ਵਧੇਰੇ ਆਗੂਆਂ ਨੂੰ ਨਾ ਹੀ ਪਸੰਦ ਤੇ ਨਾ ਹੀ ਸਮਝ ਆ ਰਹੀ ਹੈ ਨਵੀਂ ਵਾਰਡਬੰਦੀ, ਇਤਰਾਜ਼ ’ਤੇ ਇਤਰਾਜ਼ ਆਉਣ ਲੱਗੇ

06/24/2023 12:16:51 PM

ਜਲੰਧਰ (ਖੁਰਾਣਾ)-ਨਗਰ ਨਿਗਮ ਦੀਆਂ ਚੋਣਾਂ ਲੜਨ ਦੇ ਇੱਛੁਕ ਵਧੇਰੇ ਆਗੂਆਂ ਨੂੰ ਨਾ ਤਾਂ ਵਾਰਡਬੰਦੀ ਦਾ ਡਰਾਫਟ ਨੋਟੀਫਿਕੇਸ਼ਨ ਸਮਝ ਵਿਚ ਆ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਦੇ ਪੱਲੇ ਉਹ ਨਕਸ਼ੇ ਪੈ ਰਹੇ ਹਨ, ਜੋ ਸ਼ਹਿਰ ਨੂੰ 85 ਵਾਰਡਾਂ ਵਿਚ ਵੰਡਣ ਦੀ ਪ੍ਰਕਿਰਿਆ ਤੋਂ ਬਾਅਦ ਤਿਆਰ ਕੀਤੇ ਗਏ ਹਨ। ਪਿਛਲੇ 3 ਦਿਨਾਂ ਤੋਂ ਜਲੰਧਰ ਨਿਗਮ ਦੀ ਚੌਥੀ ਮੰਜ਼ਿਲ ’ਤੇ ਆ ਕੇ ਨਕਸ਼ਿਆਂ ਨੂੰ ਵੇਖਣ ਵਾਲੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਅਫ਼ਸਰਾਂ ਨੇ ਆਮ ਆਦਮੀ ਪਾਰਟੀ ਦੇ ਦਬਾਅ ਵਿਚ ਆ ਕੇ ਪੱਖਪਾਤ ਕਰਨ ਦੇ ਉਦੇਸ਼ ਨਾਲ ਇਹ ਵਾਰਡਬੰਦੀ ਤਿਆਰ ਕੀਤੀ ਹੈ, ਜਿਸ ਵਿਚ ਕਈ ਖਾਮੀਆਂ ਹਨ। ਅਜਿਹੇ ਵਿਚ ਨਵੀਂ ਵਾਰਡਬੰਦੀ ’ਤੇ ਇਤਰਾਜ਼ ’ਤੇ ਇਤਰਾਜ਼ ਆ ਰਹੇ ਹਨ। ਕਾਂਗਰਸ ਅਤੇ ਭਾਜਪਾ ਨੇ ਤਾਂ ਸਮੂਹਿਕ ਰੂਪ ਨਾਲ ਇਸ ਵਾਰਡਬੰਦੀ ’ਤੇ ਇਤਰਾਜ਼ ਦਾਖਲ ਕਰਨ ਦਾ ਫ਼ੈਸਲਾ ਕੀਤਾ ਹੈ। ਜਿਸ ਤਰ੍ਹਾਂ ਨਵੀਂ ਵਾਰਡਬੰਦੀ ਨੂੰ ਲੈ ਕੇ ਆਗੂਆਂ ਵਿਚ ਰੋਸ ਵਧਦਾ ਜਾ ਰਿਹਾ ਹੈ, ਉਸ ਤੋਂ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਸਤਾਵਿਤ ਵਾਰਡਬੰਦੀ ਦੇ ਡਰਾਫਟ ਨੂੰ ਅਦਾਲਤ ਵਿਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਹੋਟਲ 'ਚ ਹੋਏ ਨਾਬਾਲਗ ਮੁੰਡੇ ਨਾਲ ਬਦਫੈਲੀ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਡਿਫੈਂਸ ਕਾਲੋਨੀ ਨੂੰ 2 ਹਿੱਸਿਆਂ ’ਚ ਕਿਉਂ ਵੰਡਿਆ
ਡਿਫੈਂਸ ਕਾਲੋਨੀ ਰੈਜ਼ੀਡੈਂਟ ਸੋਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਰੰਧਾਵਾ ਨੇ ਵੱਖ-ਵੱਖ ਅਧਿਕਾਰੀਆਂ ਨੂੰ ਵਾਰਡਬੰਦੀ ਸਬੰਧੀ ਇਤਰਾਜ਼ ਲਿਖਤੀ ਭੇਜਦਿਆਂ ਇਤਰਾਜ਼ ਪ੍ਰਗਟ ਕੀਤਾ ਹੈ ਕਿ ਡਿਫੈਂਸ ਕਾਲੋਨੀ ਨੂੰ ਪਹਿਲੀ ਵਾਰ 2 ਹਿੱਸਿਆਂ ਵਿਚ ਵੰਡਿਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਲੋਨੀ ਵਿਚ 337 ਮਕਾਨ ਹਨ, ਜਿਥੇ ਸਿਰਫ਼ ਇਕ ਸੋਸਾਇਟੀ ਹੀ ਰਜਿਸਟਰਡ ਹੈ। ਕਾਲੋਨੀ ਦੇ ਵੋਟਰਾਂ ਨੂੰ 2 ਹਿੱਸਿਆਂ ਵਿਚ ਵੰਡਣ ਨਾਲ ਨਿਗਮ ਐਕਟ ਦਾ ਉਲੰਘਣ ਹੋਵੇਗਾ ਕਿਉਂਕਿ ਸੋਸਾਇਟੀ ਦੇ ਮੈਂਬਰਾਂ ਨੂੰ 2 ਹਿੱਸਿਆਂ ਵਿਚ ਵੰਡਿਆ ਨਹੀਂ ਜਾ ਸਕਦਾ। 1990 ਤੋਂ ਲੈ ਕੇ ਅੱਜ ਤਕ ਇਸ ਪੂਰੀ ਕਾਲੋਨੀ ਦੇ ਲੋਕ ਇਕ ਹੀ ਵਾਰਡ ਅਧੀਨ ਆਉਂਦੇ ਰਹੇ ਹਨ। ਮੰਗ ਕੀਤੀ ਗਈ ਹੈ ਕਿ ਪੂਰੀ ਕਾਲੋਨੀ ਨੂੰ ਨਵੇਂ ਵਾਰਡ 31 ਵਿਚ ਹੀ ਸ਼ਾਮਲ ਰੱਖਿਆ ਜਾਵੇ।

PunjabKesari

ਗੂਗਲ ਲੋਕੇਸ਼ਨ ਅਤੇ ਮੌਜੂਦਾ ਸਾਈਟ ’ਚ ਫਰਕ: ਬਲਰਾਜ ਠਾਕੁਰ
ਸਾਬਕਾ ਕਾਂਗਰਸੀ ਕੌਂਸਲਰ ਬਲਰਾਜ ਠਾਕੁਰ ਨੇ ਇਤਰਾਜ਼ ਪ੍ਰਗਟਾਇਆ ਹੈ ਕਿ ਵਾਰਡਬੰਦੀ ਵਿਚ ਵਧੇਰੇ ਸਪਾਟ ਗੂਗਲ ਲੋਕੇਸ਼ਨ ਤੋਂ ਚੁੱਕੇ ਗਏ ਹਨ, ਜਦੋਂ ਕਿ ਅਸਲ ਵਿਚ ਉਹ ਸਪਾਟ ਹਨ ਹੀ ਨਹੀਂ। ਦੋਵਾਂ ਵਿਚ ਹੀ ਕਾਫ਼ੀ ਫ਼ਰਕ ਹੈ, ਇਸ ਕਾਰਨ ਵਾਰਡਬੰਦੀ ਦਾ ਡਰਾਫਟ ਕਿਸੇ ਦੀ ਸਮਝ ਵਿਚ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ 53 ਗਰੀਨ ਮਾਡਲ ਟਾਊਨ ਦੀ ਲੋਕੇਸ਼ਨ ਨਕਸ਼ੇ ਤੋਂ ਵੱਖ ਹੈ। ਵਾਰਡ 33 ਵਿਚ ਮਾਡਲ ਟਾਊਨ ਪਾਰਕ ਨੰਬਰ 3 ਦਿਖਾਇਆ ਗਿਆ ਹੈ, ਜਿਹੜਾ ਮੌਕੇ ’ਤੇ ਹੈ ਹੀ ਨਹੀਂ। ਇਸੇ ਤਰ੍ਹਾਂ ਸੇਂਟ ਸੋਲਜਰ ਸਕੂਲ ਅਤੇ ਇੰਡੀਅਨ ਆਪਟੀਕਲ ਹਾਊਸ ਦੀ ਸੜਕ ਨਕਸ਼ੇ ਵਿਚ ਮੌਜੂਦ ਨਹੀਂ ਹੈ। ਕਈ ਲੋਕਸ਼ਨ ਅਜਿਹੀਆਂ ਹਨ, ਜਿਥੇ ਵਾਰਡਬੰਦੀ, ਨਕਸ਼ੇ ਅਤੇ ਮੌਜੂਦਾ ਸਾਈਟ ਵਿਚ ਕਾਫੀ ਫਰਕ ਹੈ।

ਇਹ ਵੀ ਪੜ੍ਹੋ: ਨਾਬਾਲਗ ਨਾਲ ਬਦਫੈਲੀ ਕਰਨ ਦੇ ਮਾਮਲੇ 'ਚ ਹੈਰਾਨੀਜਨਕ ਗੱਲ ਆਈ ਸਾਹਮਣੇ, ਜੈਂਡਰ ਬਦਲਣ ਦੀ ਸੀ ਪਲਾਨਿੰਗ

ਐਡਵੋਕੇਟ ਨਵਜੋਤ, ਐਡਵੋਕੇਟ ਪਰਮਿੰਦਰ ਵਿਗ ਅਤੇ ਕਈ ਹੋਰਨਾਂ ਨੇ ਦਾਖਲ ਕੀਤੇ ਇਤਰਾਜ਼
ਐਡਵੋਕੇਟ ਨਵਜੋਤ ਸਿੰਘ, ਐਡਵੋਕੇਟ ਪਰਮਿੰਦਰ ਸਿੰਘ ਵਿਗ, ਸੁਤੀਕਸ਼ਣ ਸਮਰੋਲ, ਦੀਪਕ ਬਾਹਰੀ, ਸੁਰਜੀਤ ਸਿੰਘ, ਵਿਨੇ ਮਹਾਜਨ ਅਤੇ ਐਡਵੋਕੇਟ ਅਜੈ ਟੰਡਨ ਨੇ ਵੀ ਵਾਰਡਬੰਦੀ ’ਤੇ ਕਈ ਇਤਰਾਜ਼ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਵਾਰਡਬੰਦੀ ਆਰਡਰ 1995 (ਡੀਲਿਮਿਟੇਸ਼ਨ ਆਫ਼ ਵਾਰਡ) ਦਾ ਸਪੱਸ਼ਟ ਉਲੰਘਣ ਹੈ। ਵਾਰਡਬੰਦੀ ਕਰਨ ਸਮੇਂ ਕਈ ਇਲਾਕਿਆਂ ਵਿਚ ਕੱਟ-ਵੱਢ ਕੀਤੀ ਗਈ ਹੈ, ਜੋ ਸਹੀ ਨਹੀਂ ਹੈ ਅਤੇ ਬੇਸਿਕ ਸਿਧਾਂਤ ਦਾ ਉਲੰਘਣ ਹੈ। ਰੋਟੇਸ਼ਨ ਫਾਰਮੂਲਾ ਵੀ ਨਿਯਮਾਂ ਦੇ ਮੁਤਾਬਕ ਨਹੀਂ ਹੈ, ਸਗੋਂ ਪਿਕ ਐਂਡ ਚੂਜ਼ ਦੀ ਪ੍ਰਕਿਰਿਆ ਅਪਣਾਈ ਗਈ ਹੈ। ਪੁਰਾਣਾ ਵਾਰਡ ਨੰਬਰ 21, ਜਿਸ ਨੂੰ ਹੁਣ 31 ਬਣਾਇਆ ਜਾ ਰਿਹਾ ਹੈ, 2007 ਤੋਂ 2022 ਤਕ ਜਨਰਲ ਕੈਟਾਗਰੀ ਮਹਿਲਾ ਲਈ ਰਿਜ਼ਰਵ ਸੀ, ਜਿਸ ਨੂੰ ਹੁਣ ਵੀ ਮਹਿਲਾ ਰਿਜ਼ਰਵ ਹੀ ਰਹਿਣ ਦਿੱਤਾ ਗਿਆ, ਜਦੋਂ ਕਿ ਰੋਟੇਸ਼ਨ ਦੇ ਹਿਸਾਬ ਨਾਲ ਇਹ ਵਾਰਡ ਜਨਰਲ ਕੈਟਾਗਰੀ ਪੁਰਸ਼ ਲਈ ਬਣਨਾ ਚਾਹੀਦਾ ਹੈ। ਵਾਰਡਬੰਦੀ ਵਿਚ ਏਰੀਆ ਨੂੰ 1 ਰੱਖਣ ਅਤੇ ਨਿਰੰਤਰ ਰੱਖਣ ਦੇ ਸਿਧਾਂਤ ਦਾ ਵੀ ਉਲੰਘਣ ਹੋਇਆ ਹੈ। ਇਸ ਵਾਰਡਬੰਦੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ। ਵਾਰਡਬੰਦੀ ਵਿਚ ਜੋ ਹੱਦਾਂ ਅਤੇ ਇਲਾਕੇ ਦਰਸਾਏ ਗਏ ਹਨ, ਉਨ੍ਹਾਂ ਨੂੰ ਲੱਭਣਾ ਕਾਫੀ ਮੁਸ਼ਕਲ ਹੈ ਕਿਉਂਕਿ ਵਧੇਰੇ ਨਾਵਾਂ ਨੂੰ ਕੋਈ ਜਾਣਦਾ ਹੀ ਨਹੀਂ ਹੈ।

ਇਹ ਵੀ ਪੜ੍ਹੋ: 76 ਸਾਲ ਦੀਆਂ ਕੋਸ਼ਿਸ਼ਾਂ ਨੂੰ ਪਿਆ ਬੂਰ, ਪਾਕਿ ਤੋਂ 90 ਸਾਲਾ ਅਫ਼ਜਲ ਬੀਬੀ ਪੁੱਜੀ ਰੂਪਨਗਰ, ਯਾਦਾਂ ਹੋਈਆਂ ਤਾਜ਼ਾ

 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News