ਮਕਸੂਦਾਂ ’ਚ ਥਾਣੇ ਨੇੜੇ ਹੋਈ ਲੱਖਾਂ ਦੀ ਲੁੱਟ ਦਾ ਮਾਮਲਾ, CCTV ਕੈਮਰੇ ਖੰਗਾਲ ਰਹੀ ਪੁਲਸ

Saturday, May 07, 2022 - 02:12 PM (IST)

ਮਕਸੂਦਾਂ ’ਚ ਥਾਣੇ ਨੇੜੇ ਹੋਈ ਲੱਖਾਂ ਦੀ ਲੁੱਟ ਦਾ ਮਾਮਲਾ, CCTV ਕੈਮਰੇ ਖੰਗਾਲ ਰਹੀ ਪੁਲਸ

ਜਲੰਧਰ (ਜ. ਬ.)–ਮਕਸੂਦਾਂ ਥਾਣੇ ਨੇੜੇ ਪੈਟਰੋਲ ਪੰਪ ਦੇ ਬਜ਼ੁਰਗ ਮੈਨੇਜਰ ਕੋਲੋਂ 3 ਲੱਖ ਰੁਪਏ ਤੋਂ ਵੀ ਵੱਧ ਰੁਪਏ ਲੁੱਟਣ ਵਾਲੇ ਲੁਟੇਰੇ ਸਬਜ਼ੀ ਮੰਡੀ ਵੱਲ ਭੱਜੇ ਸਨ। ਮੁਲਜ਼ਮਾਂ ਦਾ ਰੂਟ ਬ੍ਰੇਕ ਕਰਨ ਲਈ ਪੁਲਸ ਨੇ ਸਬਜ਼ੀ ਮੰਡੀ ਇਲਾਕੇ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਪੁਲਸ ਨੇ ਲੱਗਭਗ ਇਕ ਦਰਜਨ ਤੋਂ ਵੱਧ ਕੈਮਰਿਆਂ ਦੀ ਜਾਂਚ ਕੀਤੀ। ਮੁਲਜ਼ਮਾਂ ਦੀ ਐਕਟਿਵਾ ਵੀ ਪੁਲਸ ਕਲੀਅਰ ਕਰਵਾ ਰਹੀ ਹੈ ਤਾਂ ਕਿ ਐਕਟਿਵਾ ਦੇ ਨੰਬਰ ਤੋਂ ਮੁਲਜ਼ਮਾਂ ਤੱਕ ਪਹੁੰਚਿਆ ਜਾ ਸਕੇ। ਸੀ. ਸੀ. ਟੀ. ਵੀ. ਵਿਚ ਕੈਦ ਹੋ ਚੁੱਕੇ ਮੁਲਜ਼ਮਾਂ ਦੇ ਚਿਹਰੇ ਪੁਰਾਣੇ ਸਨੈਚਰਾਂ ਨਾਲ ਵੀ ਮਿਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਹ ਵੀ ਪਤਾ ਲਾਇਆ ਜਾ ਰਿਹਾ ਹੈ ਕਿ ਹਾਲ ਹੀ ਵਿਚ ਕਿਹੜਾ-ਕਿਹੜਾ ਸਨੈਚਰ ਜ਼ਮਾਨਤ ’ਤੇ ਰਿਹਾਅ ਹੋ ਕੇ ਬਾਹਰ ਆਇਆ ਹੈ।

ਪੁਲਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੇ ਰੇਕੀ ਕਰਨ ਤੋਂ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਨੂੰ ਪਤਾ ਸੀ ਕਿ 65 ਸਾਲਾ ਪੈਟਰੋਲ ਪੰਪ ਦਾ ਮੈਨੇਜਰ ਵਿਨੋਦ ਕੁਮਾਰ ਹੀ ਬੈਂਕ ’ਚ ਪੈਸੇ ਜਮ੍ਹਾ ਕਰਵਾਉਣ ਜਾਂਦਾ ਹੈ। ਦੱਸਣਯੋਗ ਹੈ ਕਿ ਵੀਰਵਾਰ ਦੁਪਹਿਰੇ ਜਦੋਂ ਸੈਕਰਡ ਹਾਰਟ ਹਸਪਤਾਲ ਨੇੜੇ ਸਥਿਤ ਬਾਵਾ ਐਂਡ ਕੰਪਨੀ ਭਾਰਤ ਪੈਟਰੋਲ ਪੰਪ ਦਾ ਮੈਨੇਜਰ ਵਿਨੋਦ ਕੁਮਾਰ ਨਿਵਾਸੀ ਘਾਹ ਮੰਡੀ ਮਕਸੂਦਾਂ ਥਾਣੇ ਨੇੜੇ ਸਥਿਤ ਨਿੱਜੀ ਬੈਂਕ ਵਿਚ 322200 ਰੁਪਏ ਜਮ੍ਹਾ ਕਰਵਾਉਣ ਜਾ ਰਿਹਾ ਸੀ ਤਾਂ ਐਕਟਿਵਾ ਸਵਾਰ 2 ਲੁਟੇਰੇ ਉਸ ਦਾ ਪਿੱਛਾ ਕਰਦਿਆਂ ਉਥੇ ਪੁੱਜ ਗਏ। ਜਿਉਂ ਹੀ ਉਸ ਨੇ ਆਪਣੀ ਐਕਟਿਵਾ ਪਾਰਕਿੰਗ ਵਿਚ ਖੜ੍ਹੀ ਕਰ ਕੇ ਡਿੱਗੀ ’ਚੋਂ ਬੈਗ ਕੱਢਿਆ ਤਾਂ ਐਕਟਿਵਾ ਸਵਾਰ ਲੁਟੇਰੇ ਨੇ ਬੈਗ ਉਸ ਦੇ ਹੱਥਾਂ ’ਚੋਂ ਖੋਹ ਲਿਆ ਅਤੇ ਘਟਨਾ ਸਥਾਨ ਤੋਂ ਕੁਝ ਦੂਰੀ ’ਤੇ ਐਕਟਿਵਾ ’ਤੇ ਖੜ੍ਹੇ ਆਪਣੇ ਸਾਥੀ ਨਾਲ ਬੈਠ ਕੇ ਮਕਸੂਦਾਂ ਸਬਜ਼ੀ ਮੰਡੀ ਵੱਲ ਫ਼ਰਾਰ ਹੋ ਗਿਆ ਸੀ। ਵਿਨੋਦ ਕੁਮਾਰ ਨੇ ਮੁਲਜ਼ਮਾਂ ਦਾ ਪਿੱਛਾ ਵੀ ਕੀਤਾ ਪਰ ਉਹ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਮੁਲਜ਼ਮ ਬੈਂਕ ਦੇ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਏ ਸਨ। ਥਾਣਾ ਨੰਬਰ 1 ਨੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।


author

Manoj

Content Editor

Related News