ਲੋਹੜੀ ਮੰਗ ਕੇ ਘਰ ਜਾ ਰਹੀ ਨਾਬਾਲਗਾ ਨਾਲ ਛੇੜਛਾੜ, ਮੁਲਜ਼ਮ ਨੌਜਵਾਨ ਕਾਬੂ
Wednesday, Jan 15, 2020 - 06:43 PM (IST)

ਜਲੰਧਰ (ਮਹੇਸ਼)— ਥਾਣਾ ਕੈਂਟ ਅਧੀਨ ਆਉਂਦੇ ਇਕ ਪਿੰਡ 'ਚ ਲੋਹੜੀ ਮੰਗ ਕੇ ਆਪਣੇ ਘਰ ਜਾ ਰਹੀ ਨਾਬਾਲਗ ਲੜਕੀ ਨਾਲ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਵੱਲੋਂ ਪਰਾਗਪੁਰ ਚੌਕੀ ਦੀ ਪੁਲਸ ਨੂੰ ਇਸ ਸਬੰਧ 'ਚ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਚੌਕੀ ਮੁਖੀ ਨਰਿੰਦਰ ਮੋਹਨ ਨੇ ਮੁਲਜ਼ਮ ਨੌਜਵਾਨ ਨੂੰ ਕਾਬੂ ਕਰ ਲਿਆ। ਉਸ ਖਿਲਾਫ ਥਾਣਾ ਜਲੰਧਰ ਕੈਂਟ 'ਚ ਧਾਰਾ 354 ਦੇ ਤਹਿਤ ਕੇਸ ਦਰਜ ਕਰ ਲਿਆ ਹੈ। ਨਰਿੰਦਰ ਮੋਹਨ ਨੇ ਦੱਸਿਆ ਕਿ ਦੇਰ ਰਾਤ ਨੂੰ ਇਕ ਨਾਬਾਲਗ ਲੜਕੀ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਉਸ ਨੇ ਸਹੇਲੀਆਂ ਦੇ ਨਾਲ ਪਿੰਡ 'ਚ ਲੋਹੜੀ ਮੰਗੀ ਸੀ। ਲੋਹੜੀ ਮੰਗਣ ਤੋਂ ਬਾਅਦ ਜਦੋਂ ਇਕ ਘਰ 'ਚ ਸਾਰਿਆਂ ਨੂੰ ਪੈਸੇ ਵੰਡੇ ਗਏ ਤਾਂ ਉਸ ਨੂੰ ਆਪਣੇ ਘਰ ਜਾਣ 'ਚ ਦੇਰੀ ਹੋ ਰਹੀ ਸੀ। ਜਿਸ ਲੜਕੀ ਦੇ ਘਰ 'ਚ ਪੈਸੇ ਵੰਡੇ ਗਏ ਸਨ, ਉਸ ਨੇ ਆਪਣੇ ਨਾਬਾਲਗ ਭਰਾ ਨੂੰ ਉਸ ਨੂੰ ਉਸ ਦੇ ਘਰ ਛੱਡ ਆਉਣ ਲਈ ਕਿਹਾ। ਰਸਤੇ 'ਚ ਨੌਜਵਾਨ ਨੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦਾ ਉਸ ਨੇ ਵਿਰੋਧ ਵੀ ਕੀਤਾ। ਸ਼ਿਕਾਇਤ ਕਰਦੀ ਨਾਬਾਲਗਾ ਨੇ ਕਿਹਾ ਕਿ ਉਸ ਨੇ ਰੌਲਾ ਪਾ ਕੇ ਆਪਣੀ ਜਾਨ ਬਚਾਈ ਅਤੇ ਘਰ ਪਹੁੰਚੀ। ਚੌਕੀ ਮੁਖੀ ਨੇ ਦੱਸਿਆ ਕਿ ਮੁਲਜ਼ਮ ਦੇ ਨਾਬਾਲਗ ਹੋਣ ਕਾਰਣ ਉਸ ਨੂੰ ਬਾਲ ਸੁਧਾਰ ਕੇਂਦਰ ਲੁਧਿਆਣਾ ਭੇਜ ਦਿੱਤਾ ਗਿਆ ਹੈ।