ਨਾਮਦੇਵ ਚੌਕ ’ਚ ਦਵਾਈਅਾਂ ਦੇ ਕਾਰੋਬਾਰੀ ਦੀ ਹਾਈ ਸਪੀਡ ਕਾਰ ਚੌਰਾਹੇ ਨਾਲ ਟਕਰਾਈ
Wednesday, Oct 31, 2018 - 06:33 AM (IST)
ਜਲੰਧਰ, (ਜ. ਬ.)- ਨਾਮਦੇਵ ਚੌਕ ’ਚ ਸੋਮਵਾਰ ਦੇਰ ਰਾਤ ਦਵਾਈਅਾਂ ਦੇ ਕਾਰੋਬਾਰੀ ਦੀ ਤੇਜ਼ ਰਫਤਾਰ ਬੇਕਾਬੂ ਹੋਈ ਕਾਰ ਚੌਰਾਹੇ ਨਾਲ ਟਕਰਾ ਗਈ। ਹਾਦਸੇ ’ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਚੌਰਾਹੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਕਾਰ ’ਚ 2 ਲੋਕ ਸਵਾਰ ਸਨ, ਜੋ ਦਵਾਈਅਾਂ ਦਾ ਕਾਰੋਬਾਰ ਕਰਦੇ ਹਨ। ਕਾਰ ’ਚੋਂ ਪੁਲਸ ਨੂੰ ਕੁਝ ਦਵਾਈਅਾਂ ਵੀ ਮਿਲੀਅਾਂ।
ਰਾਹਤ ਵਾਲੀ ਗੱਲ ਇਹ ਰਹੀ ਕਿ ਬੇਕਾਬੂ ਕਾਰ ਦੀ ਲਪੇਟ ’ਚ ਕੋਈ ਵਾਹਨ ਨਹੀਂ ਆਇਆ, ਨਹੀਂ ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਕਾਰ ਸਵਾਰਾਂ ਦਾ ਇਸ ਹਾਦਸੇ ’ਚ ਵਾਲ-ਵਾਲ ਬਚਾਅ ਹੋ ਗਿਆ। ਕੁਝ ਰਾਹਗੀਰਾਂ ਦੀ ਮਦਦ ਨਾਲ ਕਾਰ ’ਚ ਸਵਾਰ 2 ਨੌਜਵਾਨਾਂ ਨੂੰ ਕਾਰ ’ਚੋਂ ਬਾਹਰ ਕੱਢਿਆ ਗਿਆ ਤੇ ਪੁਲਸ ਨੂੰ ਸੂਚਨਾ ਦਿੱਤੀ ਗਈ।
ਹਾਦਸੇ ਦੀ ਸੂਚਨਾ ਮਿਲਦਿਅਾਂ ਹੀ ਪੀ. ਸੀ. ਆਰ. ਟੀਮ ਮੌਕੇ ’ਤੇ ਪਹੁੰਚ ਗਈ ਸੀ। ਜਾਂਚ ’ਚ ਪਤਾ ਲੱਗਾ ਕਿ ਕਾਰ ਦਵਾਈਅਾਂ ਦੇ ਕਾਰੋਬਾਰੀ ਦੀ ਹੈ। ਦੇਰ ਰਾਤ ਥਾਣਾ ਨੰ. 4 ਤੋਂ ਹੈੱਡ ਕਾਂਸਟੇਬਲ ਗੁਰਜੀਤ ਸਿੰਘ ਵੀ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਸਨ। ਪੁਲਸ ਕਾਰ ਨੂੰ ਕਬਜ਼ੇ ’ਚ ਲੈ ਕੇ ਥਾਣੇ ਲੈ ਗਈ, ਜਦਕਿ ਕਾਰੋਬਾਰੀਅਾਂ ਨੂੰ ਵੀ ਥਾਣੇ ’ਚ ਤਲਬ ਕੀਤਾ ਗਿਆ। ਦੇਰ ਰਾਤ ਪੁਲਸ ਨੇ ਦੋਵਾਂ ਕਾਰੋਬਾਰੀਅਾਂ ਨੂੰ ਛੱਡ ਦਿੱਤਾ ਸੀ। ਥਾਣੇ ’ਚ ਕਾਰ ਚਾਲਕ ਨੇ ਖੁਦ ਦੀ ਗਲਤੀ ਮੰਨ ਲਈ ਸੀ।
