ਦਿਨ ਚੜ੍ਹਦਿਆਂ ਹੀ ਨਗਰ ਨਿਗਮ ਮੁਸਤੈਦ ਗੈਰ-ਕਾਨੂੰਨੀ ਦੁਕਾਨਾਂ ਨੂੰ ਕੀਤਾ ਸੀਲ

Friday, Jan 11, 2019 - 12:30 PM (IST)

ਜਲੰਧਰ (ਖੁਰਾਨਾ)—ਨਾਜਾਇਜ਼ ਬਿਲਡਿੰਗਾਂ ਦੇ ਮਾਮਲੇ 'ਚ ਪਾਏ ਜਾ ਰਹੇ ਸਿਆਸੀ  ਦਬਾਅ ਦੀਆਂ  ਧੱਜੀਆਂ ਉਡਾਉਂਦਿਆਂ ਨਿਗਮ ਪ੍ਰਸ਼ਾਸਨ ਨੇ ਅੱਜ ਪਿਛਲੇ ਕੁੱਝ ਸਮੇਂ ਦੌਰਾਨ  ਕਾਂਗਰਸੀ ਆਗੂਆਂ ਦੇ ਪ੍ਰੈਸ਼ਰ ਨਾਲ ਬਣੀਆਂ ਨਾਜਾਇਜ਼ ਬਿਲਡਿੰਗਾਂ 'ਤੇ ਕਾਰਵਾਈ ਕੀਤੀ ਤੇ  4  ਦੁਕਾਨਾਂ ਨੂੰ ਡਿੱਚ ਦੀ ਮਦਦ ਨਾਲ ਮਲੀਆਮੇਟ ਕਰ ਦਿੱਤਾ, ਜਦੋਂਕਿ ਹੋਰ 15 ਦੁਕਾਨਾਂ ਨੂੰ  ਸੀਲਾਂ ਲਾ ਦਿੱਤੀਆਂ ਗਈਆਂ। ਕਮਿਸ਼ਨਰ ਦੀਪਰਵ ਲਾਕੜਾ ਦੇ ਨਿਰਦੇਸ਼ਾਂ 'ਤੇ ਬਿਲਡਿੰਗ ਵਿਭਾਗ  ਦੀਆਂ ਵੱਖ-ਵੱਖ ਟੀਮਾਂ ਨੇ ਆਪਣੇ-ਆਪਣੇ ਇਲਾਕੇ 'ਚ ਇਹ ਕਾਰਵਾਈ ਤੜਕਸਾਰ ਕੀਤੀ ਤਾਂ ਜੋ  ਟੀਮਾਂ ਨੂੰ ਵਿਰੋਧ ਦਾ ਸਾਹਮਣਾ ਨਾ ਕਰਨਾ ਪਏ।

ਸੀਲ ਕੀਤੀਆਂ ਗਈਆਂ ਜ਼ਿਆਦਾਤਰ ਦੁਕਾਨਾਂ 'ਚ ਕੰਮਕਾਜ ਚੱਲ ਰਹੇ ਸਨ ਅਤੇ ਜ਼ਿਆਦਾਤਰ ਦੁਕਾਨਾਂ ਸਵੇਰ ਤੋਂ ਬੰਦ ਪਈਆਂ ਸਨ, ਜਿਨ੍ਹਾਂ  ਨੂੰ ਨਿਗਮ ਨੇ ਸੀਲ ਕਰ ਦਿੱਤਾ। 4 ਦੁਕਾਨਾਂ ਤੋੜਨ ਦੀ ਕਾਰਵਾਈ ਦੁਪਹਿਰ ਵੇਲੇ ਕੀਤੀ  ਗਈ, ਜਿਸ ਦੀ ਅਗਵਾਈ ਇੰਸ. ਪੂਜਾ ਮਾਨ ਕਰ ਰਹੀ ਸੀ। ਇਸ ਟੀਮ ਨੇ ਉਪਕਾਰ ਨਗਰ ਇਲਾਕੇ ਵਿਚ  ਪਿਛਲੇ ਸਮੇਂ ਦੌਰਾਨ ਬਣੀਆਂ 4 ਦੁਕਾਨਾਂ ਨੂੰ ਡਿੱਚ ਦੀ ਮਦਦ ਨਾਲ ਤੋੜ ਦਿੱਤਾ। ਇਸ ਥਾਂ 'ਤੇ ਨਿਗਮ ਟੀਮ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਨਿਗਮ ਟੀਮ ਦੁਕਾਨਾਂ  ਦੇ ਲੈਂਟਰ ਨੂੰ ਡੇਗ ਚੁੱਕੀ ਸੀ ਤਾਂ ਮੌਕੇ 'ਤੇ ਇਲਾਕੇ ਦੇ ਕਾਂਗਰਸੀ ਕੌਂਸਲਰ ਰਾਜਵਿੰਦਰ  ਸਿੰਘ ਰਾਜਾ ਪਹੁੰਚ ਗਏ ਅਤੇ ਉਨ੍ਹਾਂ ਨਿਗਮ ਟੀਮ ਸਾਹਮਣੇ ਜ਼ੋਰਦਾਰ ਵਿਰੋਧ ਜਤਾਇਆ। 
ਇਸ  ਕਾਰਵਾਈ ਦੌਰਾਨ ਬਿਲਡਿੰਗ ਇੰਸ. ਅਜੀਤ ਸ਼ਰਮਾ ਨੇ ਬਸਤੀ ਅੱਡਾ ਚੌਕ ਕੋਲ ਇਕ ਮਾਰਕੀਟ ਦੀਆਂ  8 ਦੁਕਾਨਾਂ ਨੂੰ ਸੀਲ ਕੀਤਾ। ਇਸੇ ਟੀਮ ਨੇ ਜੇ. ਪੀ. ਨਗਰ ਰੋਡ 'ਤੇ ਕ੍ਰੀਮਿਕਾ ਦੇ  ਸਾਹਮਣੇ ਨਾਜਾਇਜ਼ ਤੌਰ 'ਤੇ ਬਣ ਰਹੀ ਦੁਕਾਨ ਨੂੰ ਵੀ ਸੀਲ ਲਾਈ। ਇਸ ਦੁਕਾਨ ਨੂੰ ਕੱਲ ਸੀਲ  ਕਰਨ ਗਈ ਨਿਗਮ ਟੀਮ ਦਾ ਵਿਰੋਧ ਕੌਂਸਲਰ ਪਤੀ ਹਰਜਿੰਦਰ ਲਾਡਾ ਨੇ ਕੀਤਾ ਸੀ, ਜਿਸ ਤੋਂ ਬਾਅਦ  ਬਿਨਾਂ ਸੀਲ ਲਾਏ ਟੀਮ ਵਾਪਸ ਪਰਤ ਆਈ ਸੀ। ਅੱਜ ਸਭ ਤੋਂ ਪਹਿਲਾਂ ਉਸ ਦੁਕਾਨ ਨੂੰ ਤੜਕਸਾਰ  ਸੀਲ ਲਾਈ ਗਈ ਜਿੱਥੇ ਕੱਪੜਿਆਂ ਦਾ ਸ਼ੋਅਰੂਮ ਚੱਲ ਰਿਹਾ ਸੀ।

ਬਿਲਡਿੰਗ ਇੰਸ. ਆਰ. ਐੱਸ.  ਟਿਵਾਣਾ ਨੇ ਕਾਰਵਾਈ ਦੌਰਾਨ ਮਾਡਲ ਟਾਊਨ ਦੀਆਂ 3-ਬੀ ਵਾਲੀਆਂ ਵਿਵਾਦਿਤ ਦੋ ਦੁਕਾਨਾਂ  ਨੂੰ ਸੀਲ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਨ੍ਹਾਂ ਦੁਕਾਨਾਂ ਨੂੰ ਪਹਿਲਾਂ ਵੀ ਕਈ ਵਾਰ ਸੀਲ  ਕੀਤਾ ਗਿਆ ਸੀ ਪਰ ਹਰ ਵਾਰ ਕਾਂਗਰਸੀ ਆਗੂਆਂ ਦੇ ਕਹਿਣ 'ਤੇ ਸੀਲਾਂ ਨੂੰ ਤੋੜ ਦਿੱਤਾ ਗਿਆ ਅਤੇ  ਲਾਚਾਰ ਨਿਗਮ ਐੱਫ. ਆਈ. ਆਰ. ਤੱਕ ਦਰਜ ਨਹੀਂ ਕਰਵਾ ਸਕਿਆ। ਇਸ ਤੋਂ ਇਲਾਵਾ ਸ਼੍ਰੀ ਟਿਵਾਣਾ  ਦੀ ਅਗਵਾਈ ਵਿਚ 66 ਫੁੱਟੀ ਰੋਡ 'ਤੇ ਦੋ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਸੇ ਤਰ੍ਹਾਂ  ਬਿਲਡਿੰਗ ਇੰਸ. ਜੀਤ ਪਾਲ ਜੋਸ਼ੀ ਨੇ ਦੋਆਬਾ ਚੌਕ ਅਤੇ ਬਾਈਪਾਸ ਕੋਲ ਨਾਜਾਇਜ਼ ਤੌਰ 'ਤੇ ਦੋ  ਦੁਕਾਨਾਂ ਨੂੰ ਸੀਲ ਲਾਈ।


Shyna

Content Editor

Related News