ਟਰੇਨ ਅੱਗੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ 'ਚ ਦੱਸਿਆ ਹੈਰਾਨ ਕਰਦਾ ਸੱਚ

02/22/2020 11:33:56 AM

ਜਲੰਧਰ (ਗੁਲਸ਼ਨ)— ਰਾਮ ਨਗਰ ਫਾਟਕ ਕੋਲ ਇਕ ਵਿਅਕਤੀ ਨੇ ਬੀਤੇ ਦਿਨ ਆਪਣੀ ਭੈਣ ਅਤੇ ਜੀਜੇ ਤੋਂ ਪਰੇਸ਼ਾਨ ਹੋ ਕੇ ਟਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਹਰਪਾਲ ਸਿੰਘ ਬਿੱਟੂ (55) ਵਾਸੀ ਮਨਜੀਤ ਨਗਰ ਬਸਤੀ ਸ਼ੇਖ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੀ ਪਤਨੀ ਅਵਤਾਰ ਕੌਰ ਮਹਾਵੀਰ ਜੈਨ ਮਾਡਲ ਸਕੂਲ 'ਚ ਪ੍ਰਿੰਸੀਪਲ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਜੀ. ਆਰ. ਪੀ. ਦੇ ਏ. ਐੱਸ. ਆਈ. ਅਸ਼ੋਕ ਕੁਮਾਰ, ਹੈੱਡ ਕਾਂਸਟੇਬਲ ਨਰਿੰਦਰ ਪਾਲ ਹੋਰ ਪੁਲਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚੇ ਅਤੇ ਲਾਸ਼ ਨੂੰ ਕਬਜ਼ੇ 'ਚ ਲਿਆ। ਪੁਲਸ ਨੇ ਦੱਸਿਆ ਕਿ ਵਿਅਕਤੀ ਨੇ ਡਾਊਨ ਲਾਈਨ 'ਤੇ ਆ ਰਹੀ ਇਕ ਮਾਲ ਗੱਡੀ ਦੇ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕ ਦੇ ਕੋਲੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਭੈਣ ਨਮਰਤਾ ਸੈਣੀ, ਜੀਜਾ ਗੁਰਨਾਮ ਸਿੰਘ, ਉਨ੍ਹਾਂ ਦੀ ਬੇਟੀ ਕਿਰਨ, ਬੇਟਾ ਆਨੰਦ ਅਤੇ ਆਨੰਦ ਦੇ ਸਹੁਰੇ ਦਿਲਬਾਗ ਸਿੰਘ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ, ਜੋ ਉਸ ਦੀ ਮੌਤ ਲਈ ਜ਼ਿੰਮੇਵਾਰ ਹਨ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਹੈ।

ਥਾਣੇ 'ਚ ਮ੍ਰਿਤਕ ਦੀ ਪਤਨੀ ਹੋਈ ਬੇਹੋਸ਼
ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਦੀ ਪਤਨੀ ਅਵਤਾਰ ਕੌਰ (ਪ੍ਰਿੰਸੀਪਲ ਮਹਾਵੀਰ ਜੈਨ ਮਾਡਲ ਸਕੂਲ) ਅਤੇ ਹੋਰ ਰਿਸ਼ਤੇਦਾਰ ਜੀ. ਆਰ. ਪੀ. ਥਾਣੇ ਪਹੁੰਚੇ। ਇਸ ਦੌਰਾਨ ਪਤੀ ਦੇ ਖੁਦਕੁਸ਼ੀ ਕਰਨ ਬਾਰੇ ਸੁਣ ਕੇ ਉਹ ਬੇਹੋਸ਼ ਹੋ ਗਈ। ਜਿਸ ਨੂੰ ਤੁਰੰਤ ਇਕ ਡਾਕਟਰ ਕੋਲ ਲਿਜਾਣਾ ਪਿਆ। ਮ੍ਰਿਤਕ ਦੇ ਦੋ ਬੱਚੇ ਇਕ ਬੇਟਾ ਅਤੇ ਇਕ ਬੇਟੀ ਹਨ। ਦੋਵੇਂ ਵਿਆਹੇ ਹੋਏ ਹਨ ਅਤੇ ਵਿਦੇਸ਼ 'ਚ ਸੈੱਟਲ ਹਨ।

PunjabKesari

ਧਾਰਾ 306 ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਕੀਤਾ ਦਰਜ : ਐੱਸ. ਐੱਚ. ਓ.
ਦੇਰ ਸ਼ਾਮ ਜੀ. ਆਰ. ਪੀ. ਦੇ ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮ੍ਰਿਤਕ ਹਰਪਾਲ ਸਿੰਘ ਵੱਲੋਂ ਸੁਸਾਈਡ ਨੋਟ 'ਚ ਆਪਣੀ ਸਕੀ ਭੈਣ ਨਮਰਤਾ ਸੈਣੀ ਅਤੇ ਜੀਜਾ ਗੁਰਨਾਮ ਸਿੰਘ ਸਣੇ 5 ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਮ੍ਰਿਤਕ ਦੀ ਪਤਨੀ ਅਵਤਾਰ ਕੌਰ ਦੇ ਬਿਆਨਾਂ 'ਤੇ ਇਨ੍ਹਾਂ ਸਾਰਿਆਂ ਖਿਲਾਫ ਧਾਰਾ 306 ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਸੂਚਨਾ ਮੁਤਾਬਕ ਨਮਰਤਾ ਸੈਣੀ ਕੈਨੇਡਾ 'ਚ ਰਹਿੰਦੀ ਹੈ ਅਤੇ ਉਹ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਆਈ ਹੋਈ ਸੀ ਅਤੇ ਉਹ ਘਟਨਾ ਤੋਂ ਬਾਅਦ ਹੀ ਉਹ ਗਾਇਬ ਹੋ ਗਈ। ਪੁਲਸ ਨੇ ਕਿਹਾ ਕਿ ਫਿਲਹਾਲ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਪ੍ਰਾਪਰਟੀ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ

ਮ੍ਰਿਤਕ ਦੀ ਪਤਨੀ ਅਵਤਾਰ ਕੌਰ ਨੇ ਦੱਸਿਆ ਕਿ ਮਨਜੀਤ ਨਗਰ 'ਚ ਉਨ੍ਹਾਂ ਦਾ 22 ਮਰਲੇ ਦਾ ਘਰ ਹੈ। ਇਸ ਤੋਂ ਇਲਾਵਾ ਭੋਗਪੁਰ ਕੋਲ ਵੀ ਉਨ੍ਹਾਂ ਦੀ ਕੁਝ ਜ਼ਮੀਨ ਹੈ ਜੋ ਕਿ ਉਨ੍ਹਾਂ ਦੇ ਸਹੁਰੇ ਨੇ ਆਪਣੇ ਦੋਵਾਂ ਬੇਟਿਆਂ ਹਰਪਾਲ ਸਿੰਘ ਅਤੇ ਪਰਮਜੀਤ ਸਿੰਘ ਨੂੰ ਦਿੱਤੀ ਸੀ ਪਰ ਇਸ ਤੋਂ ਬਾਅਦ ਕਾਫੀ ਸਮੇਂ ਤੋਂ ਕੈਨੇਡਾ ਵਿਚ ਰਹਿ ਰਹੀ ਉਸਦੀ ਨਨਾਣ ਨਮਰਤਾ ਸੈਣੀ ਨੇ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਕਰਨਾ ਸ਼ੁਰੂ ਕਰ ਦਿੱਤਾ। ਕੁਝ ਮਹੀਨੇ ਪਹਿਲਾਂ ਨਮਰਤਾ ਨੇ ਦੋਵਾਂ ਭਰਾਵਾਂ ਖਿਲਾਫ ਥਾਣਾ ਨੰਬਰ 5 'ਚ ਕੇਸ ਦਰਜ ਕਰਵਾਇਆ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦੇ ਸਨ। ਅਵਤਾਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਹਰਪਾਲ ਸਿੰਘ ਨੇ ਕਈ ਵਾਰ ਆਪਣੀ ਭੈਣ ਨੂੰ ਕੇਸ ਵਾਪਸ ਲੈਣ ਲਈ ਕਿਹਾ ਪਰ ਉਹ ਨਹੀਂ ਮੰਨੀ ਅਤੇ ਵਾਰ-ਵਾਰ ਉਨ੍ਹਾਂ ਨੂੰ ਤੰਗ ਕੀਤਾ ਜਾਂਦਾ ਹੈ, ਜਿਸ ਤੋਂ ਪ੍ਰੇਸ਼ਾਨ ਹੋ ਕੇ ਅੱਜ ਉਨ੍ਹਾਂ ਖੁਦਕੁਸ਼ੀ ਕਰ ਲਈ।

ਮਹਾਵੀਰ ਜੈਨ ਮਾਡਲ ਸਕੂਲ 'ਚ ਅੱਜ ਛੁੱਟੀ ਦਾ ਐਲਾਨ
ਐੱਸ. ਐੱਸ. ਜੈਨ ਸਭਾ ਦੇ ਉਪਰਾਲੇ ਨਾਲ ਚੱਲ ਰਹੇ ਮਹਾਵੀਰ ਜੈਨ ਮਾਡਲ ਸਕੂਲ ਦੀ ਪ੍ਰਿੰਸੀਪਲ ਅਵਤਾਰ ਕੌਰ ਦੇ ਪਤੀ ਦੀ ਮੌਤ ਤੋਂ ਬਾਅਦ ਐੱਸ. ਐੱਸ. ਜੈਨ ਸਭਾ ਐਜੂਕੇਸ਼ਨ ਸੋਸਾਇਟੀ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ ਹੈ। ਇਸ ਦੌਰਾਨ ਸੋਸਾਇਟੀ ਦੇ ਚੇਅਰਮੈਨ ਰਾਜੇਸ਼ ਜੈਨ ਨੇ 22 ਫਰਵਰੀ ਨੂੰ ਸਕੂਲ 'ਚ ਛੁੱਟੀ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪੁਲਸ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦੇਵੇਗੀ।


shivani attri

Content Editor

Related News