ਦੁਕਾਨਾਂ ਅੱਗੇ ਰੇਹੜੀਆਂ-ਫੜ੍ਹੀਆਂ ਲਾਉਣ ਲਈ ਵਸੂਲੇ ਜਾਂਦੇ ਹਨ ਪੈਸੇ, ਗਰੀਬ ਲੋਕ ਹੋ ਰਹੇ ਨੇ ਲੁੱਟ ਦਾ ਸ਼ਿਕਾਰ
Tuesday, Dec 25, 2018 - 06:51 AM (IST)

ਜਲੰਧਰ, (ਮਹੇਸ਼੍)– ਰਾਮਾਮੰਡੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਆਪਣੀ ਦੁਕਾਨਾਂ ਅੱਗੇ ਰੇਹੜੀਆਂ ਅਤੇ ਫੜ੍ਹੀਆਂ ਲਾ ਕੇ ਉਨ੍ਹਾਂ ਤੋਂ ਪੈਸੇ ਵਸੂਲਣ ਦਾ ਨਵਾਂ ਧੰਦਾ ਸ਼ੁਰੂ ਕੀਤਾ ਹੈ, ਜੋ ਕਿ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ।
ਬਾਜ਼ਾਰ ਵਿਚ ਰਹਿਣ ਵਾਲੀ ਭੀੜ ਅਤੇ ਜਾਮ ਰਹਿੰਦੇ ਟ੍ਰੈਫਿਕ ਲਈ ਇਹ ਦੁਕਾਨਦਾਰ ਹੀ ਜ਼ਿੰਮੇਵਾਰ ਹਨ ਜੋ ਕਿ ਬਿਨਾਂ ਕਿਸੇ ਡਰ ਦੇ ਆਪਣਾ ਇਹ ਧੰਦਾ ਚਲਾ ਰਹੇ ਹਨ। ਫੜ੍ਹੀਆਂ, ਰੇਹੜੀਆਂ ਵਾਲੇ ਗਰੀਬ ਲੋਕ ਮਜਬੂਰ ਹੋ ਕੇ ਦੁਕਾਨਦਾਰਾਂ ਨੂੰ 2000 ਤੋਂ ਲੈ ਕੇ 10 ਹਜ਼ਾਰ ਰੁਪਏ ਹਰ ਮਹੀਨੇ ਦਿੰਦੇ ਹਨ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਰੇਹੜੀਆਂ ਨਹੀਂ ਲਗਾ ਦਿੱਤੀਆਂ ਜਾਂਦੀਆਂ ਅਤੇ ਨਾ ਹੀ ਨਗਰ ਨਿਗਮ ਤੇ ਜ਼ਿਲਾ ਪ੍ਰਸ਼ਾਸਨ ਨੇ ਇਨ੍ਹਾਂ ਗਰੀਬ ਲੋਕਾਂ ਨੂੰ ਆਪਣੀਰੋਜ਼ੀ ਰੋਟੀ ਕਮਾਉਣ ਲਈ ਕੋਈ ਜਗ੍ਹਾ ਅਲਾਟ ਕੀਤੀ ਹੋਈ ਹੈ। ਦੁਕਾਨਾਂ ਦੇ ਬਾਹਰ ਦੁਕਾਨਦਾਰਾਂ ਨੇ ਆਪਣਾ ਸਾਮਾਨ ਵੀ ਸੜਕਾਂ ’ਤੇ ਲਿਆ ਕੇ ਰੱਖਿਆ ਹੁੰਦਾ ਹੈ ਪਰ ਕੋਈ ਕਾਰਵਾਈ ਨਾ ਹੋਣ ਕਾਰਨ ਉਹ ਕਿਸੇ ਦੀ ਪ੍ਰਵਾਹ ਕੀਤੇ ਬਗੈਰ ਆਪਣੇ ਕੰਮ ਨੂੰ ਅੰਜਾਮ ਦਿੰਦੇ ਜਾ ਰਹੇ ਹਨ। ਨਗਰ ਨਿਗਮ ਦਾ ਤਹਿਬਾਜ਼ਾਰੀ ਵਿਭਾਗ ਅਤੇ ਸਬੰਧਤ ਥਾਣੇ ਦੀ ਪੁਲਸ ਨੇ ਕਈ ਵਾਰ ਕਾਰਵਾਈ ਕੀਤੀ। ਇਸ ਕਾਰਵਾਈ ਦਾ ਕੇਵਲ ਗਰੀਬ ਲੋਕ ਹੀ ਸ਼ਿਕਾਰ ਹੀ ਹੁੰਦੇ ਹਨ। ਉਨ੍ਹਾਂ ਦੇ ਹੀ ਚਲਾਨ ਕੱਟੇ ਜਾਂਦੇ ਹਨ, ਦੁਕਾਨਦਾਰਾਂ ’ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ।
ਦੋ ਦਿਨ ਪਹਿਲਾਂ ਵੀ ਸਥਾਨਕ ਪੁਲਸ ਚੌਕੀ ਨੰਗਲਸ਼ਾਮਾ ਨੇ ਬਾਜ਼ਾਰ ਵਿਚ ਵਧੀ ਹੋਈ ਭੀੜ ਨੂੰ ਵੇਖਦੇ ਹੋਏ ਲੋਕਾਂ ਦੇ ਚਲਾਨ ਕੱਟੇ ਸੀ ਤਾਂ ਕਿ ਉਥੇ ਟ੍ਰੈਫਿਕ ਜਾਮ ਨਾ ਹੋ ਸਕੇ। ਜਿੱਥੇ ਪੁਲਸ ਮੁਲਾਜ਼ਮ ਖੜ੍ਹੇ ਹੋ ਕੇ ਚਲਾਨ ਕੱਟ ਰਹੇ ਸੀ, ਉਥੇ ਦੁਕਾਨਦਾਰਾਂ ਦਾ ਭਾਰੀ ਸਾਮਾਨ ਦੁਕਾਨਾਂ ਦੇਬਾਹਰ ਪਿਆ ਹੋਇਆ ਸੀ, ਜਿਸ ’ਤੇ ਕਾਰਵਾਈ ਕਰਨਾ ਤਾਂ ਦੂਰ ਦੀ ਗੱਲ, ਉਨ੍ਹਾਂ ਨੂੰ ਇਸ ਬਾਰੇ ਕੁੱਝ ਪੁੱਛਿਆ ਵੀ ਨਹੀਂ ਗਿਆ। ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦੀ ਸ਼ਹਿ ’ਤੇ ਹੋ ਰਿਹਾ ਹੈ ਸਭ ਕੁੱਝ। ਇਹ ਵੀ ਪਤਾ ਲੱਗਾ ਹੈ ਕਿ ਦੁਕਾਨਾਂ ਦੇ ਬਾਹਰ ਰੱਖੇ ਜਾਂਦੇ ਸਾਮਾਨ ਅਤੇ ਲਾਈਆਂ ਜਾਂਦੀਆਂ ਰੇਹੜੀਆਂ ਅਤੇ ਫੜ੍ਹੀਆਂ ਪਿੱਛੇ ਸੱਤਾਧਾਰੀ ਪਾਰਟੀ ਦੇ ਨੇਤਾਵਾਂ ਦਾ ਹੀ ਹੱਥ ਹੈ। ਕੁੱਝ ਦੁਕਾਨਦਾਰ ਅਜਿਹੇ ਵੀ ਜੋ ਖੁਦ ਨੇਤਾ ਬਣੇ ਹੋਏ ਹਨ, ਜਿਸ ਕਾਰਨ ਉਨ੍ਹਾਂ ਦੇ ਮਨ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਦਿਖਾਈ ਨਹੀਂ ਦਿੰਦਾ। ਉਹ ਪੁਲਸ ’ਤੇ ਵੀ ਆਪਣੀ ਸਰਕਾਰ ਹੋਣ ਦਾ ਰੋਅਬ ਝਾੜ ਸਕਦੇ ਹਨ, ਜਿਸ ਕਾਰਨ ਪੁਲਸ ਕੁੱਝ ਨਹੀਂ ਕਰ ਸਕਦੀ।
ਵੱਸ ਚੱਲੇ ਤਾਂ ਸੜਕ ’ਤੇ ਵੀ ਕਬਜ਼ਾ ਕਰ ਲੈਣ : ਦੁਕਾਨਦਾਰਾਂ ਦਾ ਵੱਸ ਚੱਲੇ ਤਾਂ ਉਹ ਸੜਕ ’ਤੇ ਵੀ ਕਬਜ਼ਾ ਕਰ ਲੈਣ। ਦੁਕਾਨਾਂ ਅੱਗੇ ਸਾਮਾਨ ਰੱਖਣਾ ਅਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਉਥੇ ਖੜ੍ਹੇ ਹੋਣ ਦੇਣਾ ਇਹ ਉਨ੍ਹਾਂ ਲਈ ਆਮ ਗੱਲ ਹੈ।
ਮੰਦੀ ਹੋਣ ’ਤੇ ਵੀ ਦੇਣੇ ਪੈ ਰਹੇ ਹਨ
ਪੈਸੇ : ਫੜ੍ਹੀਆਂ ਅਤੇ ਰੇਹੜੀਆਂ ਲਾਉਣ ਵਾਲੇ ਗਰੀਬ ਲੋਕਾਂ ਨੂੰ ਕੰਮ ਦੀ ਮੰਦੀ ਦੇ ਬਾਵਜੂਦ ਵੀ ਕਈ ਮਹੀਨੇ ਦੁਕਾਨਦਾਰਾਂ ਨੂੰ ਪੈਸੇ ਦੇਣੇ ਪੈਂਦੇ ਹਨ। ਕੁੱਝ ਲੋਕਾਂ ਨੇ ਦੱਸਿਆ ਕਿ ਜੇਕਰ ਉਹ ਪੈਸੇ ਨਹੀਂ ਦਿੰਦੇ ਤਾਂ ਦੁਕਾਨਦਾਰ ਉਨ੍ਹਾਂ ਨੂੰ ਆਪਣਾ ਸਾਮਾਨ ਦੁਕਾਨ ਦੇ ਅੱਗਿਓਂ ਚੁੱਕਣ ਨੂੰ ਕਹਿ ਦਿੰਦੇ ਹਨ। ਉਹ ਆਪਣਾ ਅੱਡਾ ਨਾ ਛੱਡਣ ਕਾਰਨ ਹਰ ਮਜਬੂਰੀ ਸਹਿ ਰਹੇ ਹਨ।
ਵੱਖਰੇ ਤੌਰ ’ਤੇ ਅਲਾਟ ਹੋਣੀ ਚਾਹੀਦੀ ਹੈ ਜਗ੍ਹਾ : ਦੁਕਾਨਦਾਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਗਰੀਬ ਲੋਕਾਂ ਨੂੰ ਵੱਖਰੇ ਤੌਰ ’ਤੇ ਜਗ੍ਹਾ ਅਲਾਟ ਹੋਣੀ ਚਾਹੀਦੀ ਹੈ। ਸਰਕਾਰ ਜੇਕਰ ਅਜਿਹਾ ਕਰ ਦੇਵੇ ਤਾਂ ਉਹ ਆਪਣੀ ਰੋਜ਼ੀ-ਰੋਟੀ ਕਮਾ ਕੇ ਆਸਾਨੀ ਨਾਲ ਖਾ ਸਕਦੇ ਹੈ ਅਤੇ ਪਰਿਵਾਰ ਦਾ ਵੀ ਪਾਲਣ-ਪੋਸ਼ਣ ਕਰ ਸਕਦੇ ਹਨ। ਇਸ ਤਰ੍ਹਾਂ ਉਹ ਦੁਕਾਨਦਾਰਾਂ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਣ ਤੋਂ ਵੀ ਬਚ ਜਾਣਗੇ।
ਪੈਸੇ ਲੈਣ ਵਾਲੇ ਦੁਕਾਨਦਾਰਾਂ ’ਤੇ ਹੋਵੇ ਕਾਰਵਾਈ : ਗਰੀਬ ਲੋਕਾਂ ਤੋਂ ਪੈਸੇ ਲੈਣ ਵਾਲੇ ਦੁਕਾਨਦਾਰਾਂ ’ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮੰਗ ਰਾਮਾਮੰਡੀ ਖੇਤਰ ਦੀ ਸਮਾਜ ਸੇਵਾ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਹੀ ਦੁਕਾਨਦਾਰਾਂ ਨੂੰ ਸਬਕ ਸਿਖਾਇਆ ਜਾ ਸਕਦਾ ਹੈ।
ਏ. ਡੀ. ਸੀ. ਪੀ. ਭੰਡਾਲ ਨੇ ਦਿਵਾਈ ਸੀ ਰਾਹਤ : ਕੁੱਝ ਸਾਲ ਪਹਿਲਾਂ ਜਦ ਏ. ਡੀ. ਸੀ. ਪੀ. ਸਿਟੀ-1 ਪਰਮਿੰਦਰ ਸਿੰਘ ਭੰਡਾਲ ਟ੍ਰੈਫਿਕ ਪੁਲਸ ਵਿਚ ਏ. ਸੀ. ਪੀ. ਅਤੇ ਏ. ਡੀ. ਸੀ. ਪੀ. ਸੀ ਤਾਂ ਉਨ੍ਹਾਂ ਨੇ ਆਪਣੀ ਮੌਜੂਦਗੀ ਵਿਚ ਰਾਮਾਮੰਡੀ ਬਾਜ਼ਾਰ ਵਿਚ ਦੁਕਾਨਦਾਰਾਂ ਵਲੋਂ ਸੜਕਾਂ ’ਤੇ ਕੀਤੇ ਹੋਏ ਕਬਜ਼ਿਆਂ ਅਤੇ ਬਾਹਰ ਲਾਈ ਜਾਂਦੀਆਂ ਰੇਹੜੀਆਂ-ਫੜ੍ਹੀਆਂ ਨੂੰ ਹਟਵਾਇਆ ਸੀ, ਜਿਸ ਤੋਂ ਬਾਅਦ ਸੜਕ ਪੂਰੀ ਤਰ੍ਹਾਂ ਖਾਲੀ ਹੋ ਗਈ ਸੀ ਅਤੇ ਆਮ ਲੋਕਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ ਸੀ ਪਰ ਜਦੋਂ ਭੰਡਾਲ ਜਲੰਧਰ ਤੋਂ ਟਰਾਂਸਫਰ ਹੋ ਕੇ ਚਲੇ ਗਏ ਤਾਂ ਫਿਰ ਪੁਰਾਣਾ ਸਿਲਸਿਲਾ ਸ਼ੁਰੂ ਹੋ ਗਿਆ। ਹੁਣ ਭੰਡਾਲ ਏ. ਡੀ. ਸੀ. ਪੀ. ਸਿਟੀ-1 ਹੈ। ਰਾਮਾਮੰਡੀ ਬਾਜ਼ਾਰ ਫਿਰ ਉਨ੍ਹਾਂ ਦੇ ਅਧੀਨ ਪੈਂਦਾ ਹੈ। ਇਸ ਲਈ ਲੋਕਾਂ ਨੇ ਉਨ੍ਹਾਂ ’ਤੇ ਆਸ ਲਾਈ ਹੈ ਕਿ ਉਹ ਹੀ ਆਮ ਜਨਤਾ ਨੂੰ ਰਾਹਤ ਦਿਵਾ ਸਕਦੇ ਹਨ। ਭੰਡਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਵੀ ਉਥੋਂ ਨਿਕਲਦੇ ਸਮੇਂ ਮਹਿਸੂਸ ਕੀਤਾ ਕਿ ਰਾਮਾਮੰਡੀ ਬਾਜ਼ਾਰ ’ਚ ਸੜਕਾਂ ਤੱਕ ਨਾਜਾਇਜ਼ ਕਬਜ਼ੇ ਵੱਡੇ ਪੱਧਰ ’ਤੇ ਹੋਏ ਹਨ, ਜਿਨ੍ਹਾਂ ਨੂੰਹਟਾਉਣ ਲਈ ਉਹ ਜਲਦ ਹੀ ਐਕਸ਼ਨ ਲੈਣਗੇ ਅਤੇ ਖੁਦ ਉਥੇ ਆ ਕੇ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਆਮ ਜਨਤਾ ਨੂੰ ਪ੍ਰੇਸ਼ਾਨ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।