ਜ਼ਿਲ੍ਹੇ ਦੇ 100 ਤੋਂ ਵੱਧ ਭੱਠਾ ਮਾਲਕਾਂ ਨੇ ਬੰਦ ਕੀਤੀ ਇੱਟਾਂ ਦੀ ਵਿਕਰੀ
Tuesday, Sep 13, 2022 - 03:35 PM (IST)
ਹੁਸ਼ਿਆਰਪੁਰ (ਜੈਨ)-ਕੇਂਦਰ ਸਰਕਾਰ ਦੀ ਬੇਰੁੱਖੀ ਕਾਰਨ ਜ਼ਿਲੇ ਦੇ 100 ਤੋਂ ਵੱਧ ਭੱਠਾ ਮਾਲਕਾਂ ਨੇ ਅੱਜ ਤੋਂ 17 ਸਤੰਬਰ ਤੱਕ ਇੱਟਾਂ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਸੋਮਵਾਰ ਤੋਂ ਹੀ ਲਾਗੂ ਹੋ ਗਿਆ ਹੈ ਅਤੇ ਅਗਲੇ 6 ਦਿਨਾਂ ਤੱਕ ਜ਼ਿਲੇ ਭਰ ਵਿਚ ਉਸਾਰੀ ਦਾ ਕੰਮ ਲਗਭਗ ਠੱਪ ਹੋ ਕੇ ਰਹਿ ਜਾਵੇਗਾ। ਜਿਸ ਕਾਰਨ ਮਜ਼ਦੂਰ ਵਰਗ ਨੂੰ ਰੋਟੀ ਦੇ ਲਾਲੇ ਪੈ ਜਾਣਗੇ। ਭੱਠਾ ਮਾਲਕ ਐਸੋਸੀਏਸ਼ਨ ਤਹਿਸੀਲ ਹੁਸ਼ਿਆਰਪੁਰ ਦੇ ਪ੍ਰਧਾਨ ਮਨੀਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਭੱਠਾ ਮਾਲਕਾਂ ਨੇ ਰੋਹ ਵਿਚ ਕਿਹਾ ਕਿ ਕੇਂਦਰ ਸਰਕਾਰ ਭੱਠਾ ਵਪਾਰੀਆਂ ਦਾ ਗਲਾ ਘੁੱਟ ਰਹੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਅਤੇ ਪੰਜਾਬ ਭਰ ਦੇ ਭੱਠਾ ਮਾਲਕਾਂ ਵੱਲੋਂ ਸਰਕਾਰ ਵਿਰੁੱਧ ਆਪਣੇ ਗੁੱਸੇ ਦਾ ਪ੍ਰਗਟਾਵਾ ਕਰਨ ਲਈ ਛੇ ਦਿਨਾਂ ਤੱਕ ਇੱਟਾਂ ਨਾ ਵੇਚਣ ਦੇ ਫੈਸਲੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜੇਕਰ ਲੋੜ ਪਈ ਤਾਂ ਇਸ ਮਿਆਦ ਨੂੰ ਹੋਰ ਵੀ ਵਧਾਇਆ ਜਾ ਸਕਦਾ ਹੈ। ਚੇਅਰਮੈਨ ਸ਼ਿਵਦੇਵ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਭੱਠਿਆਂ ਦੇ ਬੁਨਿਆਦੀ ਢਾਂਚੇ ਦੇ ਡਿਜ਼ਾਈਨ ਨੂੰ ਬਦਲਣ ਲਈ ਮਜਬੂਰ ਕੀਤਾ। ਜਿਸ ਕਾਰਨ ਹਰੇਕ ਭੱਠਾ ਮਾਲਕ ’ਤੇ 40 ਤੋਂ 50 ਲੱਖ ਰੁਪਏ ਦਾ ਵਿੱਤੀ ਬੋਝ ਪਾਇਆ ਗਿਆ। ਇੰਨਾ ਹੀ ਨਹੀਂ ਕੇਂਦਰ ਸਰਕਾਰ ਦੇ ਕਈ ਵਿਭਾਗਾਂ ਨੇ ਫਰਮਾਨ ਜਾਰੀ ਕਰ ਕੇ ਆਪਣੇ ਨਿਰਮਾਣ ਕਾਰਜਾਂ ਵਿਚ ਲਾਲ ਇੱਟਾਂ ਦੀ ਵਰਤੋਂ ਨਾ ਕਰਨ ਦੀ ਹਦਾਇਤ ਕੀਤੀ ਹੈ। ਇੱਟਾਂ ’ਤੇ ਜੀ. ਐੱਸ. ਟੀ. ਦੀ ਦਰ 5 ਫੀਸਦੀ ਤੋਂ ਵਧਾ ਕੇ 12 ਫੀਸਦੀ ਕਰ ਦਿੱਤੀ ਗਈ ਹੈ।
ਐਸੋਸੀਏਸ਼ਨ ਦੇ ਜਨਰਲ ਸਕੱਤਰ ਪੰਕਜ ਡਡਵਾਲ ਨੇ ਦੱਸਿਆ ਕਿ ਪਿਛਲੇ ਸਾਲ 8 ਹਜ਼ਾਰ ਤੋਂ 8500 ਰੁਪਏ ਪ੍ਰਤੀ ਟਨ ਤੱਕ ਕੋਲਾ ਉਪਲੱਬਧ ਸੀ, ਜੋ ਅੱਜ 22 ਹਜ਼ਾਰ ਤੋਂ 23 ਹਜ਼ਾਰ ਪ੍ਰਤੀ ਟਨ ਮਿਲ ਰਿਹਾ ਹੈ। ਅਜਿਹੇ ਹਾਲਾਤਾਂ ਵਿਚ ਭੱਠਿਆਂ ਨੂੰ ਚਲਾਉਣਾ ਅਸੰਭਵ ਹੋ ਗਿਆ ਹੈ। ਭੱਠਾ ਕਾਰੋਬਾਰੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਜੰਮ ਕੇ ਕੋਸਿਆ। ਉਨ੍ਹਾਂ ਕਿਹਾ ਕਿ ਇਕਜੁੱਟ ਹੋ ਕੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਵਿਕਰਮ ਸਿੰਘ ਪਟਿਆਲ, ਨਮਿਤ ਗੁਪਤਾ, ਸ਼ਿਵ ਵਾਲੀਆ, ਵਿਸ਼ਾਲ ਵਾਲੀਆ, ਰਾਜੇਸ਼ ਮੁਰਗੇਈ, ਸਚਿਨ ਗਰਗ, ਰਣਦੀਪ ਸਿੰਘ, ਸੰਦੀਪ ਗੁਪਤਾ ਆਦਿ ਵੀ ਹਾਜ਼ਰ ਸਨ।