ਘਰ ''ਚੋਂ ਲੱਖਾਂ ਦਾ ਸਾਮਾਨ ਚੋਰੀ, 1 ਕਾਬੂ

02/15/2020 8:34:34 PM

ਔੜ, (ਛਿੰਜੀ ਲੜੋਆ)- ਬਲਾਕ ਔੜ ਦੇ ਪਿੰਡ ਮਹਿਮੂਦਪੁਰ ਵਿਖੇ ਰਾਤ ਦੇ ਸਮੇਂ ਇਕ ਬੰਦ ਪਏ ਘਰ 'ਚੋਂ ਚੋਰਾਂ ਨੇ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਦਿੰਦਿਆਂ ਸੀ. ਡੀ. ਪੀ. ਓ. ਸਵਿਤਾ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪਿੰਡ ਮਹਿਮੂਦਪੁਰ ਦੇ ਨਰੇਸ਼ ਕੁਮਾਰ ਪੁੱਤਰ ਸੋਹਣ ਲਾਲ ਨਾਲ ਵਿਆਹੀ ਹੋਈ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਇਟਲੀ 'ਚ ਰਹਿ ਰਹੇ ਹਨ ਅਤੇ ਉਨ੍ਹਾਂ ਦਾ ਬਾਕੀ ਪਰਿਵਾਰ ਵੀ ਕੁਝ ਮਹੀਨੇ ਪਹਿਲਾਂ ਇਟਲੀ ਜਾਣ ਕਾਰਨ ਘਰ ਨੂੰ ਤਾਲੇ ਲੱਗੇ ਹੋਏ ਸਨ ਕਿ ਉਨ੍ਹਾਂ ਨੂੰ ਗੁਆਂਢੀ ਦਾ ਫੋਨ ਆਇਆਂ ਕਿ ਉਨ੍ਹਾਂ ਦੀ ਬੇਟੀ ਦੇ ਘਰ ਵਿਚ ਚੋਰੀ ਹੋ ਚੁੱਕੀ ਹੈ ਜਦੋਂ ਉਨ੍ਹਾਂ ਨੇ ਆ ਕੇ ਦੇਖਿਆ ਤਾਂ ਕਮਰਿਆਂ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਬੈਡਾਂ ਅਤੇ ਅਲਮਾਰੀਆਂ 'ਚੋਂ ਸਾਮਾਨ ਕੱਢ ਕੇ ਖਿਲਾਰਿਆ ਹੋਇਆ ਸੀ ਅਤੇ ਅਲਮਾਰੀਆਂ 'ਚ ਰੱਖਿਆ ਇਕ ਸੋਨੇ ਦਾ ਲਾਕੇਟ, ਸੋਨੇ ਦੀ ਮੁੰਦਰੀ ਅਤੇ ਚੇਨ, ਪਿੱਤਲ ਦੇ ਭਾਂਡੇ, 2 ਕੈਮਰੇ, 4 ਮੋਬਾਇਲ ਅਤੇ ਇਲੈਕਟਰਾਨਿਕ ਦਾ ਭਾਰੀ ਕੀਮਤੀ ਸਾਮਾਨ ਚੋਰੀ ਹੋ ਚੁੱਕਾ ਸੀ। ਇਥੋਂ ਤੱਕ ਕਿ ਚੋਰਾਂ ਨੇ ਮੋਟਰਸਾਈਕਲਾਂ ਦੀਆਂ ਸੀਟਾਂ ਤੱਕ ਪੁੱਟੀਆਂ ਹੋਈਆਂ ਸਨ। ਇਸ ਚੋਰੀ ਦੀ ਸੂਚਨਾ ਔੜ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਪਾਰਟੀ ਨੇ ਮੌਕਾ ਦੇਖ ਕੇ ਇਕ ਸ਼ੱਕੀ ਚੋਰ ਨੂੰ ਗ੍ਰਿਫਤਾਰ ਵੀ ਕੀਤਾ ਹੈ ਜਦਕਿ ਬਾਕੀਆਂ ਦੀ ਭਾਲ ਕਰ ਰਹੀ ਹੈ। ਸ਼ੱਕੀ ਚੋਰ ਇਸੇ ਪਿੰਡ ਦੇ ਹੀ ਦੱਸੇ ਜਾ ਰਹੇ ਹਨ।ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਸ ਵਲੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ।


Bharat Thapa

Content Editor

Related News