ਨੰਗਲ ਦੇ ਇਕ ਸਕੂਲ ’ਚ ਵਿਦਿਆਰਥਣ ਨਿਕਲੀ ਕੋਰੋਨਾ ਪਾਜ਼ੇਟਿਵ

08/14/2021 1:51:55 PM

ਰੂਪਨਗਰ (ਕੈਲਾਸ਼)- ਸਕੂਲੀ ਵਿਦਿਆਰਥੀਆਂ ਦਾ ਕੋਰੋਨਾ ਪਾਜ਼ੇਟਿਵ ਆਉਣਾ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸ ਪਾਸੇ ਸਰਕਾਰ ਵੱਲੋਂ ਜਲਦ ਹੀ ਕੋਈ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਇਸ ਦੇ ਨਤੀਜੇ ਬਹੁਤ ਜ਼ਿਆਦਾ ਨਿਰਾਸ਼ਾਜਨਕ ਹੋ ਸਕਦੇ ਹਨ। ਬੀਤੇ ਦਿਨੀਂ ਸਰਕਾਰੀ ਸੀ. ਸੈ. ਸਕੂਲ ਦੀ ਇਕ 16 ਸਾਲਾ ਵਿਦਿਆਰਥਣ ਕੋਰੋਨਾ ਪਾਜ਼ੇਟਿਵ ਹੋਈ ਸੀ ਅਤੇ ਅੱਜ ਵੀ ਜ਼ਿਲ੍ਹਾ ਰੂਪਨਗਰ ਦੇ ਅਧੀਨ ਪੈਂਦੇ ਨੰਗਲ ਹਲਕੇ ਦੇ ਡੀ. ਏ. ਵੀ. ਸਕੂਲ ਦੀ 15 ਸਾਲਾ ਵਿਦਿਆਰਥਣ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਵਲ ਸਰਜਨ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਕਲਾਸ ਦੇ ਸਾਰੇ ਵਿਦਿਆਰਥੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਰੋਨਾ ਪਾਜ਼ੇਟਿਵ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਜਾਣਗੇ ਅਤੇ ਸਰਕਾਰ ਵੱਲੋਂ ਜਾਰੀ ਸਾਰੀਆਂ ਹਿਦਾਇਤਾਂ ਦਾ ਪਾਲਣ ਕੀਤਾ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ’ਚ ਐਕਟਿਵ ਕੇਸਾਂ ਦੀ ਗਿਣਤੀ 8 ਹੋ ਗਈ ਹੈ, ਜਿਨ੍ਹਾਂ ’ਚੋਂ 6 ਕੋਰੋਨਾ ਮਰੀਜ਼ਾਂ ਨੂੰ ਘਰ ’ਚ ਹੀ ਇਕਾਂਤਵਾਸ ਕੀਤਾ ਗਿਆ ਹੈ ਅਤੇ ਐੱਲ-1 ਅਤੇ ਐੱਲ-2 ਦਾ ਇਕ ਕੋਰੋਨਾ ਮਰੀਜ਼ ਪੀ. ਜੀ. ਆਈ. ਚੰਡੀਗੜ੍ਹ ’ਚ ਜ਼ੇਰੇ ਇਲਾਜ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ ਮੌਕੇ ਕਰੀਬ 2 ਹਜ਼ਾਰ ਮੁਲਾਜ਼ਮ ਕਰਨਗੇ ਜਲੰਧਰ ਸ਼ਹਿਰ ਦੀ ਰਖਵਾਲੀ, ਸਟੇਡੀਅਮ ਸੀਲ

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 356737 ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ’ਚੋਂ 341763 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 1676 ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 12881 ’ਤੇ ਪਹੁੰਚ ਚੁੱਕੀ ਹੈ, ਜਿਨ੍ਹਾਂ ’ਚੋਂ ਹੁਣ ਤੱਕ 12456 ਸਿਹਤਯਾਬ ਹੋ ਕੇ ਘਰ ਜਾ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ’ਚ ਕੋਰੋਨਾ ਕਾਰਨ 417 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

ਸਿਹਤ ਮਹਿਕਮੇ ਨੇ ਵਧਾਈ ਕੋਰੋਨਾ ਟੈਸਟਾਂ ਦੀ ਗਿਣਤੀ
ਸੂਤਰਾਂ ਮੁਤਾਬਕ ਬੀਤੇ ਦਿਨ ਜ਼ਿਲ੍ਹੇ ’ਚ ਕੁੱਲ 12778 ਲੋਕਾਂ ਦੇ ਕੋਰੋਨਾ ਟੈਸਟ ਲਈ ਸੈਂਪਲ ਲਏ ਗਏ, ਜਿਨ੍ਹਾਂ ’ਚੋਂ ਬੀ. ਬੀ. ਐੱਮ. ਬੀ. ਨੰਗਲ ’ਚ 109, ਭਰਤਗੜ੍ਹ ’ਚ 150, ਸ਼੍ਰੀ ਚਮਕੌਰ ਸਾਹਿਬ ’ਚ 78, ਮੋਰਿਡਾ ’ਚ 74, ਨੂਰਪੁਰਬੇਦੀ ’ਚ 234, ਜ਼ਿਲਾ ਹਸਪਤਾਲ ਰੂਪਨਗਰ ’ਚ 210, ਸ੍ਰੀ ਕੀਰਤਪੁਰ ਸਾਹਿਬ ’ਚ 1282, ਐੱਸ. ਡੀ. ਐੱਚ. ਸ੍ਰੀ ਅਨੰਦਪੁਰ ਸਾਹਿਬ ’ਚ 10293, ਐੱਸ. ਡੀ. ਐੱਚ. ਨੰਗਲ ’ਚ 348 ਵਿਅਕਤੀਆਂ ਦੇ ਕੋਰੋਨਾ ਟੈਸਟ ਕੀਤੇ ਗਏ।

ਜ਼ਿਲ੍ਹੇ ’ਚ ਪਹੁੰਚੀ ਵੈਕਸੀਨ
ਇਸ ਸਬੰਧੀ ਜ਼ਿਲ੍ਹਾ ਸਿਵਲ ਸਰਜਨ ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਦੇ ਕੋਲ ਕੋਵਿਡ-19 ਵੈਕਸੀਨੇਸ਼ਨ ਦੀ 3000 ਡੋਜ਼ ਪਹੁੰਚ ਗਈ ਹੈ।

ਇਹ ਵੀ ਪੜ੍ਹੋ: ਆਜ਼ਾਦੀ ਦਿਹਾੜੇ 'ਤੇ ਜਲੰਧਰ ਦੇ ਕਈ ਰਸਤੇ ਰਹਿਣਗੇ ਬੰਦ, ਟ੍ਰੈਫਿਕ ਪੁਲਸ ਵੱਲੋਂ ਜਾਰੀ ਹੋਇਆ ਰੂਟ ਪਲਾਨ


shivani attri

Content Editor

Related News