ਕਮਿਸ਼ਨਰ ਦਫਤਰ ''ਚ ਸ਼ਮਸ਼ੇਰ ਖਹਿਰਾ ਤੇ ਯੂਨੀਅਨ ਨੇਤਾਵਾਂ ''ਚ ਹੋਇਆ ਸਮਝੌਤਾ

09/16/2019 3:00:45 PM

ਜਲੰਧਰ (ਖੁਰਾਣਾ)— ਨਗਰ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਦੇ ਦਫਤਰ 'ਚ ਐਤਵਾਰ ਨੂੰ ਹੋਈ ਇਕ ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਸ਼ਮਸ਼ੇਰ ਖਹਿਰਾ ਅਤੇ ਨਗਰ ਨਿਗਮ ਦੀ ਯੂਨੀਅਨ ਦੇ ਨੇਤਾਵਾਂ 'ਚ ਸਮਝੌਤਾ ਹੋ ਗਿਆ, ਜਿਸ ਤੋਂ ਬਾਅਦ ਸਫਾਈ ਮੁਲਾਜ਼ਮਾਂ ਨੇ ਖਹਿਰਾ ਦੇ ਵਾਰਡ 'ਚ ਸੋਮਵਾਰ ਤੋਂ ਸਫਾਈ ਦਾ ਕੰਮ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ 11 ਸਤੰਬਰ ਨੂੰ ਵਾਰਡ ਨੰ. 8 ਦੇ ਕਾਂਗਰਸੀ ਕੌਂਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਆਪਣੇ ਵਾਰਡ 'ਚ ਪੈਂਦੇ ਨੰਗਲ ਸ਼ਾਮਾ ਪਿੱਟ ਕੰਪੋਸਟਿੰਗ ਯੂਨਿਟ ਦੇ ਕੰਪਲੈਕਸ ਵਾਲੇ ਮੇਨ ਗੇਟ ਨੂੰ ਤਾਲਾ ਲਾ ਦਿੱਤਾ ਸੀ, ਜਿਸ ਕਾਰਨ ਡਾਗ ਕੰਪਾਊਂਡ ਦਾ ਸਟਾਫ ਵੀ ਅੰਦਰ ਬੰਦ ਹੋ ਕੇ ਰਹਿ ਗਿਆ ਸੀ। ਕੌਂਸਲਰ ਖਹਿਰਾ ਨੂੰ ਇਸ ਗੱਲ ਦਾ ਰੋਸ ਸੀ ਕਿ ਨਗਰ ਨਿਗਮ ਆਲੇ-ਦੁਆਲੇ ਦੇ ਸਾਰੇ ਵਾਰਡਾਂ ਦਾ ਕੂੜਾ ਨੰਗਲ ਸ਼ਾਮਾ 'ਚ ਪੁੱਟੀਆਂ ਗਈਆਂ ਪਿੱਟਸ 'ਚ ਸੁੱਟਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਉਸ ਦੇ ਵਾਰਡ ਦੇ ਨਿਵਾਸੀ ਰੋਸ ਮੁਜ਼ਾਹਰਾ ਕਰ ਰਹੇ ਹਨ।

ਕੌਂਸਲਰ ਖਹਿਰਾ ਵੱਲੋਂ ਤਾਲਾ ਲਗਾਉਣ ਤੋਂ ਪਹਿਲਾਂ ਉਥੇ ਮੌਜੂਦ ਨਿਗਮ ਸਟਾਫ ਤੇ ਖਹਿਰਾ ਵਿਚ ਗਾਲ੍ਹਾਂ ਤੱਕ ਕੱਢੀਆਂ ਗਈਆਂ ਸਨ, ਜਿਸ ਤੋਂ ਬਾਅਦ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਗਈ ਅਤੇ ਉਨ੍ਹਾਂ ਨੇ ਮੌਕੇ 'ਤੇ ਖੁਦ ਆ ਕੇ ਖਹਿਰਾ ਵੱਲੋਂ ਲਾਏ ਗਏ ਤਾਲੇ ਨੂੰ ਤੁੜਵਾਇਆ ਸੀ। ਉਸੇ ਸ਼ਾਮ ਕਮਿਸ਼ਨਰ ਨੇ ਯੂਨੀਅਨ ਨੇਤਾਵਾਂ ਦੀ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੂੰ ਖਹਿਰਾ 'ਤੇ ਜ਼ਰੂਰੀ ਕਾਰਵਾਈ ਕਰਨ ਲਈ ਸਿਫਾਰਿਸ਼ ਕਰ ਦਿੱਤੀ ਸੀ। ਇਸ ਮਾਮਲੇ 'ਚ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਸੁਸ਼ੀਲ ਰਿੰਕੂ ਨੇ ਖਹਿਰਾ ਦੇ ਪੱਖ 'ਚ ਆਉਂਦੇ ਹੋਏ ਨਿਗਮ ਕਮਿਸ਼ਨਰ ਅਤੇ ਪੁਲਸ ਅਧਿਕਾਰੀਆਂ ਤੱਕ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਖਹਿਰਾ 'ਤੇ ਕੋਈ ਕੇਸ ਦਰਜ ਨਾ ਕੀਤਾ ਜਾਵੇ ਅਤੇ ਪਾਰਟੀ ਪੱਧਰ 'ਤੇ ਇਹ ਮਾਮਲਾ ਸੁਲਝਾ ਲਿਆ ਜਾਏ। ਅੱਜ ਵਿਧਾਇਕਾਂ ਦੀ ਸਿਫਾਰਿਸ਼ 'ਤੇ ਕਮਿਸ਼ਨਰ ਦੀਪਰਵ ਲਾਕੜਾ ਨੇ ਦੋਵਾਂ ਧਿਰਾਂ ਨੂੰ ਆਪਣੇ ਆਫਿਸ 'ਚ ਬੁਲਾ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ।

ਹੈਰਾਨੀਜਨਕ ਗੱਲ ਇਹ ਰਹੀ ਕਿ ਇਸ ਸਾਰੇ ਮਾਮਲੇ 'ਚ ਖਹਿਰਾ ਇਸ ਗੱਲ 'ਤੇ ਜ਼ੋਰ ਦਿੰਦੇ ਰਹੇ ਕਿ ਮੁਲਤਾਨੀ, ਮਨਦੀਪ ਜੱਸਲ, ਵਿਜੇ ਦਕੋਹਾ ਆਦਿ ਦੇ ਵਾਰਡਾਂ ਦਾ ਕੂੜਾ ਨੰਗਲ ਸ਼ਾਮਾ 'ਚ ਨਹੀਂ ਆਉਣ ਦਿੱਤਾ ਜਾਏਗਾ ਪਰ ਸਮਝੌਤੇ ਦੌਰਾਨ ਮਨਦੀਪ ਜੱਸਲ ਖਹਿਰਾ ਨਾਲ ਮੌਜੂਦ ਸਨ। ਇਸ ਤੋਂ ਇਲਾਵਾ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਅਤੇ ਕਾਂਗਰਸੀ ਨੇਤਾ ਮੇਜਰ ਸਿੰਘ ਵੀ ਸਮਝੌਤੇ ਦੌਰਾਨ ਹਾਜ਼ਰ ਰਹੇ। ਯੂਨੀਅਨ ਨੇਤਾਵਾਂ ਦੀ ਨੁਮਾਇੰਦਗੀ ਚੰਦਨ ਗਰੇਵਾਲ, ਅਸ਼ੋਕ ਭੀਲ, ਬੰਟੂ ਸਭਰਵਾਲ ਅਤੇ ਰਮਨਜੀਤ ਆਦਿ ਨੇ ਕੀਤੀ। ਕੌਂਸਲਰ ਖਹਿਰਾ ਨੇ ਬੈਠਕ ਦੌਰਾਨ ਕਿਹਾ ਕਿ ਭਵਿੱਖ 'ਚ ਹੁਣ ਅਜਿਹਾ ਨਹੀਂ ਹੋਵੇਗਾ। ਫੈਸਲਾ ਹੋਇਆ ਕਿ ਰਾਮਾ ਮੰਡੀ ਦੇ ਬਾਕੀ ਵਾਰਡਾਂ ਦਾ ਕੂੜਾ ਵੀ ਪਹਿਲਾਂ ਵਾਂਗ ਨੰਗਲ ਸ਼ਾਮਾ ਪਿਟ ਕੰਪੋਸਟਿੰਗ ਯੂਨਿਟ 'ਚ ਜਾਏਗਾ ਪਰ ਉਸ ਨੂੰ ਨਾਲ-ਨਾਲ ਹੀ ਮੈਨੇਜ ਕਰ ਲਿਆ ਜਾਏਗਾ।

ਵਿਧਾਇਕ ਸ਼ੇਰੋਵਾਲੀਆ ਤੇ ਸਾਬਕਾ ਵਿਧਾਇਕ ਲਾਲੀ ਦੇ ਚੈਨਲ ਥਰੂ ਹੋਇਆ ਸਮਝੌਤਾ
ਕੌਂਸਲਰ ਸ਼ਮਸ਼ੇਰ ਖਹਿਰਾ ਦਾ ਵਾਰਡ ਸੈਂਟਰਲ ਵਿਧਾਨ ਸਭਾ ਹਲਕੇ 'ਚ ਪੈਂਦਾ ਹੈ ਪਰ ਸਮਝੌਤੇ ਦੌਰਾਨ ਵਿਧਾਇਕ ਰਾਜਿੰਦਰ ਬੇਰੀ ਨਾ ਤਾਂ ਹਾਜ਼ਰ ਸਨ ਅਤੇ ਨਾ ਹੀ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ। ਸਮਝੌਤਾ ਕਰਵਾਉਣ 'ਚ ਜਿੱਥੇ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਸੁਸ਼ੀਲ ਰਿੰਕੂ ਦੀ ਮੁੱਖ ਭੂਮਿਕਾ ਰਹੀ, ਉਥੇ ਇਹ ਸਮਝੌਤਾ ਸ਼ਾਹਕੋਟ ਹਲਕੇ ਤੋਂ ਕਾਂਗਰਸੀ ਵਿਧਾਇਕ ਲਾਡੀ ਸ਼ੇਰੋਵਾਲੀਆ ਅਤੇ ਸਾਬਕਾ ਵਿਧਾਇਕ ਕੰਵਲਜੀਤ ਲਾਲੀ ਦੇ ਚੈਨਲ ਥਰੂ ਹੋਇਆ।
ਜ਼ਿਕਰਯੋਗ ਹੈ ਕਿ ਸ਼ਮਸ਼ੇਰ ਖਹਿਰਾ ਵਿਧਾਇਕ ਸ਼ੇਰੋਵਾਲੀਆ ਅਤੇ ਸਾਬਕਾ ਵਿਧਾਇਕ ਲਾਲੀ ਦੇ ਨੇੜਲੇ ਹਨ। ਖਹਿਰਾ ਨੇ ਦੋਵਾਂ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਨੇ ਆਪਣੇ-ਆਪਣੇ ਹਿਸਾਬ ਨਾਲ ਆਪਣੇ ਧੜੇ ਦੇ ਕਾਂਗਰਸੀ ਨੇਤਾਵਾਂ ਨਾਲ ਸੰਪਰਕ ਕਰ ਕੇ ਮਾਮਲੇ ਨੂੰ ਸੁਲਝਾਉਣ ਲਈ ਕਿਹਾ ਸੀ। ਵਿਧਾਇਕ ਸ਼ੇਰੋਵਾਲੀਆ ਦੇ ਕਹਿਣ 'ਤੇ ਹੀ ਵਿਧਾਇਕ ਸੁਸ਼ੀਲ ਰਿੰਕੂ ਇਸ ਮਾਮਲੇ 'ਚ ਐਕਟਿਵ ਹੋਏ ਸਨ ਅਤੇ ਰਿੰਕੂ ਅਤੇ ਪਰਗਟ ਸਿੰਘ ਚਾਹੁੰਦੇ ਸਨ ਕਿ ਜੇਕਰ ਕਾਂਗਰਸੀ ਸਰਕਾਰ ਦੌਰਾਨ ਕਾਂਗਰਸੀ ਕੌਂਸਲਰ 'ਤੇ ਕੇਸ ਦਰਜ ਹੁੰਦਾ ਹੈ ਤਾਂ ਉਸ ਨਾਲ ਪਾਰਟੀ ਦੀ ਬਦਨਾਮੀ ਹੋਵੇਗੀ। ਅੱਜ ਸਮਝੌਤੇ ਦੇ ਮੌਕੇ 'ਤੇ ਡਿਪਟੀ ਮੇਅਰ ਬੰਟੀ ਅਤੇ ਮੇਜਰ ਸਿੰਘ ਦੀ ਹਾਜ਼ਰੀ ਵੀ ਇਸੇ ਕਾਰਨ ਰਹੀ।


shivani attri

Content Editor

Related News