ਐਮ. ਓ. ਡਾ. ਹਰਵਿੰਦਰ ਸਿੰਘ ਅਤੇ ਹਸਪਤਾਲ ਦੇ ਸਟਾਫ਼ ਦੀ ਖਿੱਚ ਦਾ ਕੇਂਦਰ ਸੀ, ਉਥੇ ਐਂਬੂਲੈਂਸ 'ਚ ਬੈਠਾ ਵੀ ਘਰ ਜਾਣ ਦੀ ਖੁਸ਼ੀ 'ਚ ਭੰਗੜੇ ਪਾ ਰਿਹਾ ਸੀ। ਉਸ ਨਾਲ ਮੌਜੂਦ ਉਸ ਦੀ ਮਾਤਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਅਨੁਸਾਰ ਆਈਸੋਲੇਸ਼ਨ ਵਾਰਡ 'ਚ ਕਮਲਜੀਤ ਨੇ ਸਾਰਿਆਂ ਦਾ ਆਪਣੀਆਂ ਨਿੱਕੀਆਂ-ਨਿੱਕੀਆਂ ਸ਼ਰਾਰਤਾਂ ਨਾਲ ਮਨ ਮੋਹੀ ਰੱਖਿਆ। ਹੋਰ ਤਾਂ ਹੋਰ, ਬਜ਼ੁਰਗ ਔਰਤਾਂ ਵੀ ਉਸ ਦੀ ਖੁਸ਼ੀ 'ਚ ਸ਼ਰੀਕ ਹੋ, ਤਾੜੀਆਂ ਤੇ ਬੋਲੀਆਂ ਪਾ ਕੇ ਉਸ ਦੀ ਖੁਸ਼ੀਆਂ 'ਚ ਵਾਧਾ ਕਰੀ ਰੱਖਦੀਆਂ ਸਨ।

ਅੱਜ ਜ਼ਿਲ੍ਹਾ ਹਸਪਤਾਲ ਤੋਂ ਘਰ ਜਾਣ ਵਾਲੇ ਇਨ੍ਹਾਂ ਮਰੀਜ਼ਾਂ 'ਚ ਸਭ ਤੋਂ ਛੋਟਾ ਬੱਚਾ ਕਮਲਜੀਤ ਹੀ ਸੀ ਅਤੇ ਰੈਲ ਮਾਜਰਾ ਦੇ ਹਰਵਿੰਦਰ ਸਿੰਘ ਦਾ ਇਹ ਬੇਟਾ ਨੰਦੇੜ ਤੋਂ ਆਏ ਸ਼ਰਧਾਲੂਆਂ 'ਚ ਸ਼ਾਮਿਲ ਸੀ ਅਤੇ ਟੈਸਟ ਦੌਰਾਨ ਆਪਣੀ ਮਾਂ ਸਮੇਤ ਪਾਜ਼ਿਟਿਵ ਪਾਇਆ ਗਿਆ ਸੀ। ਅੱਜ ਉਸ ਦਾ ਟੈਸਟ ਨੈਗਿਟਿਵ ਆਉਣ 'ਤੇ ਉਸ ਨੂੰ ਘਰ ਭੇਜਿਆ ਗਿਆ । ਅੱਜ ਘਰ ਭੇਜੇ ਗਏ ਮਰੀਜ਼ਾਂ ਨੂੰ ਉਨ੍ਹਾਂ ਦੀ ਸਿਹਤਯਾਬੀ 'ਤੇ ਸਹਾਇਕ ਕਮਿਸ਼ਨਰ (ਜ) ਦੀਪਜੋਤ ਕੌਰ ਨਾਲ ਸ਼ੁਭ ਕਾਮਨਾਵਾਂ ਦੇਣ ਆਏ ਐਮ ਐਲ ਏ ਅੰਗਦ ਸਿੰਘ ਨੇ ਕਿਹਾ ਕਿ ਇਸ ਗਲ ਦੀ ਖੁਸ਼ੀ ਹੈ ਕਿ ਇਹ ਸਾਰੇ ਮਰੀਜ਼ ਕੋਰੋਨਾ ਨੂੰ ਹਰਾ ਕੇ ਇੱਥੋਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਨੇ ਪਹਿਲਾਂ ਵੀ ਸਮੁੱਚੇ ਦੇਸ਼ 'ਚ ਕੋਰੋਨਾ ਤੋਂ ਛੁਟਕਾਰਾ ਪਾਉਣ 'ਚ ਪ੍ਰਸਿੱਧੀ ਖੱਟੀ ਸੀ ਅਤੇ ਹੁਣ ਫ਼ਿਰ ਜ਼ਿਲ੍ਹਾ ਆਪਣੇ ਪਹਿਲਾਂ ਵਾਲੇ ਮੁਕਾਮ 'ਤੇ ਆ ਰਿਹਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ, ਸਿਹਤ ਪ੍ਰਸ਼ਾਸਨ, ਸਫ਼ਾਈ ਸੇਵਕਾਂ, ਮਰੀਜ਼ਾਂ ਦੀ ਸੇਵਾ ਕਰਨ ਵਾਲੀਆਂ ਸਮਾਜ ਸੇਵੀ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਜ਼ਿਲ੍ਹੇ ਨੂੰ ਕੋਰੋਨਾ ਤੋਂ ਮੁਕਤ ਕਰਨ 'ਚ ਨਿਭਾਈ ਜਾ ਰਹੀ ਜ਼ਿੰਮੇਂਵਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੇ 'ਟੀਮ ਵਰਕ' 'ਚ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।

ਉਨ੍ਹਾਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ, ਐਸ ਐਸ ਪੀ ਅਲਕਾ ਮੀਨਾ ਅਤੇ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਵੱਲੋਂ ਇਸ ਮੁਸ਼ਕਿਲ ਘੜੀ 'ਚ ਜ਼ਿਲ੍ਹੇ ਨੂੰ ਦਿੱਤੀ ਜਾ ਰਹੀ ਅਗਵਾਈ ਲਈ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਮੌਜੂਦ ਐਸ ਐਮ ਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਵਿਡ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡਾਂ ਤੋਂ ਘਰ ਭੇਜਣ ਸਬੰਧੀਨ ਜਾਰੀ ਸੋਧੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅੱਜ ਦੁਪਹਿਰ ਤੱਕ ਸ਼ਰਧਾਲੂਆਂ ਸਮੇਤ 59 ਮਰੀਜ਼ਾਂ ਨੂੰ ਘਰ ਭੇਜਿਆ ਗਿਆ ਹੈ ਅਤੇ ਨਾਲ ਹੀ ਘਰ ਜਾ ਕੇ ਕੋਵਿਡ ਨਾਲ ਸਬੰਧਤ ਸਾਵਧਾਨੀਆਂ ਜਿਵੇਂ ਕਿ ਘਰ ਜਾ ਕੇ ਇੱਕ ਹਫ਼ਤੇ ਲਈ 'ਇਕਾਂਤਵਾਸ' ਜਿਹੀ ਸਾਵਧਾਨੀ ਰੱਖਣਾ, ਦੂਸਰੇ ਵਿਅਕਤੀ ਤੋਂ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖਣਾ, ਮੂੰਹ 'ਤੇ ਮਾਸਕ ਪਾ ਕੇ ਰੱਖਣਾ, ਆਪਣੇ ਹੱਥ ਵਾਰ ਵਾਰ ਸਾਬਣ ਨਾਲ ਧੋਣਾ ਅਤੇ ਘਰਾਂ ਤੋਂ ਬਾਹਰ ਨਾ ਨਿਕਲਣਾ ਆਦਿ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਡਾ. ਸਤਿੰਦਰਪਾਲ ਸਿੰਘ ਵੀ ਮੌਜੂਦ ਸਨ।


Deepak Kumar

Content Editor

Related News