ਮੋਟਰਸਾਈਕਲ ਮਕੈਨਿਕ ਨੇ ਪਲਿਊਸ਼ਨ ਬੋਰਡ ਦਾ ਕਰਮਚਾਰੀ ਬਣ ਕੇ ਮੰਗੇ 15 ਹਜ਼ਾਰ, ਮਾਮਲਾ ਦਰਜ

Tuesday, Dec 25, 2018 - 06:18 AM (IST)

ਮੋਟਰਸਾਈਕਲ ਮਕੈਨਿਕ ਨੇ ਪਲਿਊਸ਼ਨ ਬੋਰਡ ਦਾ  ਕਰਮਚਾਰੀ ਬਣ ਕੇ ਮੰਗੇ 15 ਹਜ਼ਾਰ, ਮਾਮਲਾ ਦਰਜ

ਜਲੰਧਰ  (ਰਾਜੇਸ਼)-  ਖੁਦ ਨੂੰ ਪਲਿਊਸ਼ਨ ਬੋਰਡ ਦਾ ਮੁਲਾਜ਼ਮ ਦੱਸ ਕੇ ਫੈਕਟਰੀ ਮਾਲਕ ਕੋਲੋਂ 15  ਹਜ਼ਾਰ ਰੁਪਏ ਠੱਗਣ ਆਏ ਵਿਅਕਤੀ ਨੂੰ ਥਾਣਾ 1 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ , ਜੋ ਮੋਟਰਸਾਈਕਲ ਮਕੈਨਿਕ ਹੈ  ਤੇ ਸਾਥੀ  ਨਾਲ ਠੱਗੀ ਕਰਨ ਨਿਕਲਿਆ ਸੀ ਪਰ  ਫੈਕਟਰੀ ਮਾਲਕ ਦੀ ਸੁੂਝ-ਬੂਝ ਕਾਰਨ ਉਹ ਆਪਣੇ ਇਰਾਦੇ ’ਚ ਕਾਮਯਾਬ ਨਹੀਂ ਹੋ ਸਕਿਆ। 
ਥਾਣਾ  ਨੰ. 1 ’ਚ ਦਿੱਤੀ ਸ਼ਿਕਾਇਤ ’ਚ ਜਸਵੀਰ ਸਿੰਘ ਪੁੱਤਰ ਨਿਰੰਜਣ ਦਾਸ ਵਾਸੀ ਰਵਿਦਾਸ ਨਗਰ ਨੇ  ਦੱਸਿਆ ਕਿ ਉਸ ਦੀ ਇਲਾਕੇ ’ਚ ਲੋਹੇ ਨੂੰ ਰੰਗ ਕਰਨ ਦੀ ਛੋਟੀ ਜਿਹੀ ਫੈਕਟਰੀ ਹੈ, ਵਿਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਆਏ, ਜਿਨ੍ਹਾਂ ਨੇ ਖੁਦ ਨੂੰ ਪਲਿਊਸ਼ਨ ਬੋਰਡ  ਦੇ ਮੁਲਾਜ਼ਮ ਦੱਸਿਆ ਤੇ ਧਮਕਾਇਆ ਕਿ ਫੈਕਟਰੀ ਨਾਲ ਇਲਾਕੇ ’ਚ ਪਲਿਊਸ਼ਨ ਫੈਲ ਰਿਹਾ  ਹੈ, ਜਿਸ ਦੇ ਬਦਲੇ ਵਿਚ ਖੁਦ ਨੂੰ ਪਲਿਊਸ਼ਨ ਮੁਲਾਜ਼ਮ ਦੱਸਣ ਵਾਲੇ ਵਿਅਕਤੀਆਂ ਨੇ ਉਸ ਕੋਲੋਂ  15 ਹਜ਼ਾਰ ਰੁਪਏ ਦੀ ਮੰਗ ਕੀਤੀ। ਫੈਕਟਰੀ ਮਾਲਕ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਦੇ  ਮੋਟਰਸਾਈਕਲ ਨੰਬਰ ਨੋਟ ਕਰ ਕੇ ਥਾਣਾ ਨੰਬਰ 1 ਦੀ ਪੁਲਸ ਨੂੰ ਸੂਚਿਤ ਕੀਤਾ।
 ਮਾਮਲੇ ਦੀ  ਜਾਂਚ ਕਰ ਰਹੇ ਏ. ਐੱਸ. ਆਈ. ਸੁਖਰਾਜ ਸਿੰਘ ਨੇ ਮੋਟਰਸਾਈਕਲ ਦੇ ਨੰਬਰ ਤੋਂ ਪਤਾ ਕਰਵਾਇਆ  ਤਾਂ ਸਾਹਮਣੇ ਆਇਆ ਕਿ ਮੋਟਰਸਾਈਕਲ ਕਿਸੇ ਮਕੈਨਿਕ ਦੀ ਦੁਕਾਨ ਤੋਂ ਲਿਆਂਦਾ ਗਿਆ ਸੀ, ਜੋ  ਠੱਗੀ ਕਰਨ ਆਏ ਮੁਲਜ਼ਮ ਕੁੱਝ ਸਮੇਂ ਲਈ ਮੋਟਰਸਾਈਕਲ ਮੰਗ ਕੇ ਲੈ ਕੇ ਆਏ ਸਨ। ਪੁਲਸ ਨੇ   ਸੁਖਵਿੰਦਰ  ਕੁਮਾਰ ਉਰਫ ਸੁੱਖਾ ਪੁੱਤਰ ਸਵਰਨ ਚੰਦ ਵਾਸੀ ਨੂਰਪੁਰ ਧੋਗੜੀ ਨੂੰ ਕਾਬੂ ਕਰ ਲਿਆ, ਜਿਸ ਨੇ  ਦੱਸਿਆ ਕਿ ਉਸ ਦੇ  ਨਾਲ  ਉਸ ਦਾ ਦੂਜਾ ਸਾਥੀ ਜੱਗਾ ਵਾਸੀ ਨਾਹਰਪੁਰ ਸੀ। ਏ. ਐੱਸ. ਆਈ.  ਸੁਖਰਾਜ ਨੇ ਦੱਸਿਆ ਕਿ ਦੋਵਾਂ ਖਿਲਾਫ ਧਾਰਾ 419, 420 ਦੇ ਤਹਿਤ ਮਾਮਲਾ ਦਰਜ ਕਰ ਲਿਆ  ਗਿਆ ਹੈ। ਸੁਖਵਿੰਦਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ, ਜਦਕਿ ਉਸ ਦਾ ਸਾਥੀ  ਜੱਗਾ ਫਰਾਰ ਹੈ। 


Related News