ਰੇਹੜੀਆਂ ਬਣੀਆਂ ਮੁਸੀਬਤ, ਲੱਗ ਰਿਹੈ ਜਾਮ, ਲੋਕ ਪ੍ਰੇਸ਼ਾਨ

03/16/2020 1:35:59 PM

ਨਵਾਂਸ਼ਹਿਰ (ਤ੍ਰਿਪਾਠੀ)— ਨੈਸ਼ਨਲ ਹਾਈਵੇਅ ਵਾਲੇ ਮਾਰਗ ਬੰਗਾ ਰੋਡ, ਪੁਰਾਣੀ ਕਚਹਿਰੀ ਰੋਡ, ਮੁੱਖ ਮਾਰਗਾਂ ਅਤੇ ਬਾਜ਼ਾਰਾਂ 'ਚ ਨਾਜਾਇਜ਼ ਵਾਹਨ ਪਾਰਕਿੰਗ ਜਿੱਥੇ ਟ੍ਰੈਫਿਕ ਸਮੱਸਿਆ ਦਾ ਕਾਰਨ ਬਣ ਰਹੀ ਹੈ ਤਾਂ ਉੱਥੇ ਹੀ ਬਾਜ਼ਾਰਾਂ ਅਤੇ ਸੜਕਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਗੰਭੀਰ ਬਣ ਰਹੀ ਉਪਰੋਕਤ ਸਮੱਸਿਆ ਸਬੰਧੀ ਕੌਂਸਲ ਅਤੇ ਜ਼ਿਲਾ ਪ੍ਰਸ਼ਾਸਨ ਸਣੇ ਟ੍ਰੈਫਿਕ ਵੱਲੋਂ ਸਮੱਸਿਆ ਨੂੰ ਲਗਾਤਾਰ ਨਜ਼ਰਅੰਦਾਜ਼ ਕੀਤਾ ਜਾਣਾ ਗੰਭੀਰ ਪ੍ਰਸ਼ਨ ਖੜ੍ਹੇ ਕਰ ਰਿਹਾ ਹੈ।

ਨਗਰ ਕੌਂਸਲ ਨਾਲ ਸਬੰਧਤ ਮੁਲਾਜ਼ਮ ਸਤਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵਾਂਸ਼ਹਿਰ ਵਿਖੇ ਲੱਗਣ ਵਾਲੀਆਂ ਕੁਲ ਰੇਹੜੀਆਂ 'ਚੋਂ ਕਰੀਬ 143 ਰੇਹੜੀਆਂ ਹੀ ਕੌਂਸਲ ਕੋਲ ਰਜਿਸਟਰਡ ਹਨ, ਜਦਕਿ ਸੜਕਾਂ ਦੇ ਹਾਲਾਤ ਦੇਖ ਕੇ ਸਪੱਸ਼ਟ ਤੌਰ 'ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸੜਕਾਂ 'ਤੇ ਲੱਗਣ ਵਾਲੀਆਂ ਰੇਹੜੀਆਂ ਦੀ ਗਿਣਤੀ ਦੁੱਗਣੇ ਤੋਂ ਵੀ ਵੱਧ ਹੋ ਸਕਦੀ ਹੈ। ਕੌਂਸਲ ਪ੍ਰਸ਼ਾਸਨ ਵੱਲੋਂ ਰੇਹੜੀਆਂ ਨੂੰ ਰਜਿਸਟਰਡ ਕਰਨ ਲਈ ਪ੍ਰਤੀ ਰੇਹੜੀ 150 ਰੁਪਏ ਫੀਸ ਤੈਅ ਕੀਤੀ ਗਈ ਹੈ, ਜਦੋਂਕਿ ਉਸ 'ਤੇ ਰੱਖੇ ਜਾਣ ਵਾਲੇ ਸਾਮਾਨ ਅਤੇ ਉਸ ਦੀ ਕੈਟੇਗਰੀ ਦੇ ਹਿਸਾਬ ਨਾਲ 150 ਤੋਂ 250 ਰੁਪਏ ਤਕ ਫੀਸ ਤੈਅ ਕੀਤੀ ਗਈ ਹੈ। ਨਿਯਮਾਂ ਤਹਿਤ ਰਜਿਸਟਰਡ ਹੋਣ ਵਾਲੀਆਂ ਰੇਹੜੀਆਂ ਇਕ ਥਾਂ 'ਤੇ ਖੜ੍ਹੀਆਂ ਨਹੀਂ ਰਹਿ ਸਕਦੀਆਂ ਪਰ ਨਿਯਮਾਂ ਨੂੰ ਤਾਕ 'ਚ ਰੱਖਦੇ ਹੋਏ ਰੇਹੜੀਆਂ ਸੜਕਾਂ 'ਤੇ ਪੱਕੇ ਤੌਰ 'ਤੇ ਖੜ੍ਹੀਆਂ ਰਹਿੰਦੀਆਂ ਹਨ। ਜਿਸ ਦੇ ਕਾਰਨ ਨਾ ਕੇਵਲ ਬਾਜ਼ਾਰਾਂ ਅਤੇ ਮੁੱਖ ਮਾਰਗ ਪ੍ਰਭਾਵਿਤ ਹੋ ਰਹੇ ਹਨ, ਸਗੋਂ ਲੋਕਾਂ ਲਈ ਵੀ ਸਮੱਸਿਆ ਦਾ ਕਾਰਣ ਬਣ ਰਹੀਆਂ ਹਨ।

ਕੌਂਸਲ ਦੀ ਕੰਧ ਨਾਲ ਖੜ੍ਹੀਆਂ ਰੇਹੜੀਆਂ 'ਤੇ ਵੀ ਨਹੀਂ ਹੋ ਰਹੀ ਕਾਰਵਾਈ
ਜਦੋਂ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਜਗਜੀਤ ਸਿੰਘ ਸੇਠ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕੌਂਸਲ ਕੋਲ ਮੁਲਾਜ਼ਮਾਂ ਦੀ ਘਾਟ ਹੈ, ਜਿਸ ਦੇ ਕਾਰਨ ਅਜਿਹੀਆਂ ਰੇਹੜੀਆਂ ਦੀ ਜਾਂਚ ਨਹੀਂ ਹੋ ਪਾ ਰਹੀ ਹੈ। ਕੌਂਸਲ ਕੀ ਕੰਧ ਨਾਲ ਖੜ੍ਹੀਆਂ ਰੇਹੜੀਆਂ ਸਬੰਧੀ ਉਨ੍ਹਾਂ ਕਿਹਾ ਕਿ ਇਸ 'ਤੇ ਬਣਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ। ਸਮਾਜ ਦੇ ਕੁਝ ਪਤਵੰਤੇ ਲੋਕਾਂ ਨੇ ਇਸ 'ਤੇ ਆਪਣੀ ਰਾਏ ਰੱਖਦੇ ਹੋਏ ਕਿਹਾ ਕਿ ਕੌਂਸਲ ਪ੍ਰਸ਼ਾਸਨ ਦੀ ਮਰਜ਼ੀ ਤੋਂ ਬਿਨਾਂ ਕੌਂਸਲ ਦਫਤਰ ਦੀ ਕੰਧ ਨਾਲ ਰੇਹੜੀਆਂ ਖੜ੍ਹੀਆਂ ਨਹੀਂ ਕੀਤੀਆਂ ਜਾ ਸਕਦੀਆਂ। ਉਨ੍ਹਾਂ ਕਿਹਾ ਕਿ ਅਜਿਹੇ 'ਚ ਸ਼ਹਿਰ ਦੇ ਹੋਰ ਬਾਜ਼ਾਰਾਂ ਅਤੇ ਮੁੱਖ ਮਾਰਗਾਂ 'ਤੇ ਕੌਂਸਲ ਕਿਸ ਤਰ੍ਹਾਂ ਕਾਰਵਾਈ ਨੂੰ ਅਮਲ 'ਚ ਲਿਆ ਸਕਦੀ ਹੈ, ਸਬੰਧੀ ਸਹਿਜ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ।

PunjabKesari

ਕੁਝ ਦੁਕਾਨਦਾਰ ਬਣ ਰਹੇ ਨਾਜਾਇਜ਼ ਫੜ੍ਹੀਆਂ ਲਾਉਣ ਦਾ ਕਾਰਨ
ਸ਼ਹਿਰ ਦੇ ਮੁੱਖ ਬਾਜ਼ਾਰਾਂ 'ਤੇ ਖੜ੍ਹੀਆਂ ਹੋਣ ਵਾਲੀਆਂ ਰੇਹੜੀਆਂ ਅਤੇ ਦੁਕਾਨਾਂ ਅੱਗੇ ਲੱਗਣ ਵਾਲੀਆਂ ਫੜ੍ਹੀਆਂ ਸਬੰਧੀ ਜਿੱਥੇ ਕੁਝ ਦੁਕਾਨਦਾਰਾਂ 'ਤੇ ਕਿਰਾਇਆ ਵਸੂਲਣ ਦੀ ਗੱਲ ਸਾਹਮਣੇ ਆ ਰਹੀ ਹੈ ਤਾਂ ਉੱਥੇ ਹੀ ਕੁਝ ਮੁਲਾਜ਼ਮਾਂ 'ਤੇ ਵੀ ਅਜਿਹੀਆਂ ਰੇਹੜੀਆਂ ਤੋਂ ਨਾਜਾਇਜ਼ ਉਗਰਾਹੀ ਕਰਨ ਦੇ ਦੋਸ਼ ਲੱਗ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਜ਼ਾਰ 'ਚ ਅਜਿਹੀਆਂ ਕਈ ਮਹਿੰਦੀ ਲਾਉਣ ਵਾਲੀਆਂ ਅਤੇ ਹੋਰ ਫੜ੍ਹੀਆਂ ਮਿਲ ਜਾਣਗੀਆਂ ਜੋ ਕੁੱਝ ਦੁਕਾਨਾਂ ਦੇ ਅੱਗੇ ਲੱਗੀਆਂ ਹੋਈਆਂ ਹਨ, ਜਦੋਂਕਿ ਆਮ ਤੌਰ 'ਤੇ ਦੁਕਾਨਦਾਰ ਕਿਸੇ ਰੇਹੜੀ ਅਤੇ ਅਜਿਹੀ ਫੜ੍ਹੀ ਨੂੰ ਆਪਣੇ ਅੱਗੇ ਲੱਗਣ ਨਹੀਂ ਦਿੰਦਾ ਹੈ, ਜਿਸ ਨਾਲ ਇਸ ਤਰ੍ਹਾਂ ਦੇ ਦੋਸ਼ਾਂ ਦੀ ਪੁਸ਼ਟੀ ਹੁੰਦੀ ਹੈ ਅਤੇ ਉੱਥੇ ਹੀ ਨਗਰ ਕੌਂਸਲ ਦਫਤਰ ਦੇ ਨੇੜੇ ਤੱਕ ਅਜਿਹੀਆਂ ਰੇਹੜੀਆਂ ਦਾ ਖੜ੍ਹੇ ਰਹਿਣਾ ਕਥਿਤ ਤੌਰ 'ਤੇ ਨਾਜਾਇਜ਼ ਉਗਰਾਹੀ ਵੱਲ ਇਸ਼ਾਰਾ ਕਰਦਾ ਹੈ।

ਜੁਰਮਾਨੇ ਕੀਤੇ ਜਾਣਗੇ ਵਸੂਲ : ਨਗਰ ਕੌਂਸਲ ਅਫਸਰ
ਜਦੋਂ ਇਸ ਸਬੰਧੀ ਨਗਰ ਕੌਂਸਲ ਅਫਸਰ ਜਗਜੀਤ ਸਿੰਘ ਸੇਠ ਨਾਲ ਗੱਲ ਕੀਤੀ ਜਾਂ ਉਨ੍ਹਾਂ ਕਿਹਾ ਕਿ ਇਕ ਹੀ ਥਾਂ 'ਤੇ ਖੜ੍ਹੀਆਂ ਰਹਿਣ ਵਾਲੀਆਂ ਰੇਹੜੀਆਂ ਅਤੇ ਬਿਨਾਂ ਰਜਿਸਟ੍ਰੇਸ਼ਨ ਚੱਲ ਰਹੀਆਂ ਰੇਹੜੀਆਂ ਦੇ ਚਲਾਨ ਕੱਟ ਕੇ ਨਿਯਮਾਂ ਤਹਿਤ ਜੁਰਮਾਨੇ ਵਸੂਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨਾਜਾਇਜ਼ ਉਗਰਾਹੀ ਦੀ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਜਾਂ ਕੋਈ ਮੁਲਾਜ਼ਮ ਅਜਿਹਾ ਕਰਦਾ ਹੈ ਤਾਂ ਉਸ ਦੇ ਖਿਲਾਫ ਵਿਭਾਗ ਦੇ ਨਿਯਮਾਂ ਤਹਿਤ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗਾ।

ਨਾਜਾਇਜ਼ ਤੌਰ 'ਤੇ ਚੱਲਣ ਵਾਲੀਆਂ ਰੇਹੜੀਆਂ ਦੇ ਕੱਟੇ ਜਾਣਗੇ ਚਲਾਨ : ਡੀ. ਸੀ.
ਡੀ. ਸੀ. ਵਿਨੈ ਬਬਲਾਨੀ ਨੇ ਕਿਹਾ ਕਿ ਉਪਰੋਕਤ ਸਮੱਸਿਆ ਉਨ੍ਹਾਂ ਦੇ ਧਿਆਨ 'ਚ ਆਈ ਹੈ, ਉਹ ਨਗਰ ਕੌਂਸਲ ਅਫਸਰ ਨੂੰ ਹੁਕਮ ਜਾਰੀ ਕਰਨਗੇ ਕਿ ਪੁਲਸ ਪ੍ਰਸ਼ਾਸਨ ਦੀ ਮਦਦ ਲੈ ਕੇ ਰੇਹੜੀਆਂ ਸਬੰਧੀ ਮਾਪਦੰਡ ਅਤੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਈ ਜਾਵੇ ਅਤੇ ਨਾਜਾਇਜ਼ ਤੌਰ 'ਤੇ ਚੱਲਣ ਵਾਲੀਆਂ ਰੇਹੜੀਆਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇਅ 'ਤੇ ਨਾਜਾਇਜ਼ ਤੌਰ 'ਤੇ ਪਾਰਕ ਹੋਣ ਵਾਲੇ ਵਾਹਨਾਂ ਖਿਲਾਫ ਵੀ ਪੁਲਸ ਨੂੰ ਕਾਰਵਾਈ ਅਮਲ 'ਚ ਲਿਆਉਣ ਦੇ ਹੁਕਮ ਜਾਰੀ ਕੀਤੇ ਜਾਣਗੇ।


shivani attri

Content Editor

Related News