ਸੈਂਟਰਲ ਜੇਲ ’ਚੋਂ ਮੋਬਾਇਲ ਫੋਨ ਅਤੇ ਪਾਬੰਦੀਸ਼ੁਦਾ ਦਵਾਈਆਂ ਬਰਾਮਦ
Saturday, Feb 01, 2020 - 12:43 AM (IST)
ਹੁਸ਼ਿਆਰਪੁਰ, (ਅਮਰਿੰਦਰ)- ਸੈਂਟਰਲ ਜੇਲ ਵਿਚ ਅਚਾਨਕ ਜਾਂਚ ਦੌਰਾਨ ਪੇਸ਼ੀ ਤੋਂ ਪਰਤਣ ’ਤੇ ਕੈਦੀਆਂ ਤੇ ਹਵਾਲਾਤੀਆਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਮੋਬਾਇਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਥਾਣਾ ਸਿਟੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਸਹਾਇਕ ਜੇਲ ਸੁਪਰਡੈਂਟ ਅਵਤਾਰ ਕ੍ਰਿਸ਼ਨ ਸੈਣੀ ਨੇ ਦੱਸਿਆ ਕਿ ਜੇਲ ਅੰਦਰ ਅਚਾਨਕ ਜਾਂਚ ਦੌਰਾਨ ਬੈਰਕ ਨੰ. 23 ਵਿਚ ਹਵਾਲਾਤੀ ਹਰਦੀਪ ਸਿੰਘ ਉਰਫ ਦੀਪੂ ਪੁੱਤਰ ਮਨਜੀਤ ਸਿੰਘ ਨਿਵਾਸੀ ਹੁਸ਼ਿਆਰਪੁਰ ਕੋਲੋਂ 1 ਮੋਬਾਇਲ ਫੋਨ ਬਰਾਮਦ ਹੋਇਆ ਹੈ। ਇਸੇ ਤਰ੍ਹਾਂ ਸਹਾਇਕ ਜੇਲ ਸੁਪਰਡੈਂਟ ਰੇਸ਼ਮ ਸਿੰਘ ਨੇ ਥਾਣਾ ਸਿਟੀ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਹਵਾਲਾਤੀ ਸਾਹਿਲ ਲੋਈ ਨਿਵਾਸੀ ਪੰਡੋਰੀ ਗੰਗਾ ਸਿੰਘ ਕੋਲੋਂ ਜਾਂਚ ਦੌਰਾਨ 60 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਹੋਈਆਂ ਹਨ। ਥਾਣਾ ਸਿਟੀ ਪੁਲਸ ਨੇ ਜੇਲ ਪ੍ਰਬੰਧਨ ਦੀ ਸ਼ਿਕਾਇਤ ’ਤੇ ਦੋਵਾਂ ਮਾਮਲਿਆਂ ਵਿਚ ਦੋਸ਼ੀ ਹਵਾਲਾਤੀਆਂ ਖਿਲਾਫ਼ ਪ੍ਰਿਜ਼ਨਰਜ਼ ਐਕਟ ਅਧੀਨ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।