ਪਿੰਗਲਾਘਰ ਤੋਂ ਗਾਇਬ ਹੋਇਆ ਇਕ ਬੱਚਾ ਕਰਤਾਰਪੁਰ ਤੋਂ ਮਿਲਿਆ, ਦੂਜੇ ਦੀ ਭਾਲ ਜਾਰੀ

Tuesday, Jul 16, 2019 - 03:24 PM (IST)

ਪਿੰਗਲਾਘਰ ਤੋਂ ਗਾਇਬ ਹੋਇਆ ਇਕ ਬੱਚਾ ਕਰਤਾਰਪੁਰ ਤੋਂ ਮਿਲਿਆ, ਦੂਜੇ ਦੀ ਭਾਲ ਜਾਰੀ

ਜਲੰਧਰ (ਕਮਲੇਸ਼)— ਪਿੰਗਲਾਘਰ ਤੋਂ ਗਾਇਬ ਹੋਇਆ ਇਕ ਬੱਚਾ ਕਰਤਾਰਪੁਰ ਤੋਂ ਮਿਲ ਗਿਆ ਹੈ। ਥਾਣਾ-2 ਦੇ ਐੱਸ. ਐੱਚ. ਓ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਤਵਾਰ ਨੂੰ ਗੁਲਾਬ ਦੇਵੀ ਰੋਡ ਸਥਿਤ ਪਿੰਗਲਾਘਰ ਤੋਂ 2 ਬੱਚੇ ਦੀਪਕ (12) ਅਤੇ ਕਰਮਜੀਤ (11) ਗਾਇਬ ਹੋ ਗਏ ਸਨ। ਕਰਮਜੀਤ ਕਰਤਾਰਪੁਰ ਦੇ ਕੋਲ ਪਿੰਡ ਤੋਂ ਮਿਲ ਗਿਆ ਹੈ, ਉਥੇ ਹੁਣ ਤੱਕ ਦੀਪਕ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਕਰਮਜੀਤ ਨੇ ਪੁਲਸ ਨੂੰ ਦੱਸਿਆ ਕਿ ਉਹ ਕਰਤਾਰਪੁਰ ਦਾ ਰਹਿਣ ਵਾਲਾ ਹੈ ਅਤੇ ਆਪਣੇ ਪਰਿਵਾਰ ਦੇ ਨਾਲ ਮੁੰਬਈ ਘੁੰਮਣ ਗਿਆ ਸੀ ਅਤੇ ਉਥੋਂ ਪਰਿਵਾਰ ਨਾਲੋਂ ਵਿੱਛੜ ਗਿਆ, ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਉਸ ਨੂੰ ਜਲੰਧਰ ਪੁਲਸ ਨੂੰ ਸੌਂਪ ਦਿੱਤਾ ਅਤੇ ਜਲੰਧਰ ਪੁਲਸ ਨੇ ਕਰਮਜੀਤ ਨੂੰ ਪਿੰਗਲਾਘਰ 'ਚ ਭੇਜ ਦਿੱਤਾ।

PunjabKesari
ਕਰਮਜੀਤ ਨੇ ਦੱਸਿਆ ਕਿ ਉਸ ਨੂੰ ਪਰਿਵਾਰ ਦੀ ਬਹੁਤ ਯਾਦ ਸਤਾ ਰਹੀ ਸੀ, ਜਿਸ ਤੋਂ ਬਾਅਦ ਉਸ ਨੇ ਦੀਪਕ ਦੇ ਨਾਲ ਪਿੰਗਲਾਘਰ ਦੀ ਛੱਤ ਟੱਪ ਕੇ ਭੱਜਣ ਦਾ ਪਲਾਨ ਬਣਾਇਆ। ਛੱਤ ਦੇ 3 ਫੁੱਟ ਹੇਠਾਂ ਰੇਨ ਸ਼ੈਡੋ ਲੱਗਾ ਸੀ ਅਤੇ ਉਸ ਦਾ ਸਹਾਰਾ ਲੈ ਕੇ ਕੰਧ 'ਤੇ ਚੜ੍ਹ ਕੇ ਆਸਾਨੀ ਨਾਲ ਉਤਰ ਗਏ। ਦੀਪਕ ਅਤੇ ਉਹ ਕਰਤਾਰਪੁਰ ਤੱਕ ਨਾਲ ਹੀ ਗਏ। ਕਰਤਾਰਪੁਰ ਪਹੁੰਚਦਿਆਂ ਹੀ ਦੀਪਕ ਕਿਤੇ ਚਲਾ ਗਿਆ ਤੇ ਜਦੋਂ ਉਹ ਆਪਣੇ ਘਰ ਪਹੁੰਚਿਆ ਤਾਂ ਉਥੇ ਤਾਲਾ ਲੱਗਾ ਮਿਲਿਆ। ਗੁਆਂਢੀਆਂ ਤੋਂ ਪਤਾ ਲੱਗਾ ਕਿ ਉਸ ਦੀ ਮਾਂ ਘਰ ਵੇਚ ਚੁੱਕੀ ਹੈ। ਗੁਆਂਢੀਆਂ ਨੇ ਫੋਨ ਕਰਕੇ ਕਰਮਜੀਤ ਦੇ ਭਰਾ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਕਰਮਜੀਤ ਦਾ ਭਰਾ ਤੇ ਪਿੰਗਲਾਘਰ ਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ ਤੇ ਕਰਮਜੀਤ ਨੂੰ ਦੋਬਾਰਾ ਪਿੰਗਲਾਘਰ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਦੀਪਕ ਕੁਝ ਮਹੀਨੇ ਪਹਿਲਾਂ ਜਲੰਧਰ ਜੀ. ਆਰ. ਪੀ. ਪੁਲਸ ਨੂੰ ਮਿਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਪਿੰਗਲਾਘਰ ਵਿਚ ਭੇਜਿਆ ਗਿਆ ਸੀ। ਐੱਸ. ਐੱਚ. ਓ. ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਦੀਪਕ ਦੀ ਭਾਲ ਜਾਰੀ ਹੈ।


author

shivani attri

Content Editor

Related News