ਨਾਕਾਬੰਦੀ ਦੌਰਾਨ ਕਾਰ ’ਚੋਂ ਲੱਖਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਬਰਾਮਦ

08/28/2019 12:10:23 AM

ਭੋਗਪੁਰ (ਸੂਰੀ)-ਭੋਗਪੁਰ ਪੁਲਸ ਵਲੋਂ ਥਾਣਾ ਭੋਗਪੁਰ ਦੇ ਹਾਈਟੈਕ ਪੁਲਸ ਨਾਕਾ ਕੁਰੇਸ਼ੀਆਂ ’ਚ ਦੇਰ ਸ਼ਾਮ ਨਾਕਾਬੰਦੀ ਦੌਰਾਨ ਇਕ ਕਾਰ ’ਚੋਂ ਲੱਖਾਂ ਰੁਪਏ ਦੇ ਸੋਨੇ ਅਤੇ ਹੀਰਿਆਂ ਦੇ ਗਹਿਣੇ ਬਰਾਮਦ ਕੀਤੇ ਜਾਣ ਦੀ ਖਬਰ ਹੈ। ਥਾਣਾ ਭੋਗਪੁਰ ਦੇ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਭੋਗਪੁਰ ਪੁਲਸ ਵਲੋਂ ਪਿੰਡ ਕੁਰੇਸ਼ੀਆਂ ਦੇ ਨੇਡ਼ੇ ਇਕ ਹਾਈਟੈਕ ਪੁਲਸ ਨਾਕੇ ਦੀ ਸਥਾਪਨਾ ਕੀਤੀ ਗਈ ਹੈ। ਇਹ ਪੁਲਸ ਨਾਕਾ ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ’ਤੇ ਜਲੰਧਰ ਅਤੇ ਹੁਸ਼ਿਆਪੁਰ ਜ਼ਿਲੇ ਦੀ ਹੱਦ ਨੇਡ਼ੇ ਸਥਾਪਤ ਕੀਤਾ ਗਿਆ ਹੈ। ਇਸ ਨਾਕੇ ਨੂੰ ਪੂਰੀ ਤਰ੍ਹਾਂ ਡਿਜੀਟਲ ਕਰ ਕੇ ਆਨਲਾਈਨ ਕੀਤਾ ਗਿਆ ਹੈ। ਮੰਗਲਵਾਰ ਬਾਅਦ ਦੁਪਹਿਰ ਸਹਾਇਕ ਥਾਣਾ ਮੁਖੀ ਗੁਰਵਿੰਦਰਜੀਤ ਸਿੰਘ ਨਾਗਰਾ ਦੀ ਅਗਵਾਈ ’ਚ ਨਾਕਾਬੰਦੀ ਕਰ ਕੇ ਇਸ ਨਾਕੇ ਤੋਂ ਲੰਘਣ ਵਾਲੀਆਂ ਗੱਡੀਆਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਇਕ ਕਾਰ ਨੂੰ ਨਾਕੇ ’ਤੇ ਰੋਕਿਆ ਗਿਆ। ਇਸ ਕਾਰ ਨੂੰ ਬਲਵੀਰ ਚੌਹਾਨ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਉਸ ਦਾ ਭਰਾ ਚੰਦਨ ਚੌਹਾਨ ਬੈਠਾ ਸੀ। ਪੁਲਸ ਪਾਰਟੀ ਵਲੋਂ ਜਦੋਂ ਇਸ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ’ਚੋਂ ਇਕ ਬੈਗ ਬਰਾਮਦ ਕੀਤਾ ਗਿਆ। ਇਸ ਬੈਗ ਨੂੰ ਚੈੱਕ ਕਰਨ ’ਤੇ ਉਸ ’ਚੋਂ ਲੱਖਾਂ ਰੁਪਏ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਬਰਾਮਦ ਕੀਤੇ ਗਏ। ਪੁਲਸ ਪਾਰਟੀ ਵਲੋਂ ਜਦੋਂ ਇਨ੍ਹਾਂ ਗਹਿਣਿਆਂ ਸਬੰਧੀ ਬਲਵੀਰ ਚੌਹਾਨ ਅਤੇ ਉਸ ਦੇ ਭਰਾ ਚੰਦਨ ਚੌਹਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਕੋਈ ਵੀ ਤਸੱਲੀਬਖਸ਼ ਜਵਾਬ ਨਾ ਦੇ ਸਕੇ ਅਤੇ ਨਾ ਹੀ ਇਨ੍ਹਾਂ ਗਹਿਣਿਆਂ ਸਬੰਧੀ ਕੋਈ ਕਾਗਜ਼ ਪੇਸ਼ ਕਰ ਸਕੇ। ਪੁਲਸ ਵਲੋਂ ਗਹਿਣਿਆਂ ਅਤੇ ਕਾਰ ਨੂੰ ਆ ਪਣੇ ਕਬਜ਼ੇ ’ਚ ਲੈ ਲਿਆ ਗਿਆ ਅਤੇ ਕਾਰ ਸਵਾਰਾਂ ਨੂੰ ਵੀ ਪੁੱਛਗਿੱਛ ਲਈ ਥਾਣੇ ਲਿਜਾਇਆ ਗਿਆ। ਦੋਵੇਂ ਕਾਰ ਸਵਾਰਾਂ ਵਲੋਂ ਪੁਲਸ ਵਲੋਂ ਬਰਾਮਦ ਕੀਤੇ ਗਏ ਗਹਿਣਿਆਂ ਬਾਰੇ ਕੋਈ ਸਬੂਤ ਪੇਸ਼ ਨਾ ਕਰ ਸਕਣ ਕਾਰਣ ਭੋਗਪੁਰ ਪੁਲਸ ਵਲੋਂ ਇਸ ਦੀ ਸੂਚਨਾ ਜੀ. ਐੱਸ. ਟੀ. ਭਵਨ ਜਲੰਧਰ ਨੂੰ ਦਿੱਤੀ ਗਈ। ਜੀ. ਐੱਸ. ਟੀ. ਵਿਭਾਗ ਵਲੋਂ ਮੋਬਾਇਲ ਵਿੰਗ ਇੰਚਾਰਜ ਈ. ਟੀ. ਓ. ਪਵਨ ਥਾਣਾ ਭੋਗਪੁਰ ਪੁੱਜੇ, ਜਿਨ੍ਹਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਪੁਲਸ ਵਲੋਂ ਬਰਾਮਦ ਕੀਤੇ ਗਏ ਸੋਨੇ ਅਤੇ ਹੀਰਿਆਂ ਦੇ ਗਹਿਣਿਆ ਨੂੰ ਆ ਪਣੇ ਕਬਜ਼ੇ ’ਚ ਲੈ ਲਿਆ ਹੈ। ਭੋਗਪੁਰ ਪੁਲਸ ਵਲੋਂ ਬਰਾਮਦ ਕੀਤੇ ਗਏ ਗਹਿਣਿਆਂ ਦੀ ਸਹੀ ਕੀਮਤ ਵਿਭਾਗ ਦੇ ਮਾਹਰਾਂ ਵਲੋਂ ਲਾਈ ਜਾਵੇਗੀ ਅਤੇ ਕੀਮਤ ਲਾਏ ਜਾਣ ਤੋਂ ਬਾਅਦ ਬਣਦਾ ਟੈਕਸ ਅਤੇ ਜੁਰਮਾਨਾ ਆਦਿ ਸਬੰਧਤ ਗਹਿਣਿਆਂ ਦੇ ਮਾਲਕਾਂ ਤੋਂ ਵਸੂਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 2 ਵਿਅਕਤੀਆਂ ਤੋਂ ਗਹਿਣੇ ਬਰਾਮਦ ਕੀਤੇ ਗਏ ਹਨ ਉਹ ਪਠਾਨਕੋਟ ’ਚ ਜਿਊਲਰ ਦਾ ਕਾਰੋਬਾਰ ਕਰਦੇ ਹਨ।


Karan Kumar

Content Editor

Related News