ਭੇਦਭਰੇ ਹਾਲਾਤ ’ਚ ਮਾਂ-ਪੁੱਤ ਦੀ ਮੌਤ

Saturday, Jul 13, 2019 - 04:19 AM (IST)

ਭੇਦਭਰੇ ਹਾਲਾਤ ’ਚ ਮਾਂ-ਪੁੱਤ ਦੀ ਮੌਤ

ਫਗਵਾਡ਼ਾ, (ਹਰਜੋਤ)- ਫਗਵਾਡ਼ਾ-ਜਲੰਧਰ ਸਡ਼ਕ ’ਤੇ ਸਥਿਤ ਪਿੰਡ ਚੱਕ ਹਕੀਮ ਵਿਖੇ ਇਕ ਸਕੂਲ ’ਚ ਰਹਿ ਰਹੇ ਮਾਂ-ਪੁੱਤ ਦੀ ਭੇਦਭਰੇ ਹਾਲਾਤ ’ਚ ਮੌਤ ਹੋ ਗਈ, ਪੁਲਸ ਨੇ ਦੋਨਾਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਮਗਰੋਂ ਲਾਸ਼ਾ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀਆਂ ਹਨ। ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਪਛਾਣ ਪ੍ਰਕਾਸ਼ੋ (90) ਪਤਨੀ ਭਗਵਾਨ ਦਾਸ ਤੇ ਉਸ ਦੇ ਪੁੱਤਰ ਦੀ ਪਛਾਣ ਲੇਖਰਾਜ ਉਰਫ਼ ਰਾਣਾ ਪੁੱਤਰ ਭਗਵਾਨ ਦਾਸ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਅਨੁਸਾਰ ਉਕਤ ਪਰਿਵਾਰ ਗਰੀਬੀ ਦੇ ਦੌਰ ’ਚੋਂ ਗੁਜ਼ਰ ਰਿਹਾ ਸੀ, ਇਨ੍ਹਾਂ ਦੇ ਕੋਲ ਰਹਿਣ ਨੂੰ ਜਗ੍ਹਾ ਨਾ ਹੋਣ ਕਰ ਕੇ ਪਿੰਡ ਵਾਸੀਆਂ ਨੇ ਇਨ੍ਹਾਂ ਨੂੰ ਸਰਕਾਰੀ ਸਕੂਲ ਅੰਦਰ ਮਿਡ-ਡੇ-ਮੀਲ ਦਾ ਖਾਲੀ ਪਿਆ ਇਕ ਕਮਰਾ ਰਹਿਣ ਨੂੰ ਦੇ ਦਿੱਤਾ ਅਤੇ ਕੁਝ ਮਹੀਨਿਆਂ ਤੋਂ ਇਹ ਮਾਂ-ਪੁੱਤ ਦੋਨੋਂ ਉੱਥੇ ਰਹਿ ਰਹੇ ਸਨ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੱਲ ਸ਼ਾਮ ਇਹ ਦੋਨੋਂ ਬਿਲਕੁਲ ਠੀਕ ਠਾਕ ਸਨ। ਅੱਜ ਸਵੇਰੇ ਇਹ ਕਮਰਿਆਂ ਚੋਂ ਬਾਹਰ ਨਹੀਂ ਆਏ ਅਤੇ ਕੁਝ ਸਕੂਲੀ ਬੱਚਿਆਂ ਤੇ ਹੋਰਾਂ ਨੇ ਇਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਪਿੰਡ ਵਾਸੀਆਂ ਨੂੰ ਦੱਸਿਆ ਫ਼ਿਰ ਇਨ੍ਹਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ।

ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਕੀਤੀ ਮੁੱਢਲੀ ਪਡ਼ਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਲੇਖ ਰਾਜ ਉਰਫ਼ ਰਾਣਾ ਦਮੇ ਦਾ ਮਰੀਜ਼ ਸੀ, ਜਿਸ ਤੋਂ ਉਹ ਖੁਦ ਤੇ ਉਸ ਦੀ ਮਾਂ ਪ੍ਰੇਸ਼ਾਨ ਸਨ, ਜਿਸ ਕਰ ਕੇ ਉਨ੍ਹਾਂ ਵੱਲੋਂ ਖੁਦਕੁਸ਼ੀ ਕੀਤੀ ਜਾਪਦੀ ਹੈ, ਉਨ੍ਹਾਂ ਕਿਹਾ ਕਿ ਪੁਲਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ ਅਤੇ ਅਗਲੀ ਜਾਂਚ ਤੇ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਕੋਈ ਹੋਰ ਨਵੀਂ ਗੱਲ ਸਾਹਮਣੇ ਆ ਸਕਦੀ ਹੈ। ਮ੍ਰਿਤਕ ਪ੍ਰਕਾਸ਼ੋ ਦੇ ਤਿੰਨ ਲਡ਼ਕੀਆਂ ਹਨ ਅਤੇ ਲੇਖਰਾਜ ਇਕਲੌਤਾ ਪੁੱਤ ਸੀ। ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਇਸ ਸਬੰਧੀ ਸੰਪਰਕ ਕਰਨ ’ਤੇ ਦੱਸਿਆ ਕਿ ਦੋਨੋਂ ਮ੍ਰਿਤਕ ਲਾਸ਼ਾਂ ’ਤੇ ਕੋਈ ਸੱਟਾਂ ਦੇ ਨਿਸ਼ਾਨ ਨਹੀਂ ਸੀ, ਇਸ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਹੈ ਅਤੇ ਵਿਸਰਾ ਲੈ ਕੇ ਜਾਂਚ ਲੈਬੋਰਟਰੀ ਨੂੰ ਭੇਜਿਆ ਜਾਵੇਗਾ। ਇਸ ਦੀ ਰਿਪੋਰਟ ਆਉਣ ’ਤੇ ਹੀ ਕੁਝ ਕਿਹਾ ਜਾ ਸਕਦਾ ਹੈ।


author

Bharat Thapa

Content Editor

Related News