ਹੜ੍ਹ ਦੇ ਝੰਬੇ ਪਿੰਡਾਂ ''ਚੋਂ ਚੱਲਿਆ ਨਗਰ ਕੀਰਤਨ ਪਹੁੰਚਿਆ ਸੁਲਤਾਨਪੁਰ ਲੋਧੀ

11/08/2019 9:25:10 PM

ਸੁਲਤਾਨਪੁਰ ਲੋਧੀ— ਪੰਜਾਬ 'ਚ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਝੱਲਣ ਵਾਲੇ ਪਿੰਡ ਜਾਣੀਆ ਚਾਹਲ ਅਤੇ ਇਸ ਦੇ ਆਲੇ-ਦੁਆਲੇ ਦੇ ਪਿੰਡਾਂ 'ਚੋਂ ਚੱਲਿਆ ਨਗਰ ਕੀਰਤਨ ਦੇਰ ਸ਼ਾਮ ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਪਹੁੰਚਿਆ। ਗੁਰਦੁਆਰਾ ਬੇਰ ਸਾਹਿਬ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਪਵਿੱਤਰ ਵੇਈਂ ਦੇ ਕਿਨਾਰੇ-ਕਿਨਾਰੇ ਹੁੰਦਾ ਹੋਇਆ ਨਿਰਮਲ ਕੁਟੀਆ ਜਾ ਕੇ ਸੰਪਨ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਜਦੋਂ ਇਹ ਨਗਰ ਕੀਰਤਨ ਹੜ੍ਹ ਪੀੜਤ ਪਿੰਡਾਂ ਵਿੱਚੋਂ ਲੰਘ ਰਿਹਾ ਸੀ ਤਾਂ ਪੀੜਤ ਲੋਕਾਂ ਵੱਲੋਂ ਲਾਏ ਜਾ ਰਹੇ ਬੋਲੇ ਸੋ ਨਿਹਾਲ ਦੇ ਜੈਕਾਰੇ ਉਨ੍ਹਾਂ ਦੀ ਆਰਥਿਕ ਬਰਬਾਦੀ ਹੋਣ ਦੇ ਬਾਵਜੂਦ ਵੀ ਚੜ੍ਹਦੀ ਕਲਾ ਦੇ ਪ੍ਰਤੀਕ ਸਾਬਿਤ ਹੋ ਰਹੇ ਸਨ।

PunjabKesari
ਸੁਲਤਾਨਪੁਰ ਲੋਧੀ ਵਿੱਚ ਦਾਖਲ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਬੇਬੇ ਨਾਨਕੀ, ਗੁਰਦੁਆਰਾ ਹੱਟ ਸਾਹਿਬ ਅਤੇ ਗੁਰਦੁਆਰਾ ਬੇਰ ਸਾਹਿਬ ਤੋਂ ਹੁੰਦਾ ਹੋਇਆ ਤਲਵੰਡੀ ਚੌਧਰੀਆਂ ਦੇ ਪੁਲ ਤੋਂ ਵੇਈਂ ਕਿਨਾਰੇ ਰਾਹੀਂ ਨਿਰਮਲ ਕੁਟੀਆ ਪਹੁੰਚਿਆ।
ਪਿੰਡ ਜਾਣੀਆ ਚਾਹਲ ਦੇ ਗੁਰੁ ਘਰ ਵਿੱਚ ਸ਼ੁਕਰਾਨੇ ਲਈ ਰੱਖੇ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਇਸੇ ਪਿੰਡ ਤੋਂ ਨਗਰ ਕੀਰਤਨ ਸ਼ੁਰੂ ਹੋ ਕੇ ਚੱਕ ਬੰਡਾਲਾ, ਮਹਿਰਾਜਵਾਲਾ, ਗੱਟਾ ਮੁੰਡੀਕਾਸੂ, ਭਾਨੇਵਾਲ, ਲੱਖੂ ਦੀਆਂ ਛੰਨਾਂ, ਮੁੰਡੀ ਚੋਲੀਆਂ, ਨਲ, ਮਾਣਕ, ਵਾੜਾ ਜੋਧ ਸਿੰਘ, ਸੁਚੇਤਗੜ੍ਹ, ਜਬੋਵਾਲ ਅਤੇ ਸੱਦੂਵਾਲ ਪਿੰਡਾਂ ਵਿੱਚ ਜਾਵੇਗਾ। ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ  ਸੀਚੇਵਾਲ ਨੇ ਦੱਸਿਆ ਕਿ ਇੰਨ੍ਹਾਂ ਪਿੰਡਾਂ ਵਿੱਚ ਹੜ੍ਹ ਨਾਲ ਕਿਸਾਨਾਂ ਦੀਆਂ 100 ਫੀਸਦੀ ਫਸਲਾਂ ਤਬਾਹ ਹੋ ਗਈਆਂ ਸਨ।
ਇਸ ਛੇਵੇਂ ਨਗਰ ਕੀਰਤਨ ਦੌਰਾਨ ਜਿੱਥੇ ਸੰਤ ਸੀਚੇਵਾਲ ਨੇ ਬਾਬੇ ਨਾਨਕ ਦੀਆਂ ਸਿੱਖਿਆਵਾਂ ਦੇ ਸੋਹਲੇ ਗਾਏ ਉਥੇ ਉਨ੍ਹਾਂ ਨੇ ਦੱਸਿਆ ਕਿ ਹੜ੍ਹਾਂ ਨਾਲ ਜਿਹੜੀ ਭਾਰੀ ਤਬਾਹੀ ਇੰਨ੍ਹਾਂ ਪਿੰਡਾਂ ਵਿੱਚ  ਹੋਈ ਸੀ। ਉਸ 'ਚੋਂ ਉਭਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛੱਕੋ ਦੇ ਸਿਧਾਂਤ ਨੇ ਹੀ ਪੀੜਤ ਇਲਾਕੇ 'ਚ ਚੜ੍ਹਦੀ ਕਲਾ ਵਰਤਾਈ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਜਿਹੜਾ ਕਿਰਤ ਕਰੋ ਦਾ ਸੁਨੇਹਾ ਦਿੱਤਾ ਸੀ ਉਸ ਨੇ ਹੀ ਪੀੜ੍ਹਤ ਲੋਕਾਂ ਨੂੰ ਬਚਾਇਆ ਤੇ ਸਰਬੱਤ ਦੇ ਭਲੇ ਨੂੰ ਰੂਪਮਾਨ ਕੀਤਾ ਸੀ।
ਸੰਤ ਸੀਚੇਵਾਲ ਨੇ ਕਿਹਾ ਕਿ ਹੜ੍ਹ ਪੀੜਤਾਂ ਦੀ ਮੱਦਦ ਲਈ ਜਿਸ ਤਰ੍ਹਾਂ ਪੰਜਾਬ ਭਰ ਤੋਂ ਕਿਰਤੀ ਲੋਕ ਆਏ ਤੇ ਉਨ੍ਹਾਂ ਬੰਨ੍ਹ ਦੇ ਪਾੜ ਨੂੰ ਪੂਰਦਿਆ ਜਿੱਥੇ ਵੰਡ ਕੇ ਛੱਕਿਆ ਉਥੇ ਨਾਲੋਂ ਨਾਲ ਚਲੇ ਕੀਰਤਨ ਨੇ ਪੀੜਤ ਲੋਕਾਂ ਦੀ ਰੂਹ ਰੁਸ਼ਨਾਈ ਸੀ। ਇਹੀ ਵਰਤਾਰਾ ਸਾਬਤ ਕਰਦਾ ਹੈ ਕਿ ਪੰਜਾਬ ਗੁਰੂਆਂ ਦੇ ਨਾਂ 'ਤੇ ਜਿਊਂਦਾ ਹੈ। ਇਸੇ ਕਰਕੇ ਕੋਈ ਮੁਕਤਸਰ ਤੇ ਬਠਿੰਡਾ ਤੋਂ ਮਿੱਟੀ ਦੀਆਂ ਟਰਾਲੀਆਂ ਲਿਆ ਰਹੇ ਸਨ ਤੇ ਕੋਈ ਗੁਰਦਾਸਪੁਰ ਤੋਂ ਕੋਈ ਹੁਸ਼ਿਆਰਪੁਰ ਤੋਂ ਮਿੱਟੀ ਦੇ ਬੋਰੇ ਤੇ ਲੰਗਰ ਲੈ ਕੇ ਆ ਰਹੇ ਸਨ। ਭਾਵ ਕਿ ਸਾਰੇ ਪੰਜਾਬ ਤੋਂ ਲੋਕ ਹੜ੍ਹ ਪੀੜਤਾਂ ਦੀ ਮੱਦਦ ਲਈ ਆ ਰਹੇ ਸਨ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਹੀ ਸਰਬੱਤ ਦੇ ਭਲੇ ਦਾ ਹੋਕਾ ਦਿੱਤਾ ਸੀ । ਇਹੀ ਸੰਕਲਪ ਹੁਣ ਪੰਜਾਬੀਆਂ ਦੇ ਖੂਨ 'ਚ ਦੌੜ ਰਿਹਾ ਹੈ।

PunjabKesari
ਸੰਤ ਸੀਚੇਵਾਲ ਨੇ ਇਸ ਨਗਰ ਕੀਰਤਨ 'ਚ ਵਧ ਚੜ੍ਹ ਕੇ ਹਿੱਸਾ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਇੱਕਜੁਟਤਾ ਨਾਲ ਜਿੱਥੇ ਹੜ੍ਹ ਪੀੜਤ ਲੋਕ ਬਹੁਤ ਹੀ ਥੋੜ੍ਹੇ ਸਮੇਂ 'ਚ ਹੀ ਸੰਭਲ ਗਏ ਸਨ ਉਥੇ ਭਵਿੱਖ ਵਿੱਚ ਧੁੱਸੀ ਬੰਨ੍ਹ ਨਾ ਟੁਟੇ ਇਸ ਲਈ ਸਾਰਾ ਸਾਲ ਬੰਨ੍ਹ ਦੀ ਮਜ਼ਬੂਤੀ ਲਈ ਕਾਰਜ ਕੀਤੇ ਜਾਣਗੇ। ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਪ੍ਰਕਾਸ਼ ਪੁਰਬ ਤੱਕ ਜਾਰੀ ਰਹਿਣਗੇ। ਉਨ੍ਹਾਂ ਸਾਰੀਆਂ ਸਮਾਜ ਸੇਵੀ ਜੱਥੇਬੰਦੀਆਂ, ਗ੍ਰਾਮ ਪੰਚਾਇਤਾਂ, ਸੰਤਾਂ ਮਹਾਂਪੁਰਸ਼ਾਂ ਅਤੇ ਪਰਵਾਸੀ ਪੰਜਾਬੀਆਂ ਦਾ ਤਹਿ ਦਿੱਲੋਂ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਦਿੱਲ ਖੋਲ ਕੇ ਹੜ੍ਹ ਪੀੜਤਾਂ ਦੀ ਮੱਦਦ ਕੀਤੀ।
ਇਸ ਮੌਕੇ ਜਾਣੀਆ ਚਾਹਲ ਤੋਂ ਮੇਜਰ ਸਿੰਘ, ਬਲਕਾਰ ਸਿੰਘ, ਮਨਦੀਪ ਸਿੰਘ, ਗੁਰਮੇਲ ਸਿੰਘ, ਹਰਜੀਤ ਸਿੰਘ, ਗੱਟੀ ਪੀਰ ਬਖ਼ਸ਼ ਦੇ ਸਰਪੰਚ ਸੁਖਵਿੰਦਰ ਸਿੰਘ, ਮਹਿਰਾਜਵਾਲਾ ਦੇ ਸਰਪੰਚ ਕੁਲਵੰਤ ਸਿੰਘ, ਹਰਬੰਸ ਸਿੰਘ, ਜੋਗਿੰਦਰ ਸਿੰਘ ਤੇ ਗੁਰਮੇਲ ਸਿੰਘ, ਸੁਰਜੀਤ ਸਿੰਘ ਸ਼ੰਟੀ ਅਤੇ ਹੋਰ ਸੇਵਾਦਾਰ ਹਾਜ਼ਰ ਸਨ।


KamalJeet Singh

Content Editor

Related News