ਪਨਾਮਾ 'ਚ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਲਾਪਤਾ ਹੋਏ ਨੌਜਵਾਨਾਂ ਨੂੰ ਲੱਭਣ 'ਚ ਮਦਦ ਕਰੇਗੀ ਅਮਰੀਕੀ ਅੰਬੈਸੀ

06/20/2018 11:46:40 AM

ਕਪੂਰਥਲਾ (ਭੂਸ਼ਣ)— ਬੀਤੇ ਸਾਲ ਜ਼ਿਲਾ ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਸਬੰਧਤ ਕੁਝ ਨੌਜਵਾਨਾਂ ਦੇ ਅਮਰੀਕਾ ਜਾਣ ਦੀ ਕੋਸ਼ਿਸ਼ 'ਚ ਪਨਾਮਾ ਨਹਿਰ 'ਚ ਡੁੱਬਣ ਦੀ ਸੂਚਨਾ ਨੇ ਜਿੱਥੇ ਕਈ ਪਰਿਵਾਰਾਂ 'ਚ ਸੋਗ ਫੈਲਾਅ ਦਿੱਤਾ ਸੀ, ਉਥੇ ਹੀ ਅਜੇ ਤੱਕ ਇਨ੍ਹਾਂ ਲਾਪਤਾ ਹੋਏ ਨੌਜਵਾਨਾਂ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਉਨ੍ਹਾਂ ਦੇ ਪਰਿਵਾਰਾਂ 'ਚ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਭਾਰੀ ਖੌਫ ਪਾਇਆ ਜਾ ਰਿਹਾ ਹੈ। ਇਨ੍ਹਾਂ ਦੁਖੀ ਪਰਿਵਾਰਾਂ ਨੂੰ ਰਾਹਤ ਦੇਣ ਲਈ ਕਪੂਰਥਲਾ ਪੁੱਜੇ ਅਮਰੀਕੀ ਅੰਬੈਸੀ ਦੇ ਐਡੀਸ਼ਨਲ ਰਿਸੋਰਸ ਅਫਸਰ ਵਿਲੀਅਮ ਨੇ ਜਿੱਥੇ ਇਨ੍ਹਾਂ ਪਰਿਵਾਰਾਂ ਦੇ ਲਾਪਤਾ ਹੋਏ ਮੈਂਬਰਾਂ ਸਬੰਧੀ ਜ਼ਿਲਾ ਪੁਲਸ ਤੋਂ ਜਾਣਕਾਰੀ ਹਾਸਲ ਕੀਤੀ, ਉਥੇ ਹੀ ਜ਼ਿਲਾ ਪੁਲਸ ਵੱਲੋਂ ਉਪਲੱਬਧ ਕਰਵਾਈਆਂ ਗਈਆਂ ਲਾਪਤਾ ਨੌਜਵਾਨਾਂ ਦੀਆਂ ਤਸਵੀਰਾਂ ਅਤੇ ਹੋਰ ਦਸਤਾਵੇਜ਼ਾਂ ਦੀ ਮਦਦ ਨਾਲ ਉਨ੍ਹਾਂ ਨੂੰ ਹੁਣ ਗਵਾਟੇਮਾਲਾ ਅਤੇ ਪਨਾਮਾ ਆਦਿ ਦੇਸ਼ਾਂ 'ਚ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਅਮਰੀਕੀ ਅਫਸਰ ਵਿਲੀਅਮ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕਪੂਰਥਲਾ ਦੇ ਭੁਲੱਥ ਖੇਤਰ ਅਤੇ ਹੁਸ਼ਿਆਰਪੁਰ ਦੇ ਟਾਂਡਾ ਖੇਤਰ ਨਾਲ ਸਬੰਧਤ ਕੁਝ ਨੌਜਵਾਨ 25 ਤੋਂ 30 ਲੱਖ ਰੁਪਏ ਦੀ ਰਕਮ ਦੇ ਕੇ ਕੁਝ ਫਰਜ਼ੀ ਟਰੈਵਲ ਏਜੰਟਾਂ ਦੀ ਮਦਦ ਨਾਲ ਅਮਰੀਕਾ ਜਾਣ ਦੇ ਮਕਸਦ ਨਾਲ ਦੱਖਣੀ ਅਮਰੀਕੀ ਦੇਸ਼ ਗਵਾਟੇਮਾਲਾ ਪੁੱਜੇ ਸਨ। ਇਥੋਂ ਉਨ੍ਹਾਂ ਨੂੰ ਜੰਗਲੀ ਰਸਤਿਆਂ ਦੇ ਜ਼ਰੀਏ ਕਈ ਮਹੀਨਿਆਂ ਬਾਅਦ ਪਨਾਮਾ 'ਚ ਪਹੁੰਚਾਇਆ ਗਿਆ ਸੀ, ਜਿੱਥੋਂ ਇਨ੍ਹਾਂ ਨੂੰ ਮੈਕਸੀਕੋ ਭੇਜਣ ਦੀ ਕੋਸ਼ਿਸ਼ 'ਚ ਪਨਾਮਾ ਨਹਿਰ 'ਚ ਉਤਾਰਿਆ ਗਿਆ। ਇਨ੍ਹਾਂ ਨੌਜਵਾਨਾਂ ਦੀ ਨਹਿਰ ਦੇ ਤੇਜ਼ ਵਹਾਅ 'ਚ ਡੁੱਬਣ ਦੀਆਂ ਸੂਚਨਾਵਾਂ ਨੇ ਇਨ੍ਹਾਂ ਦੇ ਪਰਿਵਾਰਾਂ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਸੀ। ਇਸ ਪੂਰੇ ਮਾਮਲੇ ਦੀ ਗੂੰਜ ਵਿਦੇਸ਼ ਮਤਰਾਲੇ ਤੱਕ ਸੁਣੀ ਗਈ ਸੀ। ਇਸ ਤੋਂ ਬਾਅਦ ਕਪੂਰਥਲਾ ਅਤੇ ਹੁਸ਼ਿਆਰਪੁਰ ਪੁਲਸ ਨੇ ਮਾਮਲਾ ਦਰਜ ਕਰਕੇ ਕੁਝ ਕਬੂਤਰਬਾਜ਼ਾਂ ਖਿਲਾਫ ਸਖਤ ਕਾਰਵਾਈ ਵੀ ਕੀਤੀ ਸੀ ਪਰ ਇਨ੍ਹਾਂ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ।
ਹੁਣ ਇਨ੍ਹਾਂ ਨੌਜਵਾਨਾਂ ਨੂੰ ਲੱਭਣ ਲਈ ਉਨ੍ਹਾਂ ਦੇ ਕਪੂਰਥਲਾ ਪੁੱਜੇ ਰਿਸ਼ਤੇਦਾਰਾਂ ਨੂੰ ਅਮਰੀਕੀ ਅੰਬੈਸੀ ਦੇ ਅਫਸਰ ਵਿਲੀਅਮ ਨੇ ਜਿੱਥੇ ਇਨ੍ਹਾਂ ਨੌਜਵਾਨਾਂ ਨੂੰ ਛੇਤੀ ਤੋਂ ਛੇਤੀ ਲੱਭਣ ਦਾ ਭਰੋਸਾ ਦਿੱਤਾ ਹੈ, ਉਥੇ ਹੀ ਇਨ੍ਹਾਂ ਲਾਪਤਾ ਹੋਏ ਨੌਜਵਾਨਾਂ ਦੇ ਸਬੰਧ 'ਚ ਕਈ ਦਸਤਾਵੇਜ਼ ਹਾਸਲ ਕੀਤੇ ਹਨ, ਜਿਸ ਨੂੰ ਲੈ ਕੇ ਹੁਣ ਇਨ੍ਹਾਂ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੂੰ ਆਸ ਦੀ ਕਿਰਨ ਨਜ਼ਰ ਆਉਣ ਲੱਗੀ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਲੱਭਣ ਲਈ ਇਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅਮਰੀਕੀ ਅੰਬੈਸੀ ਦੇ ਅਫਸਰ ਵਿਲੀਅਮ ਨਾਲ ਮਿਲਾਇਆ ਗਿਆ ਹੈ, ਜਿਸ ਨੂੰ ਲੈ ਕੇ ਅਮਰੀਕੀ ਅੰਬੈਸੀ ਨੇ ਇਨ੍ਹਾਂ ਲਾਪਤਾ ਨੌਜਵਾਨਾਂ ਨੂੰ ਲੱਭਣ ਦਾ ਭਰੋਸਾ ਦਿੱਤਾ ਹੈ।


Related News