ਪੀ. ਏ. ਪੀ. ਰੇਲਵੇ ਓਵਰਬ੍ਰਿਜ ਨੂੰ 8 ਲੇਨ ਬਣਾਉਣ ਨੂੰ ਲੈ ਕੇ ਦਿੱਤੇ ਜ਼ਰੂਰੀ ਨਿਰਦੇਸ਼

03/05/2020 6:50:41 PM

ਜਲੰਧਰ (ਚੋਪੜਾ)— ਨੈਸ਼ਨਲ ਹਾਈਵੇਅ ਅਥਾਰਿਟੀ ਦੇ ਅਧਿਕਾਰੀ ਪੀ. ਏ. ਪੀ. ਚੌਕ 'ਚ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਟੇਸ਼ਨ ਸਰਵੇ ਕਰਨ ਅਤੇ ਇਸ ਤੋਂ ਇਲਾਵਾ ਪੀ. ਏ. ਪੀ. ਰੇਲਵੇ ਓਵਰਬ੍ਰਿਜ ਨੂੰ 8 ਲੇਨ ਬਣਾਉਣ ਦੇ ਕੰਮ ਨੂੰ ਵੀ ਸ਼ੁਰੂ ਕਰਨ। ਉਕਤ ਨਿਰਦੇਸ਼ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਾਈਵੇ ਅਥਾਰਿਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੇ।
ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਅੱਜ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ ਕੀਤੀ ਲੰਮੀ ਗੱਲਬਾਤ ਦੌਰਾਨ ਕਿਹਾ ਕਿ ਹਾਈਵੇਅ ਅਥਾਰਿਟੀ ਦੇ ਅਧਿਕਾਰੀ ਪੀ. ਏ. ਪੀ. ਅਤੇ ਰਾਮਾਮੰਡੀ ਓਵਰਬ੍ਰਿਜ ਨੂੰ 8 ਲੇਨ ਕਰਨ ਲਈ ਜ਼ਰੂਰੀ ਕਦਮ ਤੁਰੰਤ ਚੁੱਕਣ ਅਤੇ ਇਸ ਪੁਲ ਨੂੰ ਜਲਦੀ ਤੋਂ ਜਲਦੀ ਕੰਪਲੀਟ ਕੀਤਾ ਜਾਵੇ।

ਉਨ੍ਹਾਂ ਨੇ ਕਿਹਾ ਕਿ ਪੀ. ਏ. ਪੀ. ਚੌਕ 'ਚ ਟ੍ਰੈਫਿਕ ਦੀਆਂ ਦਿੱਕਤਾਂ ਆਉਣ ਕਾਰਨ ਆਵਾਜਾਈ 'ਚ ਦਿੱਕਤਾਂ ਆ ਰਹੀਆਂ ਹਨ। ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਰੰਤ ਸਟੇਸ਼ਨ ਸਰਵੇ ਕਰ ਕੇ ਸੰਭਾਵਿਕ ਹੱਲ ਕੱਢ ਕੇ ਉਨ੍ਹਾਂ ਨੂੰ ਲਾਗੂ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਾਈਵੇ ਅਥਾਰਟੀ ਵੱਲੋਂ ਬੀ. ਐੱਸ. ਐੱਫ. ਚੌਕ ਤੋਂ ਪੀ. ਏ. ਪੀ. ਚੌਕ ਤੱਕ ਦੋ ਲੇਨ ਸੜਕ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। 

ਉਨ੍ਹਾਂ ਨੇ ਹਾਈਵੇਅ ਅਥਾਰਿਟੀ ਦੇ ਇਸ ਪ੍ਰਸਤਾਵ ਨਾਲ ਸਹਿਮਤੀ ਜਤਾਈ ਕਿ ਬੀ. ਐੱਸ. ਐੱਫ ਚੌਕ ਤੋਂ ਪੀ. ਏ. ਪੀ. ਚੌਕ ਤੱਕ ਸੜਕ ਨੂੰ 7 ਮੀਟਰ ਤੱਕ ਚੌੜਾ ਕੀਤਾ ਜਾਵੇ। ਇਸ ਤੋਂ ਇਲਾਵਾ ਪੀ. ਏ. ਪੀ. ਚੌਕ 'ਚ ਅੰਮ੍ਰਿਤਸਰ ਵੱਲੋਂ 85 ਮੀਟਰ ਲੰਮਾ ਬਾਈਪਾਸ ਬਣਾਉਣ ਦੇ ਵਿਚਾਰ ਨੂੰ ਵੀ ਸਹਿਮਤੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਫਲਾਈਓਵਰ ਦੀ ਕੰਧ ਦੇ ਨਾਲ ਵਾਲੇ ਬਰਸਾਤੀ ਨਾਲਿਆਂ ਨੂੰ ਭੂਮੀਗਤ ਬਣਾਇਆ ਜਾਵੇ, ਜਿਸ ਨਾਲ ਰਾਹਗੀਰਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਏ। ਇਸ ਮੌਕੇ ਡੀ. ਸੀ. ਪੀ. ਨਰੇਸ਼ ਡੋਗਰਾ, ਸਹਾਇਕ ਕਮਿਸ਼ਨਰ ਪੁਲਸ ਐੱਚ. ਐੱਸ. ਭੱਲਾ, ਪ੍ਰਾਜੈਕਟ ਡਾਇਰੈਕਟਰ ਰਾਸ਼ਟਰੀ ਹਾਈਵੇਅ ਅਥਾਰਿਟੀ ਕਰਨਲ (ਰਿਟਾ.) ਯੋਗੇਸ਼ ਸਿੰਘ ਮੌਜੂਦ ਸਨ।


shivani attri

Content Editor

Related News