ਪੈਸਿਆਂ ਦੇ ਲਾਲਚ ’ਚ ਦੋਸਤਾਂ ਨਾਲ ਮਿਲ ਕੇ ਕਰਨ ਲੱਗਾ ਨਸ਼ਾ ਸਮੱਗਲਿੰਗ

11/13/2018 4:45:59 AM

ਜਲੰਧਰ/ਲੋਹੀਆਂ,   (ਕਮਲੇਸ਼, ਮਨਜੀਤ)—  ਜਲੰਧਰ ਦਿਹਾਤੀ ਪੁਲਸ ਨੇ ਮਨਵੀਰ ਸਿੰਘ ਪੁੱਤਰ ਜਗਜੀਤ  ਸਿੰਘ ਵਾਸੀ ਰਜੋਕੇ ਪਲੋਹ ਪੱਟੀ ਜ਼ਿਲਾ ਤਰਨਤਾਰਨ ਨੂੰ ਇਕ ਕਿਲੋ ਹੈਰੋਇਨ ਅਤੇ 6 ਲੱਖ 42  ਹਜ਼ਾਰ ਦੀ ਡਰੱਗ ਮਨੀ ਨਾਲ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੇ  ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸ. ਐੱਚ. ਓ. ਸੁਰਿੰਦਰ ਕੁਮਾਰ ਨੂੰ ਗੁਪਤ ਸੂਚਨਾ  ਮਿਲੀ ਸੀ ਕਿ ਡਰੱਗਜ਼  ਦੀ ਵੱਡੀ ਖੇਪ ਦੀ ਸਪਲਾਈ ਹੋਣ ਵਾਲੀ ਹੈ। ਡੀ. ਐੱਸ. ਪੀ. ਪਰਮਜੀਤ  ਸਿੰਘ, ਐੱਸ. ਐੱਚ. ਓ. ਨੇ ਪੁਲਸ  ਪਾਰਟੀ ਸਣੇ ਰਾਈਵਾਲ ਪਿੰਡ ਦੇ ਸਕੂਲ ਕੋਲ ਨਾਕਾ ਲਾਇਆ। ਇਸ ਦੌਰਾਨ ਇਕ ਪਲਸਰ ਸਵਾਰ ਨੌਜਵਾਨ ਨੂੰ ਰੋਕਿਆ, ਜਿਸ ਦੇ ਮੋਢੇ ’ਤੇ ਇਕ ਬੈਗ ਟੰਗਿਆ  ਹੋਇਆ ਸੀ। 
ਤਲਾਸ਼ੀ ਲੈਣ ’ਤੇ ਉਸ ਕੋਲੋਂ ਇਕ ਕਿਲੋ ਹੈਰੋਇਨ ਅਤੇ  6 ਲੱਖ 42 ਹਜ਼ਾਰ ਰੁਪਏ ਦੀ ਡਰੱਗ  ਮਨੀ ਬਰਾਮਦ ਹੋਈ। ਪੁਲਸ ਨੇ ਮੁਲਜ਼ਮ  ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ  ਮਾਮਲਾ ਦਰਜ ਕਰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਨੂੰ ਕੋਰਟ ਵਿਚ ਪੇਸ਼ ਕਰ  ਕੇ ਦੋ ਦਿਨ ਦਾ  ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਸ ਪੁੱਛਗਿੱਛ ਵਿਚ ਮਨਵੀਰ ਨੇ ਦੱਸਿਆ ਕਿ ਉਸਦੇ ਦੋਸਤ  ਸਤਨਾਮ ਸਿੰਘ ਪਿੰਡ ਨਾਹਲੀ ਨੇ ਉਸਨੂੰ ਲਾਲਚ ਦਿੱਤਾ ਸੀ ਕਿ ਨਸ਼ਿਆਂ ਦੇ ਕਾਰੋਬਾਰ ਵਿਚ  ਬਹੁਤ ਪੈਸਾ ਹੈ। ਉਹ ਜਲਦੀ ਹੀ ਅਮੀਰ ਬਣ ਕੇ ਲਗਜ਼ਰੀ ਲਾਈਫ ਜੀਅ ਸਕਦਾ ਹੈ। ਉਹ ਉਸ ਦੀਆਂ  ਗੱਲਾਂ ਵਿਚ ਆ ਗਿਆ ਅਤੇ ਡਰੱਗਜ਼ ਸਮੱਗਲਿੰਗ ਕਰਨ ਲੱਗਾ।
ਸ਼ਾਤਿਰ ਗੁਰਜੰਟ ਸਿੰਘ ਦਾ ਕਜ਼ਨ ਹੈ ਮਨਵੀਰ
ਪੁਲਸ  ਜਾਂਚ ਵਿਚ ਪਤਾ ਲੱਗਾ ਹੈ ਕਿ ਮਨਵੀਰ ਸਿੰਘ ਸ਼ਾਤਿਰ ਸਮੱਗਲਰ ਗੁਰਜੰਟ ਸਿੰਘ ਦਾ ਕਜ਼ਨ ਹੈ ਅਤੇ ਉਸਦੇ ਖਿਲਾਫ ਵੱਖ-ਵੱਖ ਥਾਣਿਆਂ ਵਿਚ ਡਰੱਗ ਸਮੱਗਲਿੰਗ ਦੇ 17 ਦੇ ਕਰੀਬ ਮਾਮਲੇ ਦਰਜ ਹਨ। ਪੁਲਸ ਆਪਣੀ ਅਗਲੀ ਜਾਂਚ ਵਿਚ ਮਨਵੀਰ ਦੇ ਤਾਰ ਗੁਰਜੰਟ ਨਾਲ ਵੀ ਜੋੜ ਕੇ ਚੱਲੇਗੀ।

ਮਨਵੀਰ ਦੀ ਕਾਰ ਵਿਚ ਡਰੱਗ ਸਮੱਗਲਿੰਗ ਕਰਦੇ ਉਸਦੇ ਸਾਥੀ ਪੁਲਸ ਨੇ ਕੀਤੇ ਸਨ ਕਾਬੂ
ਪੁਲਸ  ਜਾਂਚ ਵਿਚ ਪਤਾ ਲੱਗਾ ਹੈ ਕਿ 4 ਜੁਲਾਈ ਨੂੰ ਖਾਲੜਾ ਥਾਣੇ ਦੀ ਪੁਲਸ ਨੇ ਮਨਵੀਰ ਦੇ  ਸਾਥੀਆਂ ਅਜੇ ਪਾਲ ਸਿੰਘ, ਮੰਗਾ ਸਿੰਘ, ਸੁਖਰਾਜ ਸਿੰਘ ਅਤੇ ਨਿਰਵੈਲ ਸਿੰਘ ਨੂੰ ਉਸ ਸਮੇਂ  ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਮਨਵੀਰ ਦੀ ਕਾਰ ਵਿਚ ਹੈਰੋਇਨ ਦੀ ਡਲਿਵਰੀ ਦੇਣ ਜਾ ਰਹੇ  ਸਨ। ਪੁਲਸ ਨੇ  ਮਨਵੀਰ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕਰ  ਕੇ ਸਾਰੇ ਮੁਲਜ਼ਮਾਂ ਖਿਲਾਫ  ਐੱਨ. ਡੀ. ਪੀ. ਐੱਸ.  ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ, ਜਿਸ ਤੋਂ ਬਾਅਦ ਮਨਵੀਰ ਨੇ  ਆਪਣਾ ਟਿਕਾਣਾ ਬਦਲ ਲਿਆ ਸੀ ਅਤੇ ਸਤਨਾਮ ਸਿੰਘ ਨਾਲ  ਅੰਮ੍ਰਿਤਸਰ ਵਿਚ ਕਿਰਾਏ ’ਤੇ ਕੋਠੀ  ਲੈ ਲਈ ਸੀ  ਅਤੇ ਉਥੋਂ ਹੀ ਸਮੱਗਲਿੰਗ ਧੰਦੇ ਨੂੰ ਅੰਜਾਮ ਦੇ ਰਹੇ ਸਨ। ਸ਼ੁਰੂਆਤੀ ਪੁੱਛਗਿੱਛ  ਵਿਚ ਇਹ ਵੀ ਪਤਾ ਲੱਗਾ ਹੈ ਕਿ ਮਨਵੀਰ ਨੂੰ ਇਕ ਕਿਲੋ ਹੈਰੋਇਨ  ਸਤਨਾਮ ਨੇ ਅੱਗੇ ਵੇਚਣ  ਲਈ ਦਿੱਤੀ ਅਤੇ ਬਰਾਮਦ ਕੀਤੇ ਗਏ 6 ਲੱਖ 42 ਹਜ਼ਾਰ ਡਰੱਗ ਮਨੀ ਸੀ। ਇਹ ਪੈਸੇ ਮਨਵੀਰ ਨੇ  ਜਸਕਰਨ ਨੂੰ ਹੈਰੋਇਨ ਵੇਚ ਕੇ ਕਮਾਏ ਸਨ। ਸਤਨਾਮ ਤੇ ਜਸਕਰਨ  ਖਿਲਾਫ ਕਈ  ਥਾਣਿਆਂ ਵਿਚ ਐੱਨ. ਡੀ. ਪੀ. ਐੱਸ. ਦੇ ਮਾਮਲੇ ਦਰਜ ਹਨ।
 


Related News